ਓਵਰਲੋਡ’ ਸਿਸਟਮ ’ਚ ਖਰਾਬੀ ਦੀਆਂ 5200 ਸ਼ਿਕਾਇਤਾਂ, ਸਿੱਧੀ ‘ਕੁੰਡੀ’ ਦੇ 72 ਕੇਸਾਂ ’ਚ 45.92 ਲੱਖ ਜੁਰਮਾਨਾ

Wednesday, Jun 01, 2022 - 12:28 PM (IST)

ਓਵਰਲੋਡ’ ਸਿਸਟਮ ’ਚ ਖਰਾਬੀ ਦੀਆਂ 5200 ਸ਼ਿਕਾਇਤਾਂ, ਸਿੱਧੀ ‘ਕੁੰਡੀ’ ਦੇ 72 ਕੇਸਾਂ ’ਚ 45.92 ਲੱਖ ਜੁਰਮਾਨਾ

ਜਲੰਧਰ (ਪੁਨੀਤ): ਸਿਸਟਮ ਓਵਰਲੋਡ ਫਿਰ ਤੋਂ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ, ਜੋ ਕਿ ਖ਼ਪਤਕਾਰਾਂ ਸਮੇਤ ਵਿਭਾਗ ਲਈ ਵੀ ਪ੍ਰੇਸ਼ਾਨੀ ਪੈਦਾ ਕਰ ਰਿਹਾ ਹੈ। ਸਟਾਫ਼ ਦੀ ਕਮੀਂ ਹੋਣ ਕਾਰਨ ਇਸ ਪ੍ਰੇਸ਼ਾਨੀ ਨੂੰ ਦੂਰ ਕਰ ਪਾਉਣਾ ਵੀ ਸੰਭਵ ਨਜ਼ਰ ਨਹੀਂ ਆ ਰਿਹਾ ਹੈ। ਵਧ ਰਹੀ ਗਰਮੀ ਕਾਰਨ ਬਿਜਲੀ ਦੀ ਮੰਗ ਵਿਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਸਿਸਟਮ ’ਤੇ ਲੋਡ ਪੈ ਰਿਹਾ ਹੈ, ਜੋ ਕਿ ਫਾਲਟ ਦਾ ਕਾਰਨ ਬਣ ਰਿਹਾ ਹੈ।

ਇਹ ਵੀ ਪੜ੍ਹੋ- ਮਾਮਲਾ ਗੰਨਮੈਨ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦਾ, ਲਾਸ਼ ਬਣੇ ਪਿਓ ਨੂੰ ਵੇਖ ਧਾਹਾਂ ਮਾਰ ਰੋਈਆਂ ਕੈਨੇਡਾ ਤੋਂ ਪਰਤੀਆਂ ਧੀਆਂ

ਇਸ ਸਬੰਧੀ ਨਾਰਥ ਜ਼ੋਨ ਜਲੰਧਰ ਦੇ ਸਰਕਲਾਂ ਅਧੀਨ ਲਗਭਗ 5,200 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਨੂੰ ਨਿਪਟਾਉਣ ਵਿਚ ਵਿਭਾਗੀ ਕਰਮਚਾਰੀਆਂ ਨੂੰ ਕਾਫ਼ੀ ਪਸੀਨਾ ਵਹਾਉਣਾ ਪਿਆ। ਉਥੇ ਹੀ ਗਰਮੀ ਹੋਣ ਕਾਰਨ ਘੰਟਿਆਂ ਦੌਰਾਨ ਬਿਜਲੀ ਗੁੱਲ ਰਹਿਣ ਕਾਰਨ ਖ਼ਪਤਕਾਰ ਵਿਭਾਗੀ ਨੀਤੀਆਂ ਦੀ ਆਲੋਚਨਾ ਕਰਦੇ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਫਾਲਟ ਪੈਣ ਤੋਂ ਬਾਅਦ ਪਬਲਿਕ ਲਈ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਜਾਂਦੀਆਂ ਹਨ। ਪਹਿਲਾਂ ਤਾਂ ਸ਼ਿਕਾਇਤ ਕੇਂਦਰ ਨੰਬਰ 1912 ਮਿਲਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਕਈ ਵਾਰ ਕੋਸ਼ਿਸ਼ਾਂ ਕਰਦੇ ਰਹਿਣ ਦੇ ਬਾਅਦ ਜੇਕਰ ਨੰਬਰ ਮਿਲ ਵੀ ਜਾਵੇ ਤਾਂ ਫੀਲਡ ਸਟਾਫ ਸਮੇਂ ’ਤੇ ਨਹੀਂ ਆਉਂਦਾ। ਕੰਪਲੇਂਟ ਹੈਂਡਲਿੰਗ ਬਾਈਕ ਦੇ ਆਉਣ ਤੋਂ ਬਾਅਦ ਕਈ ਵਾਰ ਪਰਮਿਟ ਲੈਣਾ ਪੈਂਦਾ ਹੈ, ਜਿਸ ਲਈ ਵਿਭਾਗ ਦੇ ਜੇ. ਈ. ਦੀ ਲੋੜ ਪੈਂਦੀ ਹੈ। ਕੁੱਲ ਮਿਲਾ ਕੇ ਕਈ ਘੰਟੇ ਬਿਜਲੀ ਗੁੱਲ ਰਹਿੰਦੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਆੜ੍ਹਤੀ 10 ਜੂਨ ਤੋਂ ਕਰਨਗੇ ਸੜਕਾਂ ਜਾਮ, ਮੰਡੀਆਂ ਅੱਜ ਤੋਂ ਹੀ ਬੰਦ

ਓਧਰ ਹੀ ਐਨਫੋਰਸਮੈਂਟ ਵਿੰਗ ਅਤੇ ਡਿਸਟਰੀਬਿਊਸ਼ਨ ਦੇ ਚਾਰਾਂ ਸਰਕਲਾਂ ਨੇ ਬਿਜਲੀ ਚੋਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਸਿੱਧੀ ਕੁੰਡੀ ਦੇ ਲਗਭਗ 72 ਕੇਸ ਫੜੇ ਅਤੇ 19 ਹੋਰ ਕੇਸਾਂ ਵਿਚ 45.92 ਲੱਖ ਦੇ ਲਗਭਗ ਜੁਰਮਾਨਾ ਕੀਤਾ ਗਿਆ। ਨਿਯਮਾਂ ਮੁਤਾਬਕ ਦੋਸ਼ੀਆਂ ਖ਼ਿਲਾਫ਼ ਐਂਟੀ-ਥੈਫਟ ਥਾਣੇ ਵਿਚ ਐੱਫ. ਆਈ. ਆਰ. ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।

ਡਿਫਾਲਟਰਾਂ ਦੇ 103 ਕੁਨੈਕਸ਼ਨ ਕੱਟਣ ਨਾਲ ਵਿਭਾਗ ਨੂੰ 92 ਲੱਖ ਦੀ ਰਿਕਵਰੀ

ਡਿਫਾਲਟਰਾਂ ਖ਼ਿਲਾਫ਼ ਚੱਲ ਰਹੇ ਐਕਸ਼ਨ ਵਿਚ ਵਿਭਾਗ ਨੇ 103 ਕੁਨੈਕਸ਼ਨ ਕੱਟੇ। ਅੰਕੜਿਆਂ ਮੁਤਾਬਕ ਆਨਲਾਈਨ ਪੇਮੈਂਟ ਅਤੇ ਦਫ਼ਤਰਾਂ ਵਿਚ ਜਮ੍ਹਾ ਹੋਈ ਰਾਸ਼ੀ ਨੂੰ ਮਿਲਾ ਕੇ 92 ਲੱਖ ਰੁਪਏ ਨਾਰਥ ਜ਼ੋਨ ਦੇ ਖਾਤੇ ਵਿਚ ਜਮ੍ਹਾ ਹੋਏ। ਸਵੇਰੇ ਜਦੋਂ ਟੀਮਾਂ ਬਿਜਲੀ ਚੋਰਾਂ ’ਤੇ ਕਾਰਵਾਈ ਕਰਨ ਲਈ ਗਈਆਂ ਤਾਂ ਪੈਂਡਿੰਗ ਚੱਲ ਰਹੇ ਬਿੱਲਾਂ ਵਾਲੇ ਖ਼ਪਤਕਾਰ ਆਨਲਾਈਨ ਅਦਾਇਗੀ ਕਰ ਕੇ ਵਿਭਾਗੀ ਅਧਿਕਾਰੀਆਂ ਨੂੰ ਮੋਬਾਇਲ ’ਤੇ ਸਕ੍ਰੀਨ ਸ਼ਾਟ ਦਿਖਾਉਣ ਲੱਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਮਾਂ ਦੇ ਕਾਰਵਾਈ ਕਰਨ ਦੇ ਬਾਅਦ ਲੋਕ ਬਿੱਲ ਜਮ੍ਹਾ ਕਰਵਾਉਂਦੇ ਹਨ, ਜਦਕਿ ਵਾਰ-ਵਾਰ ਚਿਤਾਵਨੀ ਦਿੱਤੀ ਜਾ ਰਹੀ ਹੈ, ਇਸ ਲਈ ਖ਼ਪਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਆਪਣੀ ਰਾਸ਼ੀ ਨੂੰ ਜਮ੍ਹਾ ਕਰਵਾਉਣ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Harnek Seechewal

Content Editor

Related News