ਕਾਂਗਰਸੀ ਕੌਂਸਲਰਾਂ ਵੱਲੋਂ ਮੇਅਰ ਨੂੰ ਲਿਖਤੀ ਸ਼ਿਕਾਇਤ, ਦਫਤਰ ’ਚ ਬੈਠਦੇ ਹੀ ਨਹੀਂ ਨਿਗਮ ਕਮਿਸ਼ਨਰ ਤੇ ਦੋਵੇਂ ਜੁਆਇੰਟ ਕਮਿਸ਼ਨਰ

09/23/2022 6:32:44 PM

ਜਲੰਧਰ (ਖੁਰਾਣਾ)–ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਹੜੇ ਕਾਂਗਰਸੀ ਕੌਂਸਲਰਾਂ ਦੀ ਜਲੰਧਰ ਨਿਗਮ ਵਿਚ ਤੂਤੀ ਬੋਲਦੀ ਹੁੰਦੀ ਸੀ, ਹੁਣ ਉਨ੍ਹਾਂ ਨੂੰ ਜਲੰਧਰ ਨਿਗਮ ਦੇ ਕੰਮਕਾਜ ’ਚ ਅਣਗਿਣਤ ਕਮੀਆਂ ਨਜ਼ਰ ਆਉਣ ਲੱਗੀਆਂ ਹਨ। ਪਿਛਲੇ ਸਮੇਂ ਦੌਰਾਨ ਫਰੰਟ ਫੁੱਟ ’ਤੇ ਰਹੇ ਕਾਂਗਰਸੀ ਕੌਂਸਲਰ ਮਨਮੋਹਨ ਸਿੰਘ ਰਾਜੂ, ਪਵਨ ਕੁਮਾਰ, ਬੰਟੀ ਨੀਲਕੰਠ, ਤਰਸੇਮ ਲਖੋਤਰਾ, ਪ੍ਰਭਦਿਆਲ, ਅਵਤਾਰ ਸਿੰਘ ਅਤੇ ਜਗਜੀਤ ਸਿੰਘ ਜੀਤਾ ਨੇ ਅੱਜ ਮੇਅਰ ਜਗਦੀਸ਼ ਰਾਜਾ ਨੂੰ ਲਿਖਤੀ ਸ਼ਿਕਾਇਤ ਦਿੱਤੀ, ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਅਤੇ ਦੋਵੇਂ ਜੁਆਇੰਟ ਕਮਿਸ਼ਨਰ ਮੈਡਮ ਸ਼ਿਖਾ ਭਗਤ ਅਤੇ ਗੁਰਵਿੰਦਰ ਕੌਰ ਰੰਧਾਵਾ ਅਕਸਰ ਆਪਣੇ ਦਫਤਰ ਵਿਚ ਬੈਠਦੇ ਹੀ ਨਹੀਂ, ਜਿਸ ਕਾਰਨ ਲੋਕਾਂ ਅਤੇ ਜਨ-ਪ੍ਰਤੀਨਿਧੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਕਾਂਗਰਸੀ ਕੌਂਸਲਰਾਂ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਇਕ ਵਫਦ ਵੱਖ-ਵੱਖ ਮੁੱਦਿਆਂ ’ਤੇ ਕਮਿਸ਼ਨਰ ਨੂੰ ਮਿਲਣਾ ਚਾਹੁੰਦਾ ਸੀ ਪਰ ਉਹ ਸ਼ਹਿਰ ਵਿਚ ਹੀ ਨਹੀਂ ਸਨ। ਜਦੋਂ ਜੁਆਇੰਟ ਕਮਿਸ਼ਨਰ ਦੇ ਦਫਤਰ ਵਿਚ ਗਏ ਤਾਂ ਉਥੇ ਦੋਵੇਂ ਅਧਿਕਾਰੀ ਹੀ ਸੀਟਾਂ ਤੋਂ ਗਾਇਬ ਸਨ। ਕੰਮਕਾਜ ਵਾਲੇ ਦਿਨ ਵੀ ਨਗਰ ਨਿਗਮ ਵਿਚ ਛੁੱਟੀ ਵਰਗਾ ਮਾਹੌਲ ਸੀ। ਉਕਤ ਕਾਂਗਰਸੀ ਕੌਂਸਲਰਾਂ ਨੇ ਸਾਫ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਜਲੰਧਰ ਨਿਗਮ ਵਿਚ ਜੰਗਲਰਾਜ ਹੋ ਗਿਆ ਹੈ ਤੇ ਸ਼ਹਿਰ ਦੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ।

 ਕਮਿਸ਼ਨਰ ਵੱਲੋਂ ਕੋਈ ਫਾਈਲ ਸਾਈਨ ਨਾ ਕਰਨ ਦਾ ਵੀ ਮੁੱਦਾ ਉੱਠਿਆ

ਇਨ੍ਹਾਂ ਕਾਂਗਰਸੀ ਕੌਂਸਲਰਾਂ ਨੇ ਮੇਅਰ ਨੂੰ ਇਹ ਵੀ ਸ਼ਿਕਾਇਤ ਲਾਈ ਕਿ ਕਮਿਸ਼ਨਰ ਦਵਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਵਿਕਾਸ ਕਾਰਜਾਂ ਜਾਂ ਹੋਰ ਕੰਮਾਂ ਨਾਲ ਸਬੰਧਤ ਕੋਈ ਵੀ ਫਾਈਲ ਸਾਈਨ ਨਹੀਂ ਕਰ ਰਹੇ, ਜਿਸ ਕਾਰਨ ਅੱਜ ਸ਼ਹਿਰ ਵਿਚ ਸੀਵਰੇਜ, ਕੂੜੇ, ਗੰਦੇ ਪਾਣੀ ਅਤੇ ਟੁੱੱਟੀਆਂ ਸੜਕਾਂ ਨਾਲ ਸਬੰਧਤ ਸਮੱਸਿਆਵਾਂ ਵਿਚ ਕਾਫੀ ਵਾਧਾ ਹੋ ਗਿਆ ਹੈ। ਸ਼ਹਿਰ ਦੀਆਂ ਅੱਧੀਆਂ ਤੋਂ ਵੱਧ ਸਟਰੀਟ ਲਾਈਟਾਂ ਬੰਦ ਪਈਆਂ ਹਨ। ਉਨ੍ਹਾਂ ਕਿਹਾ ਕਿ ਉਹ ਇਹ ਮੁੱਦਾ ਮੁੱਖ ਮੰਤਰੀ ਭਗਵੰਤ ਮਾਨ ਜਾਂ ਲੋਕਲ ਬਾਡੀਜ਼ ਮੰਤਰੀ ਡਾ. ਨਿੱਝਰ ਸਾਹਮਣੇ ਵੀ ਉਠਾ ਸਕਦੇ ਹਨ। ਇਸ ਦੌਰਾਨ ਮੇਅਰ ਨੇ ਕਾਂਗਰਸੀ ਕੌਂਸਲਰਾਂ ਨੂੰ ਭਰੋਸਾ ਦਿੱਤਾ ਕਿ ਉਹ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਅਧਿਕਾਰੀਆਂ ਨੂੰ ਹਰ ਸੰਭਵ ਸਹਿਯੋਗ ਦੇਣ ਨੂੰ ਤਿਆਰ ਹਨ।
 

 


Manoj

Content Editor

Related News