ਇਕ-ਇਕ ਪਟਵਾਰੀ ਦੇਖ ਰਿਹੈ 5-5 ਹਲਕਿਅਾਂ ਦਾ ਕੰਮ

Friday, Nov 16, 2018 - 02:21 AM (IST)

ਇਕ-ਇਕ ਪਟਵਾਰੀ ਦੇਖ ਰਿਹੈ 5-5 ਹਲਕਿਅਾਂ ਦਾ ਕੰਮ

ਨਵਾਂਸ਼ਹਿਰ,   (ਤ੍ਰਿਪਾਠੀ)–  ਪਟਵਾਰੀਅਾਂ ਦੀ  ਕਮੀ  ਕਾਰਨ ਵੱਡੇ ਪੱਧਰ ’ਤੇ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਆਮ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸੂਤਰਾਂ ਦੇ ਮੁਤਾਬਕ ਜ਼ਿਲੇ ’ਚ ਇਕ-ਇਕ ਪਟਵਾਰੀ 5-5 ਹਲਕਿਅਾਂ ਦਾ ਕੰਮ ਦੇਖ ਰਿਹਾ ਹੈ ਪਰ ਸਰਕਾਰ ਨਵੀਂ ਭਰਤੀ ਲਈ ਗੰਭੀਰ ਨਹੀਂ ਦਿਸ ਰਹੀ ।

75 ਫੀਸਦੀ ਤੋਂ ਵੱਧ ਪਟਵਾਰੀਆਂ ਦੀਆਂ ਆਸਾਮੀਅਾਂ ਖਾਲੀ
 ਜ਼ਿਲੇ  ’ਚ ਪਟਵਾਰੀਆਂ ਦੀਆਂ ਕੁੱਲ 175 ਆਸਾਮੀਅਾਂ ਵਿਚੋਂ 135 ਆਸਾਮੀਆਂ ਖਾਲੀ ਹਨ। ਜਿਸ ਕਾਰਨ ਸਿਰਫ 40 ਪਟਵਾਰੀਆਂ ਨੂੰ 175 ਪਟਵਾਰ ਹਲਕਿਅਾਂ ਦਾ ਕੰਮ ਕਰਨਾ  ਪੈ ਰਿਹਾ ਹੈ। ਦਿ ਰੈਵੀਨਿਊ ਪਟਵਾਰ ਯੂਨੀਅਨ ਦੇ ਪ੍ਰ੍ਰਧਾਨ ਪਲਵਿੰਦਰ ਸਿੰਘ ਸੂਦ ਨੇ ਦੱਸਿਆ ਕਿ ਅਗਲੇ ਮਹੀਨੇ 10 ਪਟਵਾਰੀ ਹੋਰ ਸੇਵਾਮੁਕਤ ਹੋ ਰਹੇ ਹਨ ਜਿਸ ਉਪਰੰਤ ਜ਼ਿਲੇ ਵਿਚ ਪਟਵਾਰੀਆਂ ਦੀ ਗਿਣਤੀ ਘੱਟ ਕੇ ਸਿਰਫ 30 ਰਹਿ ਜਾਵੇਗੀ। 

ਤੱਤਕਾਲ ਭਰਤੀ ਨਹੀਂ ਹੋਈ ਤਾਂ 2019 ਤਕ  ਜ਼ਿਲੇ ’ਚ ਰਹਿ ਜਾਣਗੇ  10 ਪਟਵਾਰੀ 
 ਦਿ ਰੈਵੇਨਿਊ ਪਟਵਾਰ ਯੂਨੀਅਨ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਅਗਲੇ ਸਾਲ ਦੇ ਅੰਤ ਤਕ 10 ਪਟਵਾਰੀ ਸੇਵਾ ਮੁਕਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਰਤੀ ਤੋਂ ਬਾਅਦ ਇਕ ਪਟਵਾਰੀ ਨੂੰ ਟ੍ਰੇਨਿੰਗ ਕਾਲ ਪੂਰਨ ਕਰਨ ’ਚ ਕਰੀਬ ਢਾਈ ਸਾਲ ਦਾ ਸਮਾਂ ਲੱਗਦਾ ਹੈ ਜਿਸ ਉਪਰੰਤ ਹੀ ਉਹ ਪਟਵਾਰੀ ਦੀ ਕੁਰਸੀ ’ਤੇ ਬੈਠਦਾ ਹੈ। ਅਜਿਹੇ ਵਿਚ ਜੇਕਰ ਪਟਵਾਰੀਆਂ ਦੀ ਭਰਤੀ ਜਲਦ ਨਹੀਂ ਕੀਤੀ ਤਾਂ ਸੇਵਾ ਮੁਕਤੀ ਦੀ ਦਹਿਲੀਜ਼ ’ਤੇ ਖਡ਼੍ਹੇ 20 ਪਟਵਾਰੀਆਂ ਦੇ ਸੇਵਾ ਮੁਕਤ ਹੋਣ ਤੋਂ ਬਾਅਦ  ਜ਼ਿਲੇ ’ਚ ਪਟਵਾਰੀਆਂ ਦੀ ਗਿਣਤੀ 10 ਰਹਿ ਜਾਏਗੀ।
ਸਰਵਰ ਡਾਊਨ ਹੋਣ ਕਾਰਨ ਫਰਦ ਕੇਂਦਰ ਵਿਖੇ ਆਏ ਲੋਕਾਂ ਦੀ ਹੋਈ ਖੱਜਲ-ਖਰਾਬੀ
ਪਟਵਾਰਖਾਨੇ ਦੇ ਵਿਭਾਗ ਨਾਲ ਸਬੰਧਤ ਫਰਦ ਕੇਂਦਰ ਦਾ ਦੌਰਾ ਕਰਨ ’ਤੇ ਪਤਾ ਲੱਗਾ ਕਿ ਸਰਵਰ ਡਾਊਨ ਹੋਣ ਕਰ ਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਤੋਂ ਫਰਦ ਲੈਣ ਲਈ ਆਏ ਨਾਨੂੰ ਅਤੇ ਬਸੰਤੀ ਨੇ ਦੱਸਿਆ ਕਿ ਉਹ 2 ਦਿਨਾਂ ਤੋਂ ਫਰਦ ਨਾ ਮਿਲਣ ਕਾਰਨ ਖੱਜਲ-ਖੁਆਰ ਹੋ ਰਹੇ ਹਨ। ਪਿੰਡ ਬਰਨਾਲਾ ਵਾਸੀ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਸਵੇਰੇ 10 ਵਜੇ  ਤੋਂ ਫਰਦ ਲੈਣ ਦੀ ਉਡੀਕ ਵਿਚ ਬੈਠੀ ਹੈ ਪਰ ਸਰਵਰ ਡਾਊਨ ਹੋਣ ਕਾਰਨ ਫਰਦ ਨਹੀਂ ਮਿਲੀ ਹੈ।  ਇਸੇ ਤਰ੍ਹਾਂ ਪਿੰਡ ਬਜੀਦ ਦੇ ਕੁਲਦੀਪ ਸਿੰਘ ਅਤੇ ਕੋਰਟਰਾਂਝਾ ਦੇ ਸੁਰਿੰਦਰ ਸਿੰਘ ਨੇ ਵੀ ਫਰਦ ਕੇਂਦਰ ’ਤੇ ਹੋ ਰਹੀ ਖੱਜਲ ਖੁਆਰੀ ’ਤੇ ਗੁੱਸੇ ਦਾ ਪ੍ਰਗਟਾਵਾ ਕੀਤਾ। 

10 ਪਟਵਾਰੀਅਾਂ ਨੇ ਘੱਟ ਤਨਖਾਹਾਂ ਕਰ ਕੇ ਟ੍ਰੇਨਿੰਗ ਦੌਰਾਨ ਛੱਡੀ ਨੌਕਰੀ  
 ਦਿ ਰੈਵੇਨਿਊ ਪਟਵਾਰ ਯੂਨੀਅਨ ਦੇ ਇਕ ਮੈਂਬਰ ਨੇ ਦੱਸਿਆ ਕਿ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਜ਼ਿਲੇ ਦੇ ਕੋਟੇ ਤਹਿਤ ਜ਼ਿਲੇ ਵਿਚ 75 ਪਟਵਾਰੀਆਂ ਦੀ ਭਰਤੀ ਕੀਤੀ ਗਈ ਸੀ। ਜਿਨ੍ਹਾਂ ਵਿਚੋਂ 10 ਪਟਵਾਰੀ ਵਧੇਰੇ ਯੋਗਤਾ ਅਤੇ ਘੱਟ ਤਨਖਾਹਾਂ ਕਰ ਕੇ ਟ੍ਰੇਨਿੰਗ ਦੌਰਾਨ ਨੌਕਰੀ ਛੱਡ ਗਏ ਜਦੋਂ ਕਿ 55 ਪਟਵਾਰੀ ਟ੍ਰੇਨਿੰਗ ਦੌਰਾਨ ਅਾਪਣੇ ਤਬਾਦਲੇ ਕਰਵਾ ਕੇ ਮੂਲ ਜ਼ਿਲਿਅਾਂ ’ਚ ਵਾਪਿਸ ਚਲੇ ਗਏ।
 ਪਟਵਾਰੀਅਾਂ ਨੇ ਸਰਕਾਰ ਤੋਂ ਜਲਦ ਖਾਲੀ ਆਸਾਮੀਆਂ ਭਰਨ  ਦੀ ਕੀਤੀ ਮੰਗ
 ਪਟਵਾਰੀਆਂ ਦੀ ਲਗਾਤਾਰ ਘੱਟ ਰਹੀ ਗਿਣਤੀ ਨਾਲ ਵੱਧ ਰਹੇ ਕੰਮ ਦੇ ਬੋਝ ਤੋਂ ਪ੍ਰੇਸ਼ਾਨ ਦਿ ਰੈਵੇਨਿਊ ਪਟਵਾਰ ਯੂਨੀਅਨ ਨੇ ਇਕ ਬੈਠਕ ਕਰ ਕੇ ਸਰਕਾਰ ਤੋਂ ਜਲਦ ਖਾਲੀ ਆਸਾਮੀਆਂ ’ਤੇ ਪਟਵਾਰੀਆਂ ਦੀ ਭਰਤੀ ਕੀਤੇ ਜਾਣ ਦੀ ਮੰਗ ਕੀਤੀ ਹੈ।  
 


Related News