CIA ਸਟਾਫ਼ ਵੱਲੋਂ ਹਥਿਆਰਾਂ ਦੀ ਨੋਕ ’ਤੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

Thursday, Jan 11, 2024 - 11:40 AM (IST)

CIA ਸਟਾਫ਼ ਵੱਲੋਂ ਹਥਿਆਰਾਂ ਦੀ ਨੋਕ ’ਤੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਜਲੰਧਰ (ਸ਼ੋਰੀ)- ਦਿਹਾਤੀ ਅਤੇ ਪੁਲਸ ਕਮਿਸ਼ਨਰੇਟ ਇਲਾਕੇ ’ਚ ਪਿਸਤੌਲ ਅਤੇ ਹਥਿਆਰਾਂ ਦੀ ਮਦਦ ਨਾਲ ਲੋਕਾਂ ਨੂੰ ਲੁੱਟਣ ਅਤੇ ਵਾਹਨਾਂ ਦੀ ਲੁੱਟ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੌਰਾਨ ਕੇਵਲ 10 ਘੰਟਿਆਂ ’ਚ ਹੀ ਟਰੇਸ ਕਰ ਲਿਆ ਗਿਆ ਹੈ। ਪੁਲਸ ਨੇ ਇਨ੍ਹਾਂ ਕੋਲੋਂ ਚੋਰੀ ਦੀਆਂ 2 ਕਾਰਾਂ, ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਆਦਮਪੁਰ ਇਲਾਕੇ ’ਚ 8 ਅਤੇ 9 ਜਨਵਰੀ ਦੀ ਦੇਰ ਰਾਤ ਅੰਕੁਸ਼ ਰਾਜਾ ਪੁੱਤਰ ਦੇਸ਼ਬੰਧੂ ਸ਼ਰਮਾ ਵਾਸੀ ਪਿੰਡ ਲਹਿਰੂ ਥਾਣਾ ਅੰਬ ਹਿਮਾਚਲ ਪ੍ਰਦੇਸ਼ ਤੋਂ ਹਥਿਆਰਾਂ ਦੀ ਨੋਕ ’ਤੇ ਸੋਨੇ ਦੀ ਚੇਨ, ਮੁੰਦਰੀ, ਆਈਫੋਨ ਆਦਿ ਲੁੱਟ ਲਿਆ ਸੀ। ਇਸ ਸਬੰਧੀ ਥਾਣਾ ਆਦਮਪੁਰ ’ਚ ਲੁਟੇਰਿਆਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ।

ਇਸ ਤੋਂ ਬਾਅਦ ਉਕਤ ਲੁਟੇਰਿਆਂ ਨੇ ਜਲੰਧਰ, ਹੁਸ਼ਿਆਰਪੁਰ ਮੁੱਖ ਮਾਰਗ ’ਤੇ ਉਦੇਸੀਆ ਪੈਟਰੋਲ ਪੰਪ ਨੇੜੇ ਵਿਵੇਕ ਚੱਢਾ ਪੁੱਤਰ ਹੁਸਨ ਲਾਲ ਨੂੰ 5-6 ਵਿਅਕਤੀਆਂ ਨੇ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਅਤੇ ਗੋਲ਼ੀਆਂ ਚਲਾ ਕੇ ਉਸ ਦੀ ਦੇ ਬਰੇਜ਼ਾ ਕਾਰ ਪਿਸਤੌਲ ਦੀ ਨੋਕ ’ਤੇ ਲੁੱਟ ਕੇ ਉਹ ਜਲੰਧਰ ਵੱਲ ਭੱਜਣ ਲੱਗੇ। ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਉਂਦੇ ਹੀ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਨਾਕਾਬੰਦੀ ਤੇ ਪੁਲਸ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ। ਕਾਰ ਲੁੱਟਣ ਦੇ ਮਾਮਲੇ ’ਚ ਪੁਲਸ ਨੇ ਥਾਣਾ ਆਦਮਪੁਰ ’ਚ ਲੁੱਟਖੋਹ ਅਤੇ ਕਤਲ ਦੀ ਕੋਸ਼ਿਸ਼ ਦਾ ਕੇਸ ਵੀ ਦਰਜ ਕੀਤਾ ਹੈ। ਇਸ ਤੋਂ ਬਾਅਦ ਐੱਸ. ਪੀ. (ਡੀ) ਮਨਪ੍ਰੀਤ ਸਿੰਘ ਢਿੱਲੋਂ ਤੇ ਡੀ. ਐੱਸ. ਪੀ ਆਦਮਪੁਰ ਵਿਜੇ ਕੰਵਰਪਾਲ, ਸੀ. ਆਈ. ਏ. ਇੰਚਾਰਜ ਪੁਸ਼ਪਬਾਲੀ, ਥਾਣਾ ਆਦਮਪੁਰ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਖ਼ੁਦ ਫੀਲਡ ’ਚ ਆ ਕੇ ਪੁਲਸ ਗਸ਼ਤ ਕੀਤੀ ਤੇ ਸੂਚਨਾ ਦੇ ਆਧਾਰ ’ਤੇ ਗਿਰੋਹ ਦੇ ਮੈਂਬਰਾਂ ਨੂੰ ਅੰਮ੍ਰਿਤਸ ਦੇ ਛੇਹਰਟਾ ਕੋਲ ਗ੍ਰਿਫਤਾਰ ਕਰ ਲਿਆ, ਜੇਕਰ ਪੁਲਸ ਨੇ ਇਨ੍ਹਾਂ ਨੂੰ ਸਮੇਂ ਸਿਰ ਗ੍ਰਿਫ਼ਤਾਰ ਨਾ ਕੀਤਾ ਹੁੰਦਾ ਤਾਂ ਇਸ ਗਿਰੋਹ ਦੇ ਮੈਂਬਰ ਹੋਰ ਵੀ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਸਨ, ਕਿਉਂਕਿ ਜਿਸ ਸਮੇਂ ਉਹ ਫੜੇ ਗਏ ਸਨ, ਉਸ ਦੌਰਾਨ ਵੀ ਉਹ ਵਾਰਦਾਤ ਦੀ ਫਿਰਾਕ ’ਚ ਸਨ।

ਇਹ ਵੀ ਪੜ੍ਹੋ :  ਨਵਜੋਤ ਸਿੱਧੂ ਦੀਆਂ ਰੈਲੀਆਂ 'ਤੇ ਰਾਜਾ ਵੜਿੰਗ ਦੀ ਖੁੱਲ੍ਹ ਕੇ ਨਾਰਾਜ਼ਗੀ ਆਈ ਬਾਹਰ, ਦਿੱਤੀ ਖੁੱਲ੍ਹੀ ਚੁਣੌਤੀ

ਗੈਂਗ ਦਾ ਸਰਗਨਾ ਹੈ ਅਜੈਪਾਲ, 5 ਮੈਂਬਰਾਂ ਨਾਲ ਚਲਾਉਂਦਾ ਸੀ ਗੈਂਗ
ਪੁਲਸ ਤਫ਼ਤੀਸ਼ ’ਚ ਸਾਹਮਣੇ ਆਇਆ ਹੈ ਕਿ ਗਿਰੋਹ ਦੇ ਸਰਗਨਾ ਅਜੈਪਾਲ ਸਿੰਘ ਉਰਫ਼ ਅਜੇ ਉਰਫ਼ ਰਾਜਾ ਅੰਮਿ੍ਤਸਰੀਆ ਪੁੱਤਰ ਸਵਿੰਦਰ ਸਿੰਘ, ਰਾਹੁਲ ਗਿੱਲ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਗੜ੍ਹਵਾਲੀ, ਅੰਮਿ੍ਤਸਰ, ਸਤਨਾਮ ਸਿੰਘ ਉਰਫ਼ ਸ਼ਾਮੂ ਪੁੱਤਰ ਪਰਮਜੀਤ ਸਿੰਘ , ਅੰਮ੍ਰਿਤਸਰ, ਸ਼ਿਵਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਠੱਠੀ, ਅੰਮ੍ਰਿਤਸਰ, ਰਾਹੁਲ ਉਰਫ਼ ਚੂਹਾ ਪੁੱਤਰ ਮਲਕੀਤ ਸਿੰਘ , ਅੰਮ੍ਰਿਤਸਰ ਤੇ ਸਤਵਿੰਦਰ ਸਿੰਘ ਉਰਫ਼ ਸੰਨੀ ਪੁੱਤਰ ਚਮਕੌਰ ਸਿੰਘ, ਅੰਮ੍ਰਿਤਸਰ ਮਿਲ ਕੇ ਹਾਈਵੇ ’ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲਸ ਨੇ ਪਹਿਲਾਂ ਦਰਜ ਕੇਸਾਂ ’ਚ ਸਾਰਿਆਂ ਨੂੰ ਨਾਮਜ਼ਦ ਕਰ ਲਿਆ ਹੈ।

ਸੂਚਨਾ ਦੇ ਆਧਾਰ ’ਤੇ ਪੁਲਸ ਨੇ ਲੁੱਟੀ ਹੋਈ ਬਰੇਜ਼ਾ ਕਾਰ ਵੀ ਬਰਾਮਦ ਕੀਤੀ ਅਤੇ ਨਾਲ ਹੀ ਮੁਲਜ਼ਮ ਸਤਨਾਮ ਸਿੰਘ ਤੋਂ .31 ਬੋਰ ਸਮੇਤ ਮੈਗਜ਼ੀਨ, 2 ਜ਼ਿੰਦਾ ਕਾਰਤੂਸ, ਰਾਹੁਲ ਕੋਲੋਂ .32 ਬੋਰ ਸਮੇਤ ਇਕ ਮੈਗਜ਼ੀਨ, 2 ਜ਼ਿੰਦਾ ਰੌਂਦ, ਸ਼ਿਵਾ ਕੋਲੋਂ .32 ਬੋਰ ਦਾ 1 ਮੈਗਜ਼ੀਨ, 1 ਜ਼ਿੰਦਾ ਰੌਂਦ ਤੇ ਆਦਮਪੁਰ ਤੋਂ ਲੁੱਟੀ ਕਾਰ ਬਰਾਮਦ ਕੀਤੀ ਹੈ। ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਜੋ ਵਾਰਦਾਤਾਂ ਇਨ੍ਹਾਂ ਨੇ ਜਿਸ ਗੱਡੀ ’ਚ ਕੀਤੀਆਂ ਸਨ, ਉਹ ਗੱਡੀ ਇਨ੍ਹਾਂ ਨੇ 4.1.2024 ਦੀ ਦੇਰ ਰਾਤ ਬੀ. ਐੱਸ. ਐੱਫ. ਚੌਕ ਨੇੜਿਓਂ ਚੋਰੀ ਕੀਤੀ ਸੀ, ਜੋ ਕਿ ਅੰਕੁਸ਼ ਡੋਗਰਾ ਵਾਸੀ 67 ਤੋਪਖਾਨਾ ਬਜ਼ਾਰ, ਜਲੰਧਰ ਕੈਂਟ ਦੀ ਸੀ। ਪੁਲਸ ਨੇ ਚਾਰਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।

ਸਮਾਂ ਰਹਿੰਦੇ ਮੁਲਜ਼ਮ ਨਾ ਫੜੇ ਜਾਂਦੇ ਤਾਂ ਹੋਣੀਆਂ ਸਨ ਹੋਰ ਵਾਰਦਾਤਾਂ : ਐੱਸ. ਐੱਸ. ਪੀ. ਭੁੱਲਰ
ਇਸ ਸਬੰਦੀ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਗਿਰੋਹ ਦੇ 4 ਮੈਂਬਰਾਂ ਨੂੰ ਪੁਲਸ ਨੇ ਸਮੇਂ ਸਿਰ ਕਾਬੂ ਕਰ ਲਿਆ ਹੈ, ਹਾਲਾਂਕਿ ਮੁਲਜ਼ਮ ਅਜੇਪਾਲ ਤੇ ਰਾਹੁਲ ਗਿੱਲ ਫਰਾਰ ਹਨ, ਜਿਨ੍ਹਾਂ ਨੂੰ ਪੁਲਸ ਜਲਦੀ ਹੀ ਕਾਬੂ ਕਰ ਲਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮਾਂ ਨੇ ਪਹਿਲਾਂ ਬੀ. ਐੱਮ. ਸੀ. ਚੌਕ ਤੋਂ ਇਕ ਕਾਰ ਚੋਰੀ ਕੀਤੀ ਤੇ ਉਸ ’ਚ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਆਦਮਪੁਰ ਇਲਾਕੇ ’ਚ ਮੁਲਜ਼ਮਾਂ ਨੇ ਪੈਟਰੋਲ ਪੰਪ ਨੇੜੇ ਬਰੇਜ਼ਾ ਕਾਰ ਲੁੱਟ ਲਈ। ਪੁਲਸ ਨੇ ਇਨ੍ਹਾਂ ਨੂੰ ਸਮੇਂ ਸਿਰ ਨਾ ਫੜਿਆ ਹੁੰਦਾ ਤਾਂ ਹੋਰ ਵੀ ਕਈ ਘਟਨਾਵਾਂ ਵਾਪਰ ਸਕਦੀਆਂ ਸਨ।

ਇਹ ਵੀ ਪੜ੍ਹੋ : ਕੁਫ਼ਰੀ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ, ਰੈੱਡ ਤੇ ਓਰੇਂਜ ਅਲਰਟ ਤੋਂ ਪੰਜਾਬ ਨੂੰ ਮਿਲੀ ਰਾਹਤ, ਜਾਣੋ ਅਗਲੇ ਦਿਨਾਂ ਦਾ ਹਾਲ

ਨਸ਼ੇ ਦੀ ਪੂਰਤੀ ਲਈ ਅੰਮ੍ਰਿਤਸਰ ਤੋਂ ਜਲੰਧਰ ਆ ਕੇ ਕਰਦੇ ਸਨ ਵਾਰਦਾਤਾਂ
ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਸਾਰੇ ਮੁਲਜ਼ਮ ਚਿੱਟੇ ਦਾ ਨਸ਼ਾ ਕਰਦੇ ਸਨ ਅਤੇ ਨਸ਼ੇ ਦੀ ਪੂਰਤੀ ਲਈ ਅੰਮ੍ਰਿਤਸਰ ਤੋਂ ਜਲੰਧਰ ਆ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ ਸਨ। ਬੀ. ਐੱਸ. ਐੱਫ਼. ਚੌਂਕ ਤੋਂ ਕਾਰ ਚੋਰੀ ਕਰਨ ਤੋਂ ਬਾਅਦ ਉਹ ਅੰਮ੍ਰਿਤਸਰ ਜਾ ਕੇ ਉੱਚ ਮਨੋਬਲ ਨਾਲ ਵਾਰਦਾਤਾਂ ਨੂੰ ਅੰਜਾਮ ਦਿੱਤਾ। ਲੋਕਾਂ ਨੂੰ ਲੁੱਟਣ ਤੋਂ ਬਾਅਦ ਸੋਨਾ, ਮਹਿੰਗੇ ਫੋਨ ਆਦਿ ਵੇਚ ਦਿੰਦੇ ਸਨ ਅਤੇ ਫਿਰ ਨਸ਼ਾ ਲੈਂਦੇ ਸਨ। ਅੰਮ੍ਰਿਤਸਰ ਇਲਾਕੇ ’ਚ ਵੀ ਕਈ ਵਾਰਦਾਤਾਂ ਕਰਨ ਤੋਂ ਬਾਅਦ ਸਾਰਿਆਂ ਨੇ ਸੋਚਿਆ ਕਿ ਜਲੰਧਰ ਹਾਈਵੇਅ ’ਤੇ ਵਾਰਦਾਤਾਂ ਕਰਨੀਆਂ ਅਤੇ ਲੁੱਟੀਆਂ ਕਾਰਾਂ ’ਚ ਸਵਾਰ ਹੋ ਕੇ ਉਹ ਪੁਲਸ ਤੋਂ ਬਚ ਸਕਣਗੇ ਪਰ ਦਿਹਾਤੀ ਪੁਲਸ ਨੇ ਗਿਰੋਹ ਦਾ ਭਾਂਡਾ ਭੰਨਿਆ ਤੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਅੰਗੀਠੀ ਬਾਲ ਕੇ ਸੁੱਤੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਦਮ ਘੁੱਟਣ ਨਾਲ ਮਹਿਲਾ ਦੀ ਮੌਤ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News