ਪ੍ਰਸ਼ਾਸਨ ਨੇ ਜ਼ਮੀਨ ਐਕਵਾਇਰ ਕਰਨ ਲਈ ਪਹਿਲਾਂ ਹੀ ਜਾਰੀ ਕੀਤੇ 33.63 ਕਰੋੜ ਰੁਪਏ : ਡਿਪਟੀ ਕਮਿਸ਼ਨਰ

02/26/2022 12:12:37 PM

ਜਲੰਧਰ (ਚੋਪੜਾ) : ਜਲੰਧਰ-ਹੁਸ਼ਿਆਰਪੁਰ ਨੈਸ਼ਨਲ ਹਾਈਵੇ-70 ਦੇ ਉਸਾਰੀ ਅਧੀਨ ਫੋਰ-ਲੇਨ ਤਹਿਤ ਸਾਲਾਂ ਤੋਂ ਲਟਕੇ ਆਦਮਪੁਰ ਫਲਾਈਓਵਰ ਨੂੰ ਮੁਕੰਮਲ ਕਰਨ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ 650 ਮੀਟਰ ਜ਼ਮੀਨ ਦੇ ਹਿੱਸੇ ਵਿਚ ਪੈਂਦੀਆਂ 121 ਐਕਵਾਇਰ ਉਸਾਰੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਾਮ ਥੋਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫੋਰ-ਲੇਨ ਪ੍ਰਾਜੈਕਟ ਤਹਿਤ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਵੱਲੋਂ ਜ਼ਮੀਨ ਦਾ ਇਹ 650 ਮੀਟਰ ਦਾ ਹਿੱਸਾ ਐਕਵਾਇਰ ਕੀਤਾ ਗਿਆ ਹੈ, ਜਿਥੇ ਫਲਾਈਓਵਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਜ਼ਮੀਨ ਨੂੰ ਐਕਵਾਇਰ ਕਰਨ ਦੀ ਪ੍ਰਕਿਰਿਆ ਤਹਿਤ ਪ੍ਰਸ਼ਾਸਨ ਵੱਲੋਂ 33.63 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਪਰ ਕੁਝ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਵੱਲੋਂ ਆਪਣੇ ਕਬਜ਼ਿਆਂ ਨੂੰ ਛੱਡਿਆ ਨਹੀਂ ਜਾ ਰਿਹਾ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਤਪਾ ਮੰਡੀ ਦੇ 2 ਨੌਜਵਾਨ, ਪੰਜ ਵਰ੍ਹੇ ਪਹਿਲਾਂ ਗਏ ਸਨ ਡਾਕਟਰੀ ਦੀ ਪੜ੍ਹਾਈ ਕਰਨ

ਘਨਸ਼ਾਮ ਥੋਰੀ ਨੇ ਦੱਸਿਆ ਕਿ ਇਸ ਸਬੰਧੀ ਕੰਪੀਟੈਂਟ ਅਥਾਰਿਟੀ ਆਫ ਲੈਂਡ ਐਕਿਊਜ਼ੀਸ਼ਨ ਵੱਲੋਂ 15 ਅਕਤੂਬਰ 2021 ਨੂੰ ਅਖਬਾਰਾਂ ਵਿਚ ਜਨਤਕ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿਚ ਜ਼ਮੀਨ ਮਾਲਕਾਂ ਨੂੰ 60 ਦਿਨਾਂ ਅੰਦਰ ਐਕਵਾਇਰ ਕੀਤੀ ਜ਼ਮੀਨ ਨੂੰ ਖਾਲੀ ਕਰਨ ਲਈ ਕਿਹਾ ਗਿਆ ਸੀ। ਇਸੇ ਤਰ੍ਹਾਂ ਸਬੰਧਤ ਇਲਾਕਿਆਂ ਵਿਚ ਕਈ ਅਨਾਊਂਸਮੈਂਟ ਵੀ ਕਰਵਾਈਆਂ ਗਈਆਂ ਸਨ ਪਰ ਕਬਜ਼ਾਧਾਰਕਾਂ ਵੱਲੋਂ ਜ਼ਮੀਨ ਨੂੰ ਖਾਲੀ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ 121 ਉਸਾਰੀਆਂ ਨੂੰ ਡੇਗਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਅਜਿਹੀਆਂ 41 ਉਸਾਰੀਆਂ ਹਟਾ ਦਿੱਤੀਆਂ ਗਈਆਂ ਹਨ, ਜਦੋਂ ਕਿ ਹੋਰਨਾਂ ਖ਼ਿਲਾਫ਼ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸਾਰੀਆਂ ਨੂੰ ਹਟਾਉਣ ਤੋਂ ਬਾਅਦ ਜ਼ਮੀਨ ਐੱਨ. ਐੱਚ. ਏ. ਆਈ. ਨੂੰ ਸੌਂਪ ਦਿੱਤੀ ਜਾਵੇਗੀ। ਇਸ ਪ੍ਰਾਜੈਕਟ ਦੇ ਸਮੇਂ ’ਤੇ ਪੂਰਾ ਹੋਣ ਨਾਲ ਨਾ ਸਿਰਫ ਜਲੰਧਰ, ਸਗੋਂ ਹਿਮਾਚਲ ਪ੍ਰਦੇਸ਼ ਅਤੇ ਨਾਲ ਲੱਗਦੇ ਦੂਜੇ ਸੂਬਿਆਂ ਦੇ ਯਾਤਰੀਆਂ ਨੂੰ ਭਾਰੀ ਰਾਹਤ ਮਿਲੇਗੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News