ਬੰਗਾ ਵਿਖੇ ਮੋਟਰਸਾਈਕਲ ਤੇ ਸਕੂਟਰ ਦੀ ਟੱਕਰ, 2 ਪੁਲਸ ਅਧਿਕਾਰੀਆਂ ਸਮੇਤ 3 ਫੱਟੜ

02/16/2023 1:51:38 PM

ਬੰਗਾ (ਜ. ਬ./ਰਾਕੇਸ਼)-ਪਿੰਡ ਮਜਾਰੀ ਵਿਖੇ ਦੇਰ ਸ਼ਾਮ ਇਕ ਮੋਟਰਸਾਈਕਲ ਅਤੇ ਸਕੂਟਰ ਵਿਚਕਾਰ ਹੋਈ ਟੱਕਰ ਦੌਰਾਨ 2 ਪੁਲਸ ਅਧਿਕਾਰੀਆਂ ਸਮੇਤ ਮੋਟਰਸਾਈਕਲ ਚਾਲਕ ਦੇ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੇਰ ਸ਼ਾਮ ਬੰਗਾ ਫਗਵਾੜਾ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਮਜਾਰੀ ਵਿਖੇ ਸਥਿਤ ਇਕ ਨਿੱਜੀ ਪੈਲੇਸ ’ਚ ਇਕ ਐੱਨ. ਆਰ. ਆਈ. ਕੁਲਵਿੰਦਰ ਸਿੰਘ ਢਾਹਾ ਦੇ ਸਪੁੱਤਰ ਦੇ ਹੋਏ ਨਵ-ਵਿਆਹ ਦੀ ਖ਼ੁਸ਼ੀ ’ਚ ਪਾਰਟੀ ਰੱਖੀ ਗਈ ਸੀ, ਜਿਸ ’ਚ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਆਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ ਪੁਹੰਚੇ ਸਨ।

ਇਹ ਵੀ ਪੜ੍ਹੋ :  ਅਹਿਮ ਖ਼ਬਰ: ਹਜ਼ਾਰਾਂ ਲੋਕਾਂ ਨੂੰ ਇਸ ਵਾਰ ਨਹੀਂ ਮਿਲੇਗੀ 2 ਰੁਪਏ ਵਾਲੀ ਕਣਕ, ਕਈ ਕਾਰਡਧਾਰਕਾਂ ਦੇ ਕੱਟੇ ਜਾਣਗੇ ਨਾਮ

ਸੁਖਬੀਰ ਸਿੰਘ ਬਾਦਲ ਦੇ ਉਕਤ ਪੈਲੇਸ ਵਿਚ ਪੁੱਜਣ ਦਾ ਸਮਾਚਾਰ ਮਿਲਦੇ ਹੀ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਕੀਤੇ ਗਏ। ਇਸ ਦੌਰਾਨ ਜ਼ਿਲ੍ਹਾ ਬੰਬ ਰੋਧਕ ਵਿਭਾਗ ਦੇ ਦੋ ਏ. ਐੱਸ. ਆਈ. ਜਸਪਾਲ ਅਤੇ ਰਾਮ ਕ੍ਰਿਸ਼ਨ ਇਕ ਸਕੂਟਰ ’ਤੇ ਸਵਾਰ ਹੋ ਕੇ ਉਕਤ ਸਥਾਨ ਦੀ ਚੈਕਿੰਗ ਲਈ ਆ ਰਹੇ ਸਨ। ਜਿਵੇਂ ਹੀ ਉਕਤ ਦੋਵੇਂ ਅਧਿਕਾਰੀ ਨਿੱਜੀ ਪੈਲੇਸ ਨੂੰ ਜਾਣ ਵਾਲੇ ਰਸਤੇ ਨੂੰ ਮੁੜਨ ਦੀ ਤਿਆਰੀ ਕਰ ਰਹੇ ਸਨ ਤਾਂ ਪਿੱਛਿਓਂ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਜਿਸ ਨੂੰ ਗਿਰੀਜੇਸ਼ ਨਿਵਾਸੀ ਸ਼ਹੀਦ ਭਗਤ ਸਿੰਘ ਨਗਰ ਫਗਵਾੜਾ ਚਲਾ ਰਿਹਾ ਸੀ, ਨੇ ਟਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਸਕੂਟਰ ਸਵਾਰ ਜਸਪਾਲ ਅਤੇ ਮੋਟਰਸਾਈਕਲ ਚਾਲਕ ਗਿਰੀਜੇਸ਼ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਦਕਿ ਏ. ਐੱਸ. ਆਈ. ਰਾਮ ਕ੍ਰਿਸ਼ਨ ਦੇ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਐੱਸ. ਐੱਚ. ਓ. ਇੰਸਪੈਕਟਰ ਰਾਜੀਵ ਕੁਮਾਰ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ। ਹਾਦਸੇ ਦੌਰਾਨ ਨੁਕਸਾਨੇ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਹਾਦਸੇ ਵਿਚ ਫੱਟੜ ਹੋਏ ਤਿੰਨਾਂ ਵਿਅਕਤੀਆ ਨੂੰ ਤੁਰੰਤ ਸਿਵਲ ਹਸਪਤਾਲ ਬੰਗਾ ਪਹੁੰਚਾਇਆ।

ਇਹ ਵੀ ਪੜ੍ਹੋ :  ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਪੰਜਾਬ ਪੁਲਸ ਸਖ਼ਤ, ਡੀ. ਜੀ. ਪੀ. ਗੌਰਵ ਯਾਦਵ ਨੇ ਦਿੱਤਾ ਅਹਿਮ ਬਿਆਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News