ਹਾਦਸੇ ’ਚ 1 ਦੀ ਮੌਤ

Monday, Sep 10, 2018 - 01:59 AM (IST)

 ਹੁਸ਼ਿਆਰਪੁਰ,   (ਅਮਰਿੰਦਰ)-  ਹੁਸ਼ਿਆਰਪੁਰ-ਟਾਂਡਾ ਮੁੱਖ ਸਡ਼ਕ ’ਤੇ ਲਾਚੋਵਾਲ ਟੋਲ ਪਲਾਜਾ ਨਜ਼ਦੀਕ ਬੀਤੇ ਦੇਰ ਰਾਤ 11.30 ਵਜੇ ਦੇ ਕਰੀਬ ਭਿਆਨਕ ਸਡ਼ਕ ਹਾਦਸੇ ’ਚ ਬੰਸੀ ਨਗਰ ਦੇ ਰਹਿਣ ਵਾਲੇ 26 ਸਾਲਾ ਜਤਿੰਦਰ ਕਲਿਆਣ ਉਰਫ਼ ਰਾਹੁਲ ਪੁੱਤਰ ਜਨਕ ਰਾਜ ਦੀ ਮੌਤ ਹੋ ਗਈ ਉੱਥੇ ਕਾਰ ਚਲਾ ਰਿਹਾ ਉਸ ਦਾ ਸਾਥੀ ਜਸਪ੍ਰੀਤ ਸਿੰਘ ਵਾਸੀ ਕ੍ਰਿਸ਼ਨਾ ਨਗਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਹਾਦਸੇ ’ਚ ਕਾਰ ਉਛਲ ਕੇ ਸਡ਼ਕ ਦੇ ਕਿਨਾਰੇ ਪਲਟ ਹਾਦਸਾ ਗ੍ਰਸਤ ਹੋ ਗਈ। ਰਾਹਗੀਰਾਂ ਨੇ ਬਡ਼ੀ ਮੁਸ਼ਕਿਲ ਨਾਲ ਕਾਰ ’ਚ ਫਸੇ ਦੋਨਾਂ ਹੀ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਜਿੱਥੇ ਡਾਕਟਰਾਂ ਨੇ ਜਤਿੰਦਰ ਉਰਫ਼ ਰਾਹੁਲ ਨੂੰ ਮ੍ਰਿਤਕ  ਐਲਾਣ ਕਰ ਦਿੱਤਾ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਦੋਨੋਂ ਹੀ ਨੌਜਵਾਨ ਟਾਂਡਾ ’ਚ ਆਪਣੇ ਕਿਸੇ ਦੋਸਤ ਦੇ ਘਰ ਸਮਾਗਮ ’ਚੋਂ ਹੋ ਵਾਪਸ ਆ ਰਹੇ ਸੀ। ਆਸ-ਪਾਸ ਦੇ ਲੋਕਾਂ ਅਨੁਸਾਰ ਲਾਚੋਵਾਲ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਕਾਰ ਦੇ ਪਰਚਖੇ ਉਡ ਗਏ।
ਢੇਡ ਸਾਲ ਪਹਿਲਾਂ ਹੋਇਆ ਸੀ ਰਾਹੁਲ ਦਾ ਵਿਆਹ :  ਬੰਸੀ ਨਗਰ ਸਥਿਤ ਮ੍ਰਿਤਕ ਰਾਹੁਲ ਦੇ ਘਰ ’ਤੇ ਪਰਿਵਾਰ ਨੇ ਰੋਦੇ ਹੋਏ ਦੱਸਿਆ ਕਿ ਸਾਨੂੰ ਦੇਰ ਰਾਤ 12.15 ਵਜੇ ਦੇ ਕਰੀਬ  ਖ਼ਬਰ ਮਿਲੀ ਕਿ ਰਾਹੁਲ ਜ਼ਖਮੀ ਹੋ ਗਿਆ ਹੈ। ਜਦ ਹਸਪਤਾਲ ਪਹੁੰਚੇ ਤਾਂ ਦੇਖਿਆ ਸਾਨੂੰ ਉਹ ਸਦਾ ਲਈ ਛੱਡ ਗਿਆ ਹੈ। ਨਗਰ ਨਿਗਮ ’ਚ ਸੈਨੇਟਰੀ ਇੰਸਪੈਕਟਰ ਵਜੋਂ ਤਾਇਨਾਤ ਰਾਹੁਲ ਦੇ ਪਿਤਾ ਜਨਕ ਰਾਜ ਨੇ ਦੱਸਿਆ ਕਿ ਰਾਹੁਲ ਦਾ ਵਿਆਹ ਢੇਡ ਸਾਲ ਪਹਿਲਾਂ ਪ੍ਰਿਆ ਦੇ ਨਾਲ ਹੋਇਆ ਸੀ ਤੇ ਘਰ ’ਚ ਉਸ ਦਾ 5 ਮਹੀਨੇ ਦਾ ਬੇਟਾ ਹੈ।
ਅਣਪਛਾਤੇ ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ :  ਸਿਵਲ ਹਸਪਤਾਲ ’ਚ ਬੰਸੀ ਨਗਰ ਦੇ ਰਹਿਣ ਵਾਲੇ ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਰਮਨ ਸ਼ਰਮਾ ਤੇ ਮ੍ਰਿਤਕ ਦੇ ਪਰਿਵਾਰ ਦੀ ਹਾਜ਼ਰੀ ’ਚ ਥਾਣਾ ਬੱਲੋਵਾਲ ’ਚ  ਤਾਇਨਾਤ ਏ.ਐੱਸ.ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਰਾਤ ਨੂੰ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚ ਗਈ ਸੀ। ਹਾਦਸੇ ਦੇ ਸਮੇਂ ਕਾਰ ਜਸਪ੍ਰੀਤ ਸਿੰਘ ਚਲਾ ਰਿਹਾ ਸੀ। ਪਰਿਵਾਰ ਦੇ ਬਿਆਨਾਂ ’ਤੇ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।


Related News