ਰਿਟਾ. ਆਰਮੀ ਜਵਾਨ ਦੀ ਕੋਠੀ ''ਚ ਚੋਰੀ ਕਰਨ ਵਾਲੇ 2 ਸਕੇ ਭਰਾਵਾਂ ਸਮੇਤ 4 ਗ੍ਰਿਫਤਾਰ

09/13/2018 11:51:52 AM

ਜਲੰਧਰ (ਮਹੇਸ਼)— ਨੈਸ਼ਨਲ ਐਵੇਨਿਊ ਰਾਮਾ ਮੰਡੀ 'ਚ ਸੋਮਵਾਰ ਦੀ ਰਾਤ ਨੂੰ ਰਿਟਾ. ਆਰਮੀ ਜਵਾਨ ਦੀ ਕੋਠੀ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਮਾਮਲੇ 'ਚ ਨੰਗਲ ਸ਼ਾਮਾ (ਦਕੋਹਾ) ਪੁਲਸ ਚੌਕੀ ਦੇ ਏ. ਐੱਸ. ਆਈ. ਕੁਲਦੀਪ ਸਿੰਘ ਨੇ 2 ਸਕੇ ਭਰਾਵਾਂ ਸਮੇਤ 4 ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਚੌਕੀ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਚੋਰੀ ਦਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ, ਜਿਸ 'ਚ 10 ਦਰਵਾਜ਼ੇ, 2 ਫਰਿੱਜਾਂ, 1 ਏ. ਸੀ., 5 ਗਰਿੱਲਾਂ, 1 ਟੁੱਲੂ ਪੰਪ ਅਤੇ 5 ਟੂਟੀਆਂ ਸ਼ਾਮਲ ਹਨ, ਜਦਕਿ ਹੋਰ ਸਾਮਾਨ ਬਰਾਮਦ ਕਰਨਾ ਅਜੇ ਬਾਕੀ ਹੈ।

ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਪੁੱਤਰ ਅਸ਼ੋਕ ਕੁਮਾਰ ਤੋਂ ਇਲਾਵਾ ਗੁਰਸੈਨ ਸਿੰਘ ਉਰਫ ਰਿੰਕੂ ਪੁੱਤਰ ਦਲਜੀਤ ਸਿੰਘ ਤਿੰਨੋਂ ਵਾਸੀ ਨੈਸ਼ਨਲ ਐਵੇਨਿਊ ਅਤੇ ਰਾਹੁਲ ਪੁੱਤਰ ਸ਼ਾਰਾ ਰਾਮ ਵਾਸੀ ਨਜ਼ਦੀਕ ਬ੍ਰਿਟਿਸ਼ ਓਲੀਵੀਆ ਸਕੂਲ ਵਜੋਂ ਹੋਈ ਹੈ। ਚਾਰਾਂ ਖਿਲਾਫ ਰਿਟਾ. ਆਰਮੀ ਜਵਾਨ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦਸਮੇਸ਼ ਗਾਰਡਨ ਕਾਲੋਨੀ ਪਠਾਨਕੋਟ, ਗੁਰਦਾਸਪੁਰ ਦੇ ਬਿਆਨਾਂ 'ਤੇ ਥਾਣਾ ਰਾਮਾ ਮੰਡੀ 'ਚ ਅੰਡਰ ਸੈਕਸ਼ਨ 380 ਅਤੇ 457 ਆਈ. ਪੀ. ਸੀ. ਤਹਿਤ ਮੁਕੱਦਮਾ ਨੰ. 229 ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਕਲ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ।
ਰਿੰਕੂ ਨੇ ਹੀ ਵੇਚੀ ਸੀ ਕੋਠੀ

ਮੁੱਖ ਮੁਲਜ਼ਮ ਗੁਰਸੈਨ ਸਿੰਘ ਰਿੰਕੂ ਨੇ ਹੀ ਰਿਟਾ. ਆਰਮੀ ਜਵਾਨ ਕੁਲਵਿੰਦਰ ਸਿੰਘ ਨੂੰ ਆਪਣੀ ਕੋਠੀ ਵੇਚੀ ਸੀ ਪਰ ਅਜੇ ਤੱਕ ਕੁਲਵਿੰਦਰ ਸਿੰਘ ਇਥੇ ਸ਼ਿਫਟ ਨਹੀਂ ਹੋਏ ਸਨ। ਜਦੋਂ ਉਨ੍ਹਾਂ ਨੇ ਮੰਗਲਵਾਰ ਨੂੰ ਆਪਣੀ ਕੋਠੀ 'ਚ ਆ ਕੇ ਦੇਖਿਆ ਤਾਂ ਕਾਫੀ ਸਾਮਾਨ ਗਾਇਬ ਮਿਲਿਆ। ਉਨ੍ਹਾਂ ਦਾ ਸ਼ੱਕ ਰਿੰਕੂ ਵੱਲ ਇਸ ਲਈ ਗਿਆ, ਕਿਉਂਕਿ ਉਹ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ੇ ਲਈ ਉਸ ਦੀ ਕੋਠੀ 'ਚ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਰਿੰਕੂ ਅਤੇ ਉਸ ਦੇ ਸਾਰੇ ਸਾਥੀ ਨਸ਼ਾ ਕਰਦੇ ਹਨ।


Related News