ਲਾਂਬੜਾ ਪੁਲਸ ਵੱਲੋਂ ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲੇ 5 ਮੁਲਜ਼ਮ ਗ੍ਰਿਫ਼ਤਾਰ

Friday, Jan 26, 2024 - 07:12 PM (IST)

ਲਾਂਬੜਾ ਪੁਲਸ ਵੱਲੋਂ ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲੇ 5 ਮੁਲਜ਼ਮ ਗ੍ਰਿਫ਼ਤਾਰ

ਲਾਂਬੜਾ (ਵਰਿੰਦਰ)- ਲਾਂਬੜਾ ਪੁਲਸ ਨੇ ਦੋ ਵੱਖ-ਵੱਖ ਕੇਸਾਂ ’ਚ ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਚੋਰੀਸ਼ੁਦਾ ਸਾਮਾਨ ਬਰਾਮਦ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਲਾਂਬੜਾ ਇੰਸ. ਜਤਿੰਦਰ ਕੁਮਾਰ ਨੇ ਦੱਸਿਆਂ ਕਿ ਏ. ਐੱਸ. ਆਈ. ਸੁਭਾਸ਼ ਕੁਮਾਰ ਪੁਲਸ ਪਾਰਟੀ ਨਾਲ ਗਸ਼ਤ ’ਤੇ ਪਿੰਡ ਸਫੀਪੁਰ ਤੋਂ ਪਿੰਡ ਗਿੱਲਾਂ ਸਾਈਡ ਨੂੰ ਜਾ ਰਹੇ ਸਨ, ਜਿੱਥੇ ਗੁਲਾਮ ਮਾਹਦੀਨ ਬਾਜੜ ਹਾਲ ਵਾਸੀ ਚੌਗਿੱਟੀ ਬਾਈਪਾਸ ਜਲੰਧਰ ਨੇ ਇਤਲਾਹ ਦਿੱਤੀ ਕਿ ਉਹ ਫੇਰੀ ਲਾ ਕੇ ਕੱਪੜਾ ਵੇਚਣ ਦਾ ਕੰਮ ਕਰਦਾ ਹੈ।
ਸਵੇਰ ਕਰੀਬ 11 ਵਜੇ 3 ਨੌਜਵਾਨ ਪਲਟੀਨਾ ਮੋਟਰਸਾਈਕਲ ’ਤੇ ਆਏ, ਜਿਨ੍ਹਾਂ ਨੇ ਉਸ ਨੂੰ ਘੇਰ ਲਿਆ ਤੇ ਡਰਾ-ਧਮਕਾ ਕੇ ਉਸ ਦੀ ਜੇਬ ’ਚੋਂ 2600 ਰੁਪਏ ਖੋਹ ਲਏ ਤੇ ਮੋਟਰਸਾਈਕਲ ਰਾਹੀਂ ਭੱਜਣ ਲੱਗੇ ਤਾਂ ਮੌਕੇ ’ਤੇ ਇਕ ਵਿਅਕਤੀ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਲੁਟੇਰੇ ਡਿੱਗ ਪਏ। ਇਸ ਦੌਰਾਨ ਏ. ਐੱਸ. ਆਈ. ਸੁਭਾਸ਼ ਕੁਮਾਰ ਨੇ ਉਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ। ਤਿੰਨਾਂ ਮੁਲਜ਼ਮਾਂ ਨੇ ਆਪਣੀ ਪਛਾਣ ਤਰਨਵੀਰ ਸਿੰਘ ਪੁੱਤਰ ਸਰਬਜੀਤ ਸਿੰਘ ਤੇ ਗੋਵਿੰਦਾ ਪੁੱਤਰ ਬਲਦੇਵ ਸਿੰਘ ਦੋਵੇਂ ਵਾਸੀ ਪਿੰਡ ਅਠੌਲਾ ਜਲੰਧਰ, ਨਵਜੀਵਨ ਪੁੱਤਰ ਅਵਤਾਰ ਸਿੰਘ ਵਾਸੀ ਢੁਪਾਈ ਥਾਣਾ ਸਦਰ ਕਪੂਰਥਲਾ ਦੱਸੀ। ਪੁਲਸ ਨੇ ਕੇਸ ਦਰਜ ਕਰ ਕੇ ਇਨ੍ਹਾਂ ਤੋਂ 2 ਮੋਟਰਸਾਈਕਲ ਬਿਨਾਂ ਨੰਬਰੀ ਮਾਰਕਾ ਸਪਲੈਂਡਰ, ਇਕ ਮੋਟਰਸਾਈਕਲ ਪਲਟੀਨਾ ਨੰ. ਪੀ. ਬੀ. 08 ਡੀ. ਐੱਮ. 3884, 2 ਦਾਤਰ, 1 ਕਿਰਚ, 500 ਨਕਦੀ ਤੇ 5 ਮੋਬਾਇਲ ਫੋਨ ਬਰਾਮਦ ਕੀਤੇ ਹਨ।
ਇਸੇ ਤਰ੍ਹਾਂ ਥਾਣਾ ਮੁਖੀ ਇੰਸ. ਜਤਿੰਦਰ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਨਰਿੰਦਰ ਸਿੰਘ ਪੁਲਸ ਪਾਰਟੀ ਨਾਲ ਬਾਜੜਾ ਮੋੜ ਜਲੰਧਰ ਨਕੋਦਰ ਰੋਡ ’ਤੇ ਮੌਜੂਦ ਸਨ। ਇਸ ਦੌਰਾਨ ਪੁਲਸ ਨੂੰ ਇਤਲਾਹ ਮਿਲੀ ਕਿ ਜਸਪ੍ਰੀਤ ਪੁੱਤਰ ਰਾਜਕੁਮਾਰ ਵਾਸੀ ਟਾਵਰ ਐਨਕਲੇਵ ਫੇਜ਼ 1 ਨੇੜੇ ਵਡਾਲਾ ਚੌਕ, ਜੋ ਚੋਰੀਆਂ ਕਰਨ ਦਾ ਆਦੀ ਹੈ। ਅੱਜ ਉਸ ਨੇ ਟਾਵਰ ਐਨਕਲੇਵ ਫੇਜ਼ 1 ਤੋਂ ਇਕ ਮੋਟਰਸਾਈਕਲ ਨੰ. ਪੀ.ਬੀ. 09 ਵੀ 7539 ਮਾਰਕਾ ਪਲਸਰ ਚੋਰੀ ਕੀਤਾ ਹੈ, ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਇਸ ’ਤੇ ਪੁਲਸ ਨੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਕੁਝ ਸਮੇਂ ’ਚ ਹੀ ਜਲੰਧਰ ਵੱਲੋਂ ਇਕ ਨੌਜਵਾਨ ਮੋਟਰਸਾਈਕਲ ਪਲਸਰ ’ਤੇ ਆਉਂਦਾ ਦਿਖਾਈ ਦਿੱਤਾ, ਜੋ ਅੱਗੇ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਮੋਟਰਸਾਈਕਲ ਪਿੱਛੇ ਮੋੜਨ ਲੱਗਾ ਤਾਂ ਉਹ ਡਿੱਗ ਪਿਆ। ਉਸ ਨੂੰ ਪੁਲਸ ਪਾਰਟੀ ਨੇ ਕਾਬੂ ਕਰ ਲਿਆ। ਮੁਲਜ਼ਮ ਜਸਪ੍ਰੀਤ ਮੋਟਰਸਾਈਕਲ ਦੇ ਕੋਈ ਕਾਗਜ਼ਾਤ ਪੇਸ਼ ਨਾ ਕਰ ਸਕਿਆ। ਮੁਲਜ਼ਮ ਨੇ ਪੁਲਸ ਕੋਲ ਮੰਨਿਆ ਕਿ ਉਸ ਨੇ ਇਹ ਮੋਟਰਸਾਈਕਲ ਟਾਵਰ ਐਨਕਲੇਵ ਫੇਜ਼ 1 ਤੋਂ ਚੋਰੀ ਕੀਤਾ ਸੀ। ਪੁਲਸ ਨੇ ਕੇਸ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ, ਜਿਸ ਉਪਰੰਤ ਮੋਟਰਸਾਈਕਲ ਸਪਲੈਂਡਰ ਨੰਬਰ ਪੀ. ਬੀ. 07 ਟੀ-5615 ਤੇ ਇਕ ਪਲਸਰ ਬਿਨਾਂ ਨੰਬਰੀ ਮੋਟਰਸਾਈਕਲ ਵੀ ਬਰਾਮਦ ਹੋਇਆ। ਉਸ ਦੇ ਇਕ ਨਾਬਾਲਗ ਸਾਥੀ ਨੂੰ ਵੀ ਕਾਬੂ ਕੀਤਾ ਗਿਆ। ਮੁਲਜ਼ਮਾਂ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Aarti dhillon

Content Editor

Related News