ਡਰੱਗ ਨੈੱਟਵਰਕ ਦਾ ਪਰਦਾਫਾਸ਼, ਦਿੱਲੀ ਤੋਂ ਲਿਆਂਦੀ 1 ਕਿਲੋ ਹੈਰੋਇਨ ਸਣੇ ਮੁਲਜ਼ਮ ਗ੍ਰਿਫ਼ਤਾਰ

09/09/2022 12:45:36 PM

ਕਪੂਰਥਲਾ/ਸੁਲਤਾਨਪੁਰ ਲੋਧੀ (ਭੂਸ਼ਣ, ਮਹਾਜਨ, ਸੋਢੀ, ਧੀਰ, ਜੋਸ਼ੀ)-ਜ਼ਿਲ੍ਹਾ ਪੁਲਸ ਨੇ ਇਕ ਵੱਡੇ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਦਿੱਲੀ ਤੋਂ ਲਿਆਂਦੀ ਗਈ 1 ਕਿਲੋ ਹੈਰੋਇਨ ਅਤੇ ਟਰੈਕਟਰ ਸਮੇਤ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਖ਼ਿਲਾਫ਼ ਥਾਣਾ ਸੁਲਤਾਨਪੁਰ ਲੋਧੀ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਚਲਾਈ ਗਈ ਵੱਡੀ ਮੁਹਿੰਮ ਦੇ ਤਹਿਤ ਐੱਸ. ਪੀ. (ਡੀ.) ਕਪੂਰਥਲਾ ਹਰਵਿੰਦਰ ਸਿੰਘ ਅਤੇ ਡੀ. ਐੱਸ. ਪੀ. (ਡੀ.) ਬਰਜਿੰਦਰ ਸਿੰਘ ਦੀ ਨਿਗਰਾਨੀ ’ਚ ਐੱਸ. ਐੱਚ. ਓ. ਸੁਲਤਾਨਪੁਰ ਲੋਧੀ ਜਸਪਾਲ ਸਿੰਘ ਨੇ ਪੁਲਸ ਟੀਮ ਦੇ ਨਾਲ ਰੇਲਵੇ ਫਾਟਕ ਡਡਵਿੰਡੀ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ।

ਇਸ ਦੌਰਾਨ ਪਿੰਡ ਮੋਠਾਂਵਾਲ ਵੱਲੋਂ ਆ ਰਹੇ ਇਕ ਸਕੂਟਰੀ ਸਵਾਰ ਨੌਜਵਾਨ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਸਕੂਟਰੀ ਤੋਂ ਡਿੱਗ ਗਿਆ। ਮੁਲਜ਼ਮ ਤੋਂ ਮਿਲੇ ਲਿਫ਼ਾਫ਼ੇ ’ਚੋਂ 540 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ। ਜਦੋਂ ਮੁਲਜ਼ਮ ਤੋਂ ਉਸ ਦਾ ਨਾਮ ਅਤੇ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਸੇਵਾ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ ਦੱਸਿਆ, ਜਿਸ ਦੇ ਆਧਾਰ ’ਤੇ ਮੁਲਜ਼ਮ ਸੇਵਾ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਰਿਮਾਂਡ ਹਾਸਲ ਕਰ ਕੇ ਮੁਲਜ਼ਮ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਦੀ ਨਿਸ਼ਾਨਦੇਹੀ ’ਤੇ ਪਿੰਡ ਲਾਟੀਆਂਵਾਲ ’ਚ ਇਕ ਹਵੇਲੀ ਦੇ ਅੰਦਰ ਖੜ੍ਹੇ ਟਰੈਕਟਰ ਦੇ ਸਪੀਰਕ ’ਚ ਲਿਫ਼ਾਫ਼ੇ ’ਚ ਲਪੇਟ ਕੇ ਰੱਖੀ ਗਈ 1 ਕਿਲੋ ਹੈਰੋਇਨ ਤੇ ਇਕ ਇਲੈਕਟ੍ਰੋਨਿਕ ਕੰਡਾ ਬਰਾਮਦ ਹੋਇਆ।

ਇਹ ਵੀ ਪੜ੍ਹੋ: ਜਲੰਧਰ ’ਚ ‘ਬਾਬਾ ਸੋਢਲ’ ਮੇਲੇ ਦੀਆਂ ਰੌਣਕਾਂ, ਵੱਡੀ ਗਿਣਤੀ ’ਚ ਨਤਮਸਤਕ ਹੋਣ ਪੁੱਜ ਰਹੇ ਸ਼ਰਧਾਲੂ

ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਕਈ ਮਾਮਲੇ
ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਡਰੱਗ ਬਰਾਮਦਗੀ ਦੇ ਕਈ ਮਾਮਲੇ ਦਰਜ ਹਨ। ਪੁਲਸ ਵੱਲੋਂ ਕੀਤੀ ਪੁੱਛ-ਗਿੱਛ ਦੌਰਾਨ ਗ੍ਰਿਫ਼ਤਾਰ ਮੁਲਜ਼ਮ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਹੈਰੋਇਨ ਸਮੱਗਲਿੰਗ ਦਾ ਕੰਮ ਕਰਦਾ ਹੈ ਅਤੇ ਉਹ ਦਿੱਲੀ ਤੋਂ ਹੈਰੋਇਨ ਲਿਆ ਕੇ ਵੇਚਦਾ ਹੈ ਅਤੇ ਹੈਰੋਇਨ ਲਿਆਉਣ ਦੇ ਉਪਰੰਤ ਇਸ ਨੂੰ ਵੱਖ-ਵੱਖ ਨਸ਼ਾ ਸਮੱਗਲਰਾਂ ਨੂੰ ਵੇਚਦਾ ਸੀ। ਮੁਲਜ਼ਮ ਕੋਲੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਤੋਂ ਬਾਅਦ ਕਈ ਸਨਸਨੀਖੇਜ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਮੁਲਜ਼ਮ ਨਾਲ ਜੁੜੇ ਹੋਰ ਵੀ ਅੰਤਰਰਾਜ਼ੀ ਸਮੱਗਲਰਾਂ ਦੇ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਜ਼ਿਲ੍ਹਾ ਪੁਲਸ ਨੇ ਡਰੱਗ ਵਿਰੋਧੀ ਮੁਹਿੰਮ ਦੌਰਾਨ 200 ਸਮੱਗਲਰਾਂ ਨੂੰ ਕੀਤਾ ਗ੍ਰਿਫ਼ਤਾਰ
ਐੱਸ. ਐੱਸ. ਪੀ. ਨੇ ਕਿਹਾ ਕਿ ਕਪੂਰਥਲਾ ਪੁਲਸ ਨੇ ਜੁਲਾਈ ਮਹੀਨੇ ਦੌਰਾਨ ਜ਼ਿਲ੍ਹਾ ਭਰ ’ਚ ਛੇੜੀ ਗਈ ਡਰੱਗ ਵਿਰੋਧੀ ਮੁਹਿੰਮ ਦੌਰਾਨ 200 ਡਰੱਗ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ 172 ਮਾਮਲੇ ਦਰਜ ਕੀਤੇ ਹਨ, ਜਿਸ ਤਹਿਤ 4 ਕਿਲੋ 854 ਗ੍ਰਾਮ ਹੈਰੋਇਨ, 3 ਕਿਲੋ 100 ਗ੍ਰਾਮ ਅਫ਼ੀਮ, 38 ਕਿਲੋ 250 ਗ੍ਰਾਮ ਚੂਰਾ-ਪੋਸਤ, 1.50 ਗ੍ਰਾਮ ਆਈਸ, 38001 ਨਸ਼ੀਲੀਆਂ ਗੋਲੀਆਂ, 18 ਲੱਖ 71 ਹਜ਼ਾਰ ਰੁਪਏ ਦੀ ਡਰੱਗ ਮਨੀ, 13 ਨਾਜਾਇਜ਼ ਪਿਸਤੌਲ ਅਤੇ 51 ਜ਼ਿੰਦਾ ਰਾਉਂਡ, 4 ਐਕਟਿਵਾ, 19 ਮੋਟਰਸਾਇਕਲ, 6 ਗੱਡੀਆਂ, 147 ਗ੍ਰਾਮ ਸੋਨੇ ਦੇ ਗਹਿਣੇ ਅਤੇ 237 ਗ੍ਰਾਮ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ: ਮੂੰਹੋਂ ਮੰਗੀਆਂ ਮੁਰਾਦਾਂ ਪੂਰੀਆਂ ਕਰਦੇ ਨੇ 'ਬਾਬਾ ਸੋਢਲ' ਜੀ, ਜਾਣੋ 200 ਸਾਲ ਪੁਰਾਣਾ ਇਤਿਹਾਸ

ਨਸ਼ਾ ਵੇਚਣ ਵਾਲੇ ਦੀ 95929-14519 ’ਤੇ ਦਿਓ ਸੂਚਨਾ
ਐੱਸ. ਐੱਸ. ਪੀ. ਨੇ ਦੱਸਿਆ ਕਿ ਕਪੂਰਥਲਾ ਪੁਲਸ ਵੱਲੋਂ ਨਸ਼ਾ ਮਾਫ਼ੀਆ ਖ਼ਿਲਾਫ਼ ਚੱਲ ਰਹੀ ਮੁਹਿੰਮ ’ਚ ਆਮ ਜਨਤਾ ਦਾ ਸਹਿਯੋਗ ਬੇਹੱਦ ਅਹਿਮ ਹੈ। ਜਨਤਾ ਵੱਲੋਂ ਦਿੱਤੀਆਂ ਗਈਆਂ ਸੂਚਨਾਵਾਂ ਦੀ ਬਦੌਲਤ ਹੀ ਵੱਡੇ ਡਰੱਗ ਨੈੱਟਵਰਕ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਆਉਣ ਵਾਲੇ ਦਿਨਾਂ ’ਚ ਡਰੱਗ ਸਮੱਗਲਰਾਂ, ਗੈਂਗਸਟਰਾਂ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਆਮ ਜਨਤਾ ਤੋਂ ਅਪੀਲ ਕੀਤੀ ਕਿ ਜੇਕਰ ਕਿਸੇ ਦੇ ਕੋਲ ਵੀ ਡਰੱਗ ਸਮੱਗਲਰਾਂ ਸਬੰਧੀ ਸੂਚਨਾ ਹੈ ਤਾਂ ਮੋਬਾਇਲ ਨੰਬਰ 95929-14519 ’ਤੇ ਸੰਪਰਕ ਕਰ ਸਕਦਾ ਹੈ। ਸੂਚਨਾ ਦੇਣ ਵਾਲੇ ਦਾ ਸਮਾਂ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਜਨਤਾ ਦਾ ਸਹਿਯੋਗ ਹੀ ਪੁਲਸ ਦੀ ਤਾਕਤ ਹੈ।

ਇਹ ਵੀ ਪੜ੍ਹੋ: ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦਾ ਆਗਾਜ਼, ਦੋਆਬਾ ਚੌਂਕ ਸਣੇ ਇਹ 11 ਰਸਤੇ ਕੀਤੇ ਗਏ ਡਾਇਵਰਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News