ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 419ਵਾਂ ਪਹਿਲਾ ਪ੍ਰਕਾਸ਼ ਪੁਰਬ 16 ਨੂੰ, ਰਾਗੀ ਜਥੇ ਲਾਉਣਗੇ ਗੁਰਬਾਣੀ ਕੀਰਤਨ ਦੀ ਛਹਿਬਰ

Wednesday, Sep 13, 2023 - 01:50 PM (IST)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 419ਵਾਂ ਪਹਿਲਾ ਪ੍ਰਕਾਸ਼ ਪੁਰਬ 16 ਨੂੰ, ਰਾਗੀ ਜਥੇ ਲਾਉਣਗੇ ਗੁਰਬਾਣੀ ਕੀਰਤਨ ਦੀ ਛਹਿਬਰ

ਜਲੰਧਰ (ਅਰੋੜਾ)–ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਤਖ਼ਤ ਦੇ ਮਾਲਕ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 419ਵਾਂ ਪਹਿਲਾ ਪ੍ਰਕਾਸ਼ ਪੁਰਬ ਵਿਸ਼ਵ ਭਰ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਗੁਰਦੁਆਰਿਆਂ ਤੋਂ 16 ਸਤੰਬਰ ਨੂੰ ਅਲੌਕਿਕ ਨਗਰ ਕੀਰਤਨ ਸਜਾਏ ਜਾਣਗੇ ਅਤੇ ਸਜਾਏ ਜਾ ਰਹੇ ਵਿਸ਼ੇਸ਼ ਦੀਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ ਜਥੇ ਅੰਮ੍ਰਿਤਮਈ ਗੁਰਬਾਣੀ ਕੀਰਤਨ ਦੀ ਛਹਿਬਰ ਲਾਉਣਗੇ।

ਗੁ. ਛੇਵੀਂ ਪਾਤਸ਼ਾਹੀ : ਪ੍ਰਕਾਸ਼ ਪੁਰਬ ਸਬੰਧੀ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਤੋਂ 16 ਸਤੰਬਰ ਨੂੰ ਅੰਮ੍ਰਿਤ ਵੇਲੇ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਅਤੇ ਸਵੇਰ ਤੇ ਸ਼ਾਮ ਸਮੇਂ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸਵੇਰੇ 5 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਹੋਵੇਗਾ, ਜਿਹੜਾ ਨਿਰਧਾਰਿਤ ਰੂਟ ’ਤੇ ਚੱਲਦਾ ਹੋਇਆ ਲਗਭਗ 7.30 ਵਜੇ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਵੇਗਾ। ਉਪਰੰਤ ਭਾਈ ਯਸ਼ਪਾਲ ਸਿੰਘ ਦੀਵਾਲੀ ਦਾ ਰਾਗੀ ਜਥਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰੇਗਾ। ਸਮਾਗਮ ਦੀ ਸਮਾਪਤੀ ਉਪਰੰਤ ਚਾਹ-ਮਠਿਆਈ ਦੇ ਲੰਗਰ ਅਤੁੱਟ ਵਰਤਣਗੇ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼ਾਮ ਸਮੇਂ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਸ ਦੌਰਾਨ ਭਾਈ ਬੇਅੰਤ ਸਿੰਘ ਜੀ ਕਲੇਰਾਂ (ਲੁਧਿਆਣਾ ਵਾਲੇ) ਸੰਗਤਾਂ ਨੂੰ ਅਲੌਕਿਕ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

ਇਹ ਵੀ ਪੜ੍ਹੋ- ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਤੋਂ ਪਹਿਲਾਂ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ

ਗੁ. ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ : ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਜਲੰਧਰ ਤੋਂ 16 ਸਤੰਬਰ ਨੂੰ ਅਲੌਕਿਕ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਕੰਵਲਜੀਤ ਸਿੰਘ ਟੋਨੀ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਵੇਰੇ 5 ਵਜੇ ਸਜਾਇਆ ਜਾ ਰਿਹਾ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਭਾਈ ਜੈਤਾ ਜੀ ਮਾਰਕੀਟ, ਗੁਰੂ ਗੋਬਿੰਦ ਸਿੰਘ ਨਗਰ ਅਤੇ ਐੱਫ. ਸੀ. ਆਈ. ਕਾਲੋਨੀ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਵੇਗਾ। ਨਗਰ ਕੀਰਤਨ ਵਿਚ ਗਤਕਾ ਅਖਾੜੇ ਦੇ ਨੌਜਵਾਨ ਆਪਣੇ ਕਰਤੱਬ ਦਿਖਾਉਣਗੇ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ ਸ਼ਾਮ ਸਮੇਂ 6.30 ਤੋਂ ਰਾਤ 9.30 ਵਜੇ ਤਕ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਸ ਦੌਰਾਨ ਭਾਈ ਬਖਸ਼ੀਸ਼ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਬਰਿੰਦਰ ਸਿੰਘ, ਗਿਆਨੀ ਜਸਪਾਲਵੀਰ ਸਿੰਘ, ਭਾਈ ਸੁਖਵਿੰਦਰ ਸਿੰਘ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ। ਟੋਨੀ ਨੇ ਦੱਸਿਆ ਕਿ ਅੱਸੂ ਮਹੀਨੇ ਦੀ ਸੰਗਰਾਂਦ ਦੇ ਸਬੰਧ ਵਿਚ 17 ਸਤੰਬਰ ਨੂੰ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਤਕ ਵਿਸ਼ੇਸ਼ ਦੀਵਾਨ ਸਜਣਗੇ, ਜਿਸ ਦੌਰਾਨ ਭਾਈ ਜਗਜੀਤ ਸਿੰਘ ਜੀ ਨੂਰ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ। ਦੋਵੇਂ ਦਿਨ ਸਮਾਗਮਾਂ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਣਗੇ।

ਗੁ. ਮਾਡਲ ਟਾਊਨ : ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ ਵਿਖੇ 16 ਸਤੰਬਰ ਨੂੰ ਵਿਸ਼ੇਸ਼ ਦੀਵਾਨ ਅਤੇ ਨਗਰ ਕੀਰਤਨ ਸਜਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ 16 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਅੰਮ੍ਰਿਤ ਵੇਲੇ 3 ਵਜੇ ਆਰੰਭ ਹੋਵੇਗਾ, ਜਿਹੜਾ ਤੈਅ ਰੂਟ ’ਤੇ ਚੱਲਦਿਆਂ ਸਵਾ 4 ਵਜੇ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਵੇਗਾ। ਨਿਤਨੇਮ ਉਪਰੰਤ ਉਪਰੰਤ ਭਾਈ ਬਿਕਰਮਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਫਤਿਹ ਸਿੰਘ ਹਜ਼ੂਰੀ ਰਾਗੀ, ਭਾਈ ਤਜਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਸ਼ਮਸ਼ੇਰ ਸਿੰਘ ਹਜ਼ੂਰੀ ਰਾਗੀ, ਬੀਬੀ ਗੁਰਜੀਤ ਕੌਰ ਤੇ ਬੀਬੀ ਜਸਜੀਤ ਕੌਰ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਸਰਵਣ ਕਰਵਾਉਣਗੇ। ਲਗਭਗ 11.30 ਵਜੇ ਸਮਾਗਮ ਦੀ ਸਮਾਪਤੀ ਉਪਰੰਤ ਖੀਰ ਅਤੇ ਮਾਲ੍ਹ-ਪੂੜਿਆਂ ਦਾ ਲੰਗਰ ਅਤੁੱਟ ਵਰਤੇਗਾ। ਉਨ੍ਹਾਂ ਦੱਸਿਆ ਕਿ ਸੰਗਰਾਂਦ ਦੇ ਦਿਹਾੜੇ ਮੌਕੇ 17 ਸਤੰਬਰ ਨੂੰ ਸਵੇਰ ਅਤੇ ਸ਼ਾਮ ਸਮੇਂ ਵਿਸ਼ੇਸ਼ ਦੀਵਾਨ ਸਜਣਗੇ, ਜਿਸ ਦੌਰਾਨ ਭਾਈ ਯਸ਼ਪਾਲ ਸਿੰਘ ਦੀਵਾਲੀ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰਨਗੇ। ਸਮਾਗਮ ਦੀ ਸਮਾਪਤੀ ਉਪਰੰਤ ਚਾਹ ਦੇ ਲੰਗਰ ਅਤੁੱਟ ਵਰਤਣਗੇ।

ਗੁ. ਡਿਫੈਂਸ ਕਾਲੋਨੀ : ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਡਿਫੈਂਸ ਕਾਲੋਨੀ ਦਸਮੇਸ਼ ਨਗਰ ਜਲੰਧਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 16 ਸਤੰਬਰ ਨੂੰ ਸਜਾਇਆ ਜਾ ਰਿਹਾ ਹੈ।
ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਜਸਬੀਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸਵੇਰੇ 6.30 ਵਜੇ ਆਰੰਭ ਹੋਵੇਗਾ, ਜਿਹੜਾ ਡਿਫੈਂਸ ਕਾਲੋਨੀ ਅਤੇ ਦਸਮੇਸ਼ ਨਗਰ ਤੋਂ ਹੁੰਦਾ ਹੋਇਆ ਸਵੇਰੇ ਲਗਭਗ 9 ਵਜੇ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਵਿਚ ਵੱਖ-ਵੱਖ ਗਤਕਾ ਅਖਾਡ਼ਿਆਂ ਦੇ ਨੌਜਵਾਨ ਆਪਣੇ ਜੰਗਜੂ ਕਰਤੱਬ ਦਿਖਾਉਣਗੇ ਅਤੇ ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਵਾਸਤੇ ਵੱਖ-ਵੱਖ ਪਕਵਾਨਾਂ, ਮਠਿਆਈਆਂ ਤੇ ਫਲ-ਫਰੂਟ ਦੇ ਲੰਗਰ ਲਾਏ ਜਾਣਗੇ।

ਇਹ ਵੀ ਪੜ੍ਹੋ- ਵਹਿਣ ਲੱਗੀ ਉਲਟੀ ਗੰਗਾ, ਦਿੱਲੀ ਤੇ ਚੰਡੀਗੜ੍ਹ ਤੋਂ ਉਦਯੋਗਾਂ ਨੇ ਪੰਜਾਬ ਵੱਲ ਕੀਤਾ ਰੁਖ਼

ਗੁ. ਗੁਰੂ ਨਾਨਕਪੁਰਾ ਸੁਰਾਜਗੰਜ : ਗੁਰਦੁਆਰਾ ਗੁਰੂ ਨਾਨਕਪੁਰਾ, ਮੁਹੱਲਾ ਸੁਰਾਜਗੰਜ, ਸ਼ਹੀਦ ਊਧਮ ਸਿੰਘ ਨਗਰ ਜਲੰਧਰ ਵਿਖੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 16 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਰਾਜੂ ਚਾਵਲਾ ਨੇ ਦੱਸਿਆ ਕਿ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬੀਬੀ ਪਰਮਜੀਤ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ ਤੇ ਸਮੂਹ ਮੈਂਬਰਾਨ ਅਤੇ ਸੰਗਤਾਂ ਦੇ ਸਹਿਯੋਗ ਨਾਲ ਪ੍ਰਕਾਸ਼ ਪੁਰਬ 16 ਸਤੰਬਰ ਨੂੰ ਸ਼ਾਮ 6.30 ਤੋਂ ਰਾਤ 9 ਵਜੇ ਤਕ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸ੍ਰੀ ਸੋਦਰੁ ਰਹਿਰਾਸ ਸਾਹਿਬ ਦੇ ਪਾਠ ਨਾਲ ਹੋਵੇਗੀ। ਉਪਰੰਤ ਭਾਈ ਮਲਕੀਤ ਸਿੰਘ ਅਤੇ ਭਾਈ ਬ੍ਰਹਮਜੋਤ ਸਿੰਘ (ਗੋਪਾਲ ਨਗਰ ਵਾਲੇ) ਦੇ ਰਾਗੀ ਜਥੇ ਸੰਗਤਾਂ ਨੂੰ ਇਲਾਹੀ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਣਗੇ।

ਇਹ ਵੀ ਪੜ੍ਹੋ- 90 ਸਾਲਾ ਬਜ਼ੁਰਗ ਮਾਂ ਦਾ ਚੁੱਪ-ਚੁਪੀਤੇ ਕਰ 'ਤਾ ਸਸਕਾਰ, ਫੁੱਲ ਚੁਗਣ ਵੇਲੇ ਪਰਿਵਾਰ 'ਚ ਪੈ ਗਿਆ ਭੜਥੂ, ਜਾਣੋ ਕਿਉਂ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News