ਸ੍ਰੀ ਅਨੰਦਪੁਰ ਸਾਹਿਬ ਦੇ ਨੇਡ਼ਲੇ ਜੰਗਲਾਂ ’ਚ ਲੱਗੀ ਭਿਆਨਕ ਅੱਗ

06/17/2019 5:44:59 AM

ਸ੍ਰੀ ਅਨੰਦਪੁਰ ਸਾਹਿਬ, (ਦਲਜੀਤ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਬਰੋਟੂ, ਥੱਪਲ ਅਤੇ ਝਿੰਜਡ਼ੀ ਦੇ ਨਾਲ ਲੱਗਦੇ ਜੰਗਲ ਨੂੰ ਬੀਤੀ ਸ਼ਾਮ ਤੋਂ ਲੱਗੀ ਭਿਆਨਕ ਅੱਗ ਕਾਰਣ ਲੱਖਾਂ ਰੁਪਏ ਦੀ ਕੀਮਤ ਦੇ ਬੂਟੇ ਸਡ਼ ਕੇ ਸੁਆਹ ਹੋ ਗਏ। ਜਾਣਕਾਰੀ ਮੁਤਾਬਕ ਇਸ ਅੱਗ ਕਾਰਣ ਜਿੱਥੇ ਤਕਰੀਬਨ 300 ਏਕਡ਼ ਜੰਗਲ ਸੜ ਕੇ ਸੁਆਹ ਹੋ ਗਿਆ, ਉੱਥੇ ਹੀ ਲੱਖਾਂ ਦੀ ਵਣ ਸੰਪਤੀ, ਜੀਵ ਜੰਤੂ ਅਤੇ ਜੰਗਲੀ ਜਾਨਵਰ ਵੀ ਸੜ ਗਏ। ਖੁਸ਼ਕਿਸਮਤੀ ਰਹੀ ਕਿ ਅੱਗ ਰਿਹਾਇਸ਼ੀ ਇਲਾਕਿਆਂ ਵੱਲ ਨਹੀਂ ਪਹੁੰਚੀ। ਬੀਤੇ ਦਿਨ ਸ਼ਨੀਵਾਰ ਨੂੰ ਜੰਗਲ ’ਚ ਲੱਗੀ ਅੱਗ ਨੇ ਹਵਾ ਦੇ ਚੱਲਣ ਕਾਰਣ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਣ ਇਸ ਅੱਗ ਦੀਆਂ ਨਿਕਲੀਆਂ ਲਪਟਾਂ ਅਤੇ ਧੂੰਆਂ ਤਕਰੀਬਨ 5-7 ਕਿਲੋਮੀਟਰ ਦੂਰ ਤੋਂ ਵੀ ਦੇਖਿਆ ਜਾ ਸਕਦਾ ਸੀ। ਅੱਗ ਦਾ ਇਹ ਭਿਆਨਕ ਰੂਪ ਦੇਖ ਕੇ ਆਸ-ਪਾਸ ਪਿੰਡਾਂ ਦੇ ਲੋਕ ਸਾਰੀ ਰਾਤ ਡਰ ਦੇ ਮਾਹੌਲ ’ਚ ਸਨ ਅਤੇ ਇਹ ਅੱਗ ਲਗਭਗ ਸਾਰੀ ਰਾਤ ਹੀ ਲੱਗੀ ਰਹੀ।

ਅੱਜ ਸਵੇਰੇ ਜਦੋਂ ਪੱਤਰਕਾਰਾਂ ਦੀ ਟੀਮ ਵਲੋਂ ਵਲੋਂ ਜੰਗਲ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਜੰਗਲ ’ਚ ਦਰੱਖਤ, ਝਾਡ਼ੀਆਂ ਅਤੇ ਜੰਗਲ ’ਚ ਰਹਿਣ ਵਾਲੇ ਵੱਡੀ ਗਿਣਤੀ ’ਚ ਜੀਵ ਜੰਤੂ ਆਦਿ ਬੁਰੀ ਤਰ੍ਹਾਂ ਸਡ਼ ਚੁੱਕੇ ਸਨ ਅਤੇ ਕਈ ਜਲੇ ਹੋਏ ਜਾਨਵਰਾਂ ਦੀਆਂ ਹੱਡੀਆਂ ਵੀ ਦੇਖੀਆਂ ਗਈਆਂ। ਪਿੰਡ ਵਾਸੀਆਂ ਬਹਾਦਰ ਸਿੰਘ, ਸ਼ਾਮ ਸਿੰਘ, ਕਰਮਚੰਦ, ਵਿਨੋਦ ਨੱਡਾ, ਰਤਨ ਲਾਲ ਆਦਿ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਅਚਾਨਕ ਲੱਗੀ ਇਸ ਅੱਗ ਨੇ ਹਵਾ ਕਾਰਣ ਭਿਆਨਕ ਰੂਪ ਧਾਰਨ ਕਰ ਲਿਆ। ਪਿੰਡ ’ਚ ਡਰ ਦਾ ਮਾਹੌਲ ਬਣਿਆ ਰਿਹਾ ਕਿ ਕਿਤੇ ਇਹ ਅੱਗ ਸਾਡੇ ਘਰਾਂ ਨੂੰ ਵੀ ਨਾ ਸਾਡ਼ ਦੇਵੇ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਵਾਲੀ ਗੱਡੀ ਆਈ ਤਾਂ ਸੀ ਪਰ ਕੁਝ ਸਮਾਂ ਖਡ਼੍ਹਨ ਤੋਂ ਬਾਅਦ ਵਾਪਸ ਚਲੀ ਗਈ ਕਿਉਂਕਿ ਜੰਗਲ ’ਚ ਜਾਣ ਲਈ ਕੋਈ ਰਸਤਾ ਨਹੀਂ ਸੀ। ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਜਿੱਥੇ ਜੰਗਲ ਦੀ ਲੱਖਾਂ ਰੁਪਏ ਦੀ ਸੰਪਤੀ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਸੈਂਕਡ਼ੇ ਜੀਵ ਜੰਤੂ ਜੋ ਕਿ ਅੱਗ ਦੀ ਲਪੇਟ ’ਚ ਆ ਗਏ ਆਪਣੀ ਜਾਨ ਤੋਂ ਹੱਥ ਧੋ ਬੈਠੇ। ਉਨ੍ਹਾਂ ਵਣ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾ ਨਾਲ ਨਜਿੱਠਣ ਲਈ ਉਚਿਤ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

ਕੀ ਕਹਿਣੈ ਵਣ ਰੇਂਜ ਅਫਸਰ ਦਾ

ਇਸ ਸਬੰਧੀ ਜਦੋਂ ਰੇਂਜ ਅਫਸਰ ਅਨਿਲ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੰਗਲ ’ਚ ਲੱਗੀ ਹੋਈ ਅੱਗ ਨਾਲ ਨਜਿੱਠਣ ਲਈ ਵਿਭਾਗ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਸਨ, ਜਿਸ ਕਾਰਣ ਦੋ ਅੱਗ ਬੁਝਾਉਣ ਵਾਲੀਆਂ ਗੱਡੀਆਂ ਮੌਕੇ ’ਤੇ ਤਾਇਨਾਤ ਕੀਤੀਆਂ ਗਈਆਂ ਸਨ।


Bharat Thapa

Content Editor

Related News