ਕਾਰ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ
Monday, Feb 10, 2020 - 09:50 PM (IST)

ਮੇਹਟੀਆਣਾ, (ਸੰਜੀਵ)- ਹੁਸ਼ਿਆਰਪੁਰ-ਫਗਵਾਡ਼ਾ ਮਾਰਗ ’ਤੇ ਸਥਿਤ ਬਾਗਬਾਨੀ ਫਾਰਮ ਪਿੰਡ ਖਨੌਡ਼ਾ ਨਜ਼ਦੀਕ ਇਕ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਲਪੇਟ ’ਚ ਲੈ ਲਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਜਗਜੀਤਪੁਰ ਥਾਣਾ ਰਾਵਲਪਿੰਡੀ ਆਪਣੇ ਮੋਟਰਸਾਈਕਲ ਨੰ: ਪੀ.ਬੀ. 36 ਐੱਚ.-9179 ’ਤੇ ਫਗਵਾਡ਼ਾ ਤੋਂ ਹੁਸ਼ਿਆਰਪੁਰ ਵੱਲ ਆ ਰਿਹਾ ਸੀ। ਜਦੋਂ ਉਹ ਬਾਗਬਾਨੀ ਫਾਰਮ ਪਿੰਡ ਖਨੌਡ਼ਾ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਆ ਰਹੀ ਸੈਂਟਰੋ ਕਾਰ ਨੰ: ਪੀ.ਬੀ. 12 ਡੀ.-5090, ਜਿਸ ਨੂੰ ਨਿਤਿਨ ਰਾਘਡ਼ਾ ਪੁੱਤਰ ਮਹੇਸ਼ ਦੱਤ ਵਾਸੀ ਆਰੀਆ ਨਗਰ ਲੁਧਿਆਣਾ ਚਲਾ ਰਿਹਾ ਸੀ, ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਦੌਰਾਨ ਜਿੱਥੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਉੱਥੇ ਮੋਟਰਸਾਈਕਲ ਸਵਾਰ ਰਣਜੀਤ ਸਿੰਘ ਦੀ ਵੀ ਮੌਤ ਹੋ ਗਈ।
ਮੌਕੇ ’ਤੇ ਪਹੁੰਚੀ ਥਾਣਾ ਮੇਹਟੀਆਣਾ ਪੁਲਸ ਨੇ ਕਾਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਖ਼ਿਲਾਫ਼ ਧਾਰਾ 304ਏ., 279, 427 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ। ਸਿਵਲ ਹਸਪਤਾਲ ਹੁਸ਼ਿਆਰਪੁਰ ’ਚ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ।