ਪਿਆਜ਼ ਤੇ ਨਾਰੀਅਲ ਲਿਜਾ ਰਹੇ ਟਰੱਕਾਂ ''ਚੋਂ 120 ਕਿਲੋ ਚੂਰਾ ਪੋਸਤ ਸਣੇ 2 ਕਿਲੋ ਅਫੀਮ ਬਰਾਮਦ
Saturday, May 30, 2020 - 12:06 PM (IST)
ਜਲੰਧਰ (ਵਰੁਣ)— ਜਲੰਧਰ ਕਮਿਸ਼ਨਰੇਟ ਪੁਲਸ ਨੇ ਪਿਆਜ਼ ਅਤੇ ਨਾਰੀਅਲ ਦੇ 2 ਟਰੱਕਾਂ 'ਚੋਂ 120 ਕਿਲੋ ਚੂਰਾ ਪੋਸਟ ਅਤੇ 2 ਕਿਲੋ ਅਫੀਮ ਬਰਾਮਦ ਕੀਤੀ ਹੈ। ਪੁਲਸ ਨੇ ਟਰੱਕਾਂ 'ਚ ਸਵਾਰ 4 ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਚੂਰਾ-ਪੋਸਤ ਅਤੇ ਅਫੀਮ ਦੀ ਖੇਪ ਲਿਆ ਰਹੇ ਸਨ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਆਪਣੀ ਟੀਮ ਸਮੇਤ ਜੰਡਿਆਲਾ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਟਰੱਕ 'ਚ ਪਿਆਜ਼ ਲੱਦੇ ਹੋਏ ਸਨ।
ਟਰੱਕ ਨੂੰ ਅਮਰੀਕ ਸਿੰਘ (51) ਉਰਫ ਬਹਾਦਰ ਪੁੱਤਰ ਤਰਲੋਕ ਸਿੰਘ ਨਿਵਾਸੀ ਬਾਬਾ ਬਕਾਲਾ ਚਲਾ ਰਿਹਾ ਸੀ ਅਤੇ ਉਸ ਨਾਲ ਗੁਰਪ੍ਰੀਤ ਸਿੰਘ (35) ਉਰਫ ਗੋਪੀ ਪੁੱਤਰ ਅਰਜੁਨ ਸਿੰਘ ਨਿਵਾਸੀ ਪਿੰਡ ਭਲੋਜਲਾ ਤਰਨਤਾਰਨ ਵੀ ਸਵਾਰ ਸੀ। ਪੁਲਸ ਨੇ ਜਦੋਂ ਡੀਜ਼ਲ ਵਾਲੇ ਟੈਂਕ ਦੇ ਨਾਲ ਉਸੇ ਤਰ੍ਹਾਂ ਬਣੇ ਇਕ ਹੋਰ ਟੈਂਕ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਬੋਰੀਆਂ ਮਿਲੀਆਂ, ਜਿਸ ਵਿਚ 120 ਕਿਲੋ ਚੂਰਾ ਪੋਸਟ ਅਤੇ ਇਕ ਕਿਲੋ ਅਫੀਮ ਸੀ। ਪੁਲਸ ਨੇ ਟਰੱਕ ਸਵਾਰ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ: 'ਟਿੱਡੀ ਦਲ' ਦੇ ਹਮਲੇ ਤੋਂ ਬਚਣ ਲਈ ਜਲੰਧਰ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਦਿੱਤੇ ਇਹ ਨਿਰਦੇਸ਼
ਇਸੇ ਤਰ੍ਹਾਂ ਸੀ. ਆਈ. ਏ. ਸਟਾਫ-1 ਅਤੇ ਸਪੈਸ਼ਲ ਆਪਰੇਸ਼ਨ ਯੂਨਿਟ ਦੇ ਇੰਚਾਰਜ ਅਸ਼ਵਨੀ ਨੰਦਾ ਅਤੇ ਉਨ੍ਹਾਂ ਦੀ ਟੀਮ ਸਮੇਤ ਸੁੱਚੀ ਪਿੰਡ ਨੇੜੇ ਨਾਕਾਬੰਦੀ ਦੌਰਾਨ ਇਕ ਹੋਰ ਟਰੱਕ ਨੂੰ ਰੋਕਿਆ ਗਿਆ, ਜਿਸ ਵਿਚ ਨਾਰੀਅਲ ਲੱਦੇ ਹੋਏ ਸਨ। ਟਰੱਕ ਦੇ ਇਕ ਵਿਸ਼ੇਸ਼ ਕੈਬਿਨ 'ਚੋਂ ਇਕ ਕਿਲੋ ਅਫੀਮ ਬਰਾਮਦ ਹੋਈ। ਪੁਲਸ ਨੇ ਟਰੱਕ ਚਾਲਕ ਅਸ਼ਵਨੀ ਕੁਮਾਰ ਪੁੱਤਰ ਬਿਸ਼ਨ ਚੰਦ ਨਿਵਾਸੀ ਪਟੋਈਆ ਪਿੰਡ ਪਠਾਨਕੋਟ ਅਤੇ ਅਸ਼ਵਨੀ ਕੁਮਾਰ ਪੁੱਤਰ ਪ੍ਰਕਾਸ਼ ਚੰਦ ਨਿਵਾਸੀ ਸਹੋੜਾ, ਪਠਾਨਕੋਟ ਨੂੰ ਕਾਬੂ ਕਰ ਲਿਆ।
ਆਪਣੇ ਘਰ ਚੂਰਾ ਪੋਸਤ ਅਤੇ ਅਫੀਮ ਲੁਕਾਉਣ ਤੋਂ ਬਾਅਦ ਦੇਣੀ ਸੀ ਪਿਆਜ਼ ਦੀ ਡਿਲਿਵਰੀ
ਜਾਂਚ 'ਚ ਪਤਾ ਲੱਗਾ ਕਿ ਅਮਰਜੀਤ ਸਿੰਘ ਕਾਫੀ ਸ਼ਾਤਿਰ ਦਿਮਾਗ ਦਾ ਮਾਲਕ ਹੈ। ਉਸ ਨੇ ਪੁਲਸ ਨੂੰ ਚਕਮਾ ਦੇਣ ਲਈ ਜਲੰਧਰ ਦੇ ਰਸਤੇ ਪਹਿਲਾਂ ਬਾਬਾ ਬਕਾਲਾ ਜਾਣਾ ਸੀ। ਜਿੱਥੇ ਆਪਣੇ ਘਰ 'ਚ 120 ਕਿਲੋ ਚੂਰਾ ਪੋਸਤ ਅਤੇ ਇਕ ਕਿਲੋ ਅਫੀਮ ਲੁਕਾਉਣ ਤੋਂ ਬਾਅਦ ਮੁੜ ਅੰਮ੍ਰਿਤਸਰ ਜਾ ਕੇ ਪਿਆਜ਼ ਦੀ ਡਿਲਿਵਰੀ ਦੇਣੀ ਸੀ। ਜਾਂਚ 'ਚ ਸਾਹਮਣੇ ਆਇਆ ਹੈ ਕਿ ਅਮਰਜੀਤ ਆਪਣੇ ਘਰ 'ਚ ਹੀ ਨਸ਼ਾ ਵੇਚਣ ਦਾ ਕਾਰੋਬਾਰ ਕਰਦਾ ਸੀ। ਪੁਲਸ ਨੇ ਚਾਰੇ ਮੁਲਜ਼ਮਾਂ ਦਾ ਪੁਰਾਣਾ ਰਿਕਾਰਡ ਕਢਵਾਉਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਕਪੂਰਥਲਾ 'ਚ ਦੋ ਹੋਰ ਮਰੀਜ਼ਾਂ ਨੇ 'ਕੋਰੋਨਾ' ਵਿਰੁੱਧ ਕੀਤੀ ਫਹਿਤ ਹਾਸਲ