ਬੂਟੀ ਐਨਕਲੇਵ ਦੀ ਕੋਠੀ ’ਚ ਬਣਾਏ ਸ਼ਰਾਬ ਦੇ ਗੋਦਾਮ ’ਤੇ CIA ਦੀ ਰੇਡ, 70 ਪੇਟੀਆਂ ਮਿਲੀ ਸ਼ਰਾਬ

Sunday, Apr 09, 2023 - 01:22 PM (IST)

ਬੂਟੀ ਐਨਕਲੇਵ ਦੀ ਕੋਠੀ ’ਚ ਬਣਾਏ ਸ਼ਰਾਬ ਦੇ ਗੋਦਾਮ ’ਤੇ CIA ਦੀ ਰੇਡ, 70 ਪੇਟੀਆਂ ਮਿਲੀ ਸ਼ਰਾਬ

ਜਲੰਧਰ (ਵਰੁਣ)–ਸੀ. ਆਈ. ਏ. ਸਟਾਫ਼-1 ਨੇ ਬਸਤੀ ਬਾਵਾ ਖੇਲ ਸਥਿਤ ਬੂਟੀ ਐਨਕਲੇਵ ਦੀ ਇਕ ਕੋਠੀ ਵਿਚ ਰੇਡ ਕਰਕੇ ਸ਼ਰਾਬ ਦੇ ਨਾਜਾਇਜ਼ ਗੋਦਾਮ ਵਿਚੋਂ 70 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਨੇ ਮੌਕੇ ਤੋਂ ਮੁੱਖ ਸਮੱਗਲਰ ਵਿੱਕੀ ਟੌਫ਼ੀਆਂ ਵਾਲੇ ਦੇ ਬੇਟੇ ਅਤੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜੇ ਕਿ ਸਵਿੱਫਟ ਗੱਡੀ ਵਿਚ ਸਪਲਾਈ ਲਈ ਪੇਟੀਆਂ ਲੱਦ ਰਹੇ ਸਨ। ਹਾਲਾਂਕਿ ਸਮੱਗਲਰ ਵਿੱਕੀ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਭਾਲ ’ਚ ਰੇਡ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ।

ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਏ. ਐੱਸ. ਆਈ. ਰਣਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਬੂਟੀ ਐਨਕਲੇਵ ਵਿਚ ਸਥਿਤ ਇਕ ਕੋਠੀ ਵਿਚ ਰੇਡ ਕੀਤੀ ਸੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬਸਤੀ ਬਾਵਾ ਖੇਲ ਇਲਾਕੇ ਵਿਚ ਕਰਿਆਨਾ ਦੀ ਦੁਕਾਨ ਚਲਾਉਣ ਵਾਲਾ ਜੋਗਿੰਦਰ ਪਾਲ ਉਰਫ਼ ਵਿੱਕੀ ਟੌਫ਼ੀਆਂ ਵਾਲਾ ਨਿਵਾਸੀ ਤਾਰਾ ਸਿੰਘ ਐਨਕਲੇਵ, ਬਸਤੀ ਬਾਵਾ ਖੇਲ ਨੇ ਉਕਤ ਕੋਠੀ ਨੂੰ ਕਿਰਾਏ ’ਤੇ ਲੈ ਕੇ ਸ਼ਰਾਬ ਦਾ ਗੋਦਾਮ ਬਣਾਇਆ ਹੋਇਆ ਹੈ, ਜਿਸ ਵਿਚ ਪੰਜਾਬ ਅਤੇ ਚੰਡੀਗੜ੍ਹ ਦੀ ਸ਼ਰਾਬ ਡੰਪ ਕੀਤੀ ਹੋਈ ਹੈ। ਪੁਲਸ ਨੇ ਰੇਡ ਕੀਤੀ ਤਾਂ ਮੌਕੇ ’ਤੇ ਮੌਜੂਦ ਜੋਗਿੰਦਰ ਪਾਲ ਫ਼ਰਾਰ ਹੋ ਗਿਆ ਪਰ ਪੁਲਸ ਨੇ ਉਸ ਦੇ ਬੇਟੇ ਅਭਿਸ਼ੇਕ ਨਿਵਾਸੀ ਤਾਰਾ ਸਿੰਘ ਐਨਕਲੇਵ ਅਤੇ ਸਾਥੀ ਗੋਇਮ ਜੈਨ ਪੁੱਤਰ ਰਾਜੇਸ਼ ਜੈਨ ਨਿਵਾਸੀ ਕਿਲਾ ਮੁਹੱਲਾ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਖ਼ਾਸ ਗੱਲਬਾਤ ਦੌਰਾਨ ਬੋਲੇ 'ਆਪ' ਉਮੀਦਵਾਰ ਸੁਸ਼ੀਲ ਰਿੰਕੂ, 'ਲੁੱਟ-ਖਸੁੱਟ ਨਹੀਂ ਚੱਲਣ ਦਿਆਂਗੇ, ਮੈਂ ਜਨਤਾ ਦੇ ਨਾਲ'

ਪੁਲਸ ਨੇ ਗੋਦਾਮ ਵਿਚ ਖੜ੍ਹੀ ਸਵਿੱਫਟ ਗੱਡੀ ਵਿਚੋਂ 10 ਪੇਟੀਆਂ ਸ਼ਰਾਬ ਬਰਾਮਦ ਕੀਤੀ, ਜਦਕਿ ਗੋਦਾਮ ਵਿਚੋਂ 60 ਵੱਖ-ਵੱਖ ਬਰਾਂਡ ਦੀਆਂ ਸ਼ਰਾਬ ਦੀਆਂ ਪੇਟੀਆਂ ਜ਼ਬਤ ਕਰ ਲਈਆਂ। ਵਿੱਕੀ ਟੌਫ਼ੀਆਂ ਵਾਲਾ ਪਹਿਲਾਂ ਭਗਵਾਨ ਵਾਲਮੀਕਿ ਗੇਟ ਨੇੜੇ ਦੁਕਾਨ ਚਲਾਉਂਦਾ ਸੀ, ਜਿਸ ਤੋਂ ਬਾਅਦ ਉਹ ਬਸਤੀ ਬਾਵਾ ਖੇਲ ਵਿਚ ਸ਼ਿਫਟ ਹੋ ਗਿਆ ਸੀ। ਸੀ. ਆਈ. ਏ. ਸਟਾਫ਼ ਨੇ ਜੋਗਿੰਦਰ ਪਾਲ ਉਰਫ ਵਿੱਕੀ ਟੌਫ਼ੀਆਂ ਵਾਲਾ, ਉਸ ਦੇ ਬੇਟੇ ਅਭਿਸ਼ੇਕ ਅਤੇ ਸਾਥੀ ਗੋਇਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਜੋਗਿੰਦਰ ਪਾਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁਲਜ਼ਮ ਕਾਫ਼ੀ ਲੰਮੇ ਸਮੇਂ ਤੋਂ ਨਾਜਾਇਜ਼ ਢੰਗ ਨਾਲ ਸ਼ਰਾਬ ਦੀ ਸਮੱਗਲਿੰਗ ਦਾ ਧੰਦਾ ਕਰ ਰਹੇ ਸਨ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਲੈ ਕੇ ਪ੍ਰਸ਼ਾਸਨ ਦੀ ਸਖ਼ਤੀ, ਡੀ. ਸੀ. ਨੇ ਜਾਰੀ ਕੀਤੇ ਹੁਕਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News