ਗਰਮੀ ਦਾ ਕਹਿਰ : AC ਚੱਲਣ ਕਾਰਨ ਲੋਕ ਪਰੇਸ਼ਾਨ, ‘ਲੋਅ ਵੋਲਟੇਜ’ ’ਚ ਬਿਜਲੀ ਦੀ ਖ਼ਰਾਬੀ ਦੀਆਂ 5900 ਸ਼ਿਕਾਇਤਾਂ

07/04/2023 3:24:36 PM

ਜਲੰਧਰ (ਪੁਨੀਤ) : ਗਰਮੀ ਦੇ ਕਹਿਰ ਕਾਰਨ ਮਹੀਨੇ ਦੀ ਸ਼ੁਰੂਆਤ ਬਿਜਲੀ ਦੀ ਮੰਗ ਵਿਚ ਵਾਧੇ ਨਾਲ ਹੋਈ ਹੈ। ਪਿਛਲੇ ਕੁਝ ਹਫਤਿਆਂ ਦੇ ਮੁਕਾਬਲੇ ਦੁਪਹਿਰ ਦੇ ਸਮੇਂ ਏ. ਸੀ. ਦੀ ਵਰਤੋਂ ਵਧੀ ਹੈ , ਜਿਸ ਦਾ ਅਸਰ ਬਿਜਲੀ ਦੀ ਮੰਗ ’ਤੇ ਪਿਆ ਹੈ। ਭਾਰੀ ਗਰਮੀ ਵਿਚਕਾਰ ਲੋਕਾਂ ਨੂੰ ਘਰਾਂ ’ਚ ਵੀ ਚੈਨ ਨਹੀਂ ਮਿਲ ਰਿਹਾ ਕਿਉਂਕਿ ਸ਼ਹਿਰ ਦੇ ਸੈਂਕੜੇ ਇਲਾਕੇ ਲੋਅ ਵੋਲਟੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ। ਵੋਲਟੇਜ ਪੂਰੀ ਨਾ ਆਉਣ ਕਾਰਨ ਕਈ ਇਲਾਕਿਆਂ ਵਿਚ ਦੁਪਹਿਰ ਦੇ ਸਮੇਂ ਏ. ਸੀ. ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੇ ਅਤੇ ਟ੍ਰਿਪਿੰਗ ਦੀ ਸਮੱਸਿਆ ਪੇਸ਼ ਆ ਰਹੀ ਹੈ। ਉਥੇ ਹੀ, ਸਮੇਂ ’ਤੇ ਫਾਲਟ ਠੀਕ ਨਾ ਹੋ ਪਾਉਣਾ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ ਕਿਉਂਕਿ ਫੀਲਡ ਵਿਚ ਕੰਮ ਕਰਨ ਵਾਲੇ ਟੈਕਨੀਕਲ ਸਟਾਫ ਦੀ ਬੇਹੱਦ ਸ਼ਾਰਟੇਜ ਚੱਲ ਰਹੀ ਹੈ, ਇਸ ਕਾਰਨ ਕਰਮਚਾਰੀ ਸਮੇਂ ’ਤੇ ਫਾਲਟ ਠੀਕ ਕਰਨ ਲਈ ਨਹੀਂ ਪਹੁੰਚ ਪਾ ਰਹੇ ਅਤੇ ਉਨ੍ਹਾਂ ਨੂੰ ਲੋਕਾਂ ਦੀਆਂ ਖਰੀਆਂ-ਖੋਟੀਆਂ ਸੁਣਨੀਆਂ ਪੈ ਰਹੀਆਂ ਹਨ। ਆਲਮ ਇਹ ਹੈ ਕਿ ਬਿਜਲੀ ਦੀ ਮੰਗ ਵਧਣ ਨਾਲ ਟਰਾਂਸਫਾਰਮਰ ਓਵਰਲੋਡ ਹੋ ਰਹੇ ਹਨ, ਜਿਸ ਨਾਲ ਬਿਜਲੀ ਦੇ ਫਾਲਟ ਪੈਣ ਦੀਆਂ ਸ਼ਿਕਾਇਤਾਂ ਵਧਣ ਲੱਗੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਗਰਮੀ ਜ਼ਿਆਦਾ ਪੈ ਰਹੀ ਹੈ, ਜਿਸ ਕਾਰਨ ਲੋਅ ਵੋਲਟੇਜ ਦੇ ਕੇਸ ਵਧਣ ਲੱਗੇ ਹਨ। ਇਸੇ ਲੜੀ ਵਿਚ ਲੋਅ ਵੋਲਟੇਜ ਅਤੇ ਹੋਰ ਕਾਰਨਾਂ ਕਰ ਕੇ ਜ਼ੋਨ ਅਧੀਨ ਬਿਜਲੀ ਦੀ ਖਰਾਬੀ ਸਬੰਧੀ 5900 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ। ਮੁੱਖ ਰੂਪ ਨਾਲ ਏ. ਸੀ. ਚੱਲਣ ਦੀ ਦਿੱਕਤ ਪੇਸ਼ ਆਉਣ ਕਾਰਨ ਲੋਕ ਹਾਲੋ-ਬੇਹਾਲ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਨਜ਼ਰਅੰਦਾਜ਼ ਕਰ ਦਿੱਤੇ ਜਾਣਗੇ ਵਾਰਡਬੰਦੀ ’ਤੇ ਆਏ ਵਧੇਰੇ ਇਤਰਾਜ਼

ਜਿਥੇ ਇਕ ਪਾਸੇ ਗਰਮੀ ਰਿਕਾਰਡ ਤੋੜ ਰਹੀ ਹੈ, ਉਥੇ ਹੀ ਸੂਬੇ ਵਿਚ ਇਸ ਵਾਰ ਬਿਜਲੀ ਦੀ ਮੰਗ ਨੇ ਵੀ ਰਿਕਾਰਡ ਤੋੜ ਦਿੱਤੇ ਹਨ, ਜਿਸ ਦਾ ਮੁੱਖ ਕਾਰਨ ਏ. ਸੀ. ਦੀ ਬਹੁਤ ਜ਼ਿਆਦਾ ਵਰਤੋਂ ਵਜੋਂ ਸਾਹਮਣੇ ਆ ਰਿਹਾ ਹੈ। ਫਿਲਹਾਲ ਆਲਮ ਇਹ ਹੈ ਕਿ ਸੈਂਕੜੇ ਇਲਾਕਿਆਂ ਵਿਚ ਲੋਕ ਲੋਅ ਵੋਲਟੇਜ ਕਾਰਨ ਪ੍ਰੇਸ਼ਾਨੀ ਝੱਲ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਏ. ਸੀ. ਚੱਲ ਰਿਹਾ ਹੁੰਦਾ ਹੈ ਅਤੇ ਇਕਦਮ ਵੋਲਟੇਜ ਘੱਟ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਏ. ਸੀ. ਬੰਦ ਕਰਨਾ ਪੈਂਦਾ ਹੈ। ਇਸ ਦੌਰਾਨ ਕਾਫੀ ਦੇਰ ਤਕ ਇਹ ਸਮੱਸਿਆ ਰਹਿੰਦੀ ਹੈ। ਇਸ ਕਾਰਨ ਵੀ ਲੋਕਾਂ ਨੂੰ ਘਰਾਂ ਵਿਚ ਵੀ ਚੈਨ ਨਹੀਂ ਮਿਲ ਪਾ ਰਿਹਾ। ਜ਼ੋਨ ਅਧੀਨ ਬਿਜਲੀ ਦੀ ਖਰਾਬੀ ਦੀਆਂ 5900 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਨੂੰ ਨਿਪਟਾਉਣ ਵਿਚ ਫੀਲਡ ਸਟਾਫ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਕਹਿਰ ਵਰ੍ਹਾਉਂਦੀ ਗਰਮੀ ਕਾਰਨ ਲੋਕਾਂ ਲਈ ਘਰਾਂ ਵਿਚੋਂ ਨਿਕਲਣਾ ਮੁਸ਼ਕਲ ਹੋ ਰਿਹਾ ਹੈ। ਸ਼ਹਿਰਾਂ ਵਿਚ ਬਿਜਲੀ ਦੇ ਫਾਲਟ ਕਾਰਨ ਲੱਗ ਰਹੇ ਅਣਐਲਾਨੇ ਕੱਟਾਂ ਕਾਰਨ ਲੋਕਾਂ ਦੀ ਰੁਟੀਨ ਵਿਗੜ ਰਹੀ ਹੈ।

ਸਵੇਰੇ ਲੱਗਣ ਵਾਲੇ ਕੱਟਾਂ ਕਾਰਨ ਪ੍ਰਭਾਵਿਤ ਹੋ ਰਹੀ ਰੁਟੀਨ
ਸ਼ਹਿਰ ਦਾ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇਗਾ, ਜਿਥੇ ਬਿਜਲੀ ਦੀ ਖਰਾਬੀ ਦੀ ਸਮੱਸਿਆ ਸੁਣਨ ਨੂੰ ਨਾ ਮਿਲ ਰਹੀ ਹੋਵੇ। ਵਧੇਰੇ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਗਰਮੀ ਵਧਣ ਕਾਰਨ ਵੱਖ-ਵੱਖ ਇਲਾਕਿਆਂ ਵਿਚ ਲੱਗਣ ਵਾਲੇ ਕੱਟ ਉਨ੍ਹਾਂ ਦੀ ਡੇਲੀ ਰੁਟੀਨ ਪ੍ਰਭਾਵਿਤ ਕਰ ਰਹੇ ਹਨ।

ਇਹ ਵੀ ਪੜ੍ਹੋ : ਡੀ. ਏ. ਵੀ. ਕਾਲਜ ਨੇੜੇ ਮਸ਼ਹੂਰ ਕੁਲਚੇ ਵਾਲੇ ਦੇ ਛੋਲਿਆਂ ’ਚੋਂ ਨਿਕਲਿਆ ਕਾਕਰੋਚ, ਪਿਆ ਬਖੇੜਾ

1912 ਤੋਂ ਇਲਾਵਾ ਦੂਜੇ ਨੰਬਰਾਂ ’ਤੇ ਵੀ ਕਰ ਸਕਦੇ ਹੋ ਸ਼ਿਕਾਇਤ
ਖਪਤਕਾਰਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਪਾਵਰਕਾਮ ਦਾ ਸ਼ਿਕਾਇਤ ਨੰਬਰ 1912 ਆਸਨੀ ਨਾਲ ਨਹੀਂ ਮਿਲਦਾ। ਇਸ ਤੋਂ ਰਾਹਤ ਦਿਵਾਉਣ ਲਈ ਪਾਵਰਕਾਮ ਵੱਲੋਂ ਕਈ ਹੋਰ ਨੰਬਰ ਜਾਰੀ ਕੀਤੇ ਗਏ ਹਨ। ਖਪਤਕਾਰ ਪਾਵਰਕਾਮ ਦੇ ਸ਼ਿਕਾਇਤ ਨੰਬਰ 1912 ਤੋਂ ਇਲਾਵਾ ਟੋਲ ਫ੍ਰੀ ਨੰਬਰ 1800-180-1512 ’ਤੇ ਮਿਸਡ ਕਾਲ ਦੇ ਕੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਵ੍ਹਟਸਐਪ ਜ਼ਰੀਏ 96461-01912 ’ਤੇ ਮੈਸੇਜ ਕੀਤਾ ਜਾ ਸਕਦਾ ਹੈ। ਪਾਵਰਕਾਮ ਵੱਲੋਂ ਪਿਛਲੇ ਦਿਨੀਂ ਨਾਰਥ ਜ਼ੋਨ ਜਲੰਧਰ ਦੇ ਖਪਤਕਾਰਾਂ ਲਈ 0181-2220924, 96461-16679 ਅਤੇ 96461-14414 ਨੰਬਰ ਜਾਰੀ ਕੀਤਾ ਗਿਆ ਹੈ। ਖਪਤਕਾਰ ਉਕਤ ਸਾਰੇ ਨੰਬਰਾਂ ’ਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।

ਐਕਸੀਅਨ ਰੱਖ ਰਹੇ ਫੀਲਡ ’ਤੇ ਨਜ਼ਰ : ਇੰਜੀ. ਸਾਰੰਗਲ
ਚੀਫ ਇੰਜੀਨੀਅਰ ਆਰ. ਐੱਲ. ਸਾਰੰਗਲ ਨੇ ਕਿਹਾ ਕਿ ਵਿਭਾਗ ਵੱਲੋਂ ਕਿਸੇ ਵੀ ਇਲਾਕੇ ’ਚ ਐਲਾਨਿਆ ਕੱਟ ਨਹੀਂ ਲਾਇਆ ਜਾ ਰਿਹਾ। ਮੈਨੇਜਮੈਂਟ ਵੱਲੋਂ ਬਿਜਲੀ ਖਰੀਦ ਕੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ। ਸੁਚਾਰੂ ਸਪਲਾਈ ਅਤੇ ਬਿਹਤਰ ਸਹੂਲਤ ਲਈ ਐਕਸੀਅਨ ਫੀਲਡ ਵਿਚ ਪੂਰੀ ਨਜ਼ਰ ਰੱਖ ਰਹੇ ਹਨ। ਲੋਕ ਵਿਭਾਗ ਨਾਲ ਸਹਿਯੋਗ ਕਰਨ। ਫਾਲਟ ਪੈਣ ਦੀ ਸੂਚਨਾ ਮਿਲਦੇ ਹੀ ਸਟਾਫ ਨੂੰ ਤੁਰੰਤ ਮੌਕੇ ’ਤੇ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਪੀਕਰ ਸੰਧਵਾਂ ਵੱਲੋਂ ਕਿਸਾਨਾਂ ਨੂੰ ਖ਼ਤਰਨਾਕ ਕੈਮੀਕਲ ‘ਪੈਰਾਕੁਆਟ’ ਨਾ ਵਰਤਣ ਦੀ ਅਪੀਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


Anuradha

Content Editor

Related News