ਕੇਂਦਰੀ ਜੇਲ ’ਚ 4 ਹਵਾਲਾਤੀਆਂ ਤੋਂ ਨਸ਼ੇ ਵਾਲਾ ਪਾਊਡਰ ਅਤੇ 3 ਮੋਬਾਇਲ ਬਰਾਮਦ
Tuesday, Jul 16, 2019 - 03:00 AM (IST)

ਕਪੂਰਥਲਾ, (ਭੂਸ਼ਣ)- ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ’ਚ ਬੀਤੀ ਰਾਤ ਚਲਾਈ ਗਈ ਸਰਚ ਮੁਹਿੰਮ ਦੇ ਦੌਰਾਨ ਇਕ ਮਹਿਲਾ ਹਵਾਲਾਤੀ ਸਮੇਤ 4 ਹਵਾਲਾਤੀਆਂ ਤੋਂ 3 ਮੋਬਾਇਲ, 3 ਸਿਮ ਕਾਰਡ ਅਤੇ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ’ਚ ਜੇਲ ਪ੍ਰਸ਼ਾਸਨ ਵੱਲੋਂ ਏ. ਆਈ. ਜੀ. ਜੇਲ ਐੱਸ. ਪੀ. ਖੰਨਾ ਦੀ ਨਿਗਰਾਨੀ ’ਚ ਸਾਰੇ ਬੈਰਕਾਂ ਦੀ ਵਿਸ਼ੇਸ਼ ਤੌਰ ’ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸਹਾਇਕ ਸੁਪਰਿੰਡੈਂਟ ਸਤਨਾਮ ਸਿੰਘ ਦੀ ਅਗਵਾਈ ’ਚ ਪੁਲਸ ਟੀਮਾਂ ਨੇ ਹਵਾਲਾਤੀ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਰਣਜੋਧ ਸਿੰਘ ਨਿਵਾਸੀ ਪਿੰਡ ਸਿਧਵਾ ਥਾਣਾ ਸਦਰ ਕਪੂਰਥਲਾ ਅਤੇ ਹਵਾਲਾਤੀ ਜਸਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਬਾਦਸ਼ਾਹਪੁਰ ਥਾਣਾ ਕੋਤਵਾਲੀ ਕਪੂਰਥਲਾ ਤੋਂ ਤਲਾਸ਼ੀ ਦੌਰਾਨ ਇਕ ਮੋਬਾਇਲ, 2 ਸਿਮ ਕਾਰਡ ਅਤੇ 7 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ।
ਦੂਜੇ ਪਾਸੇ ਸਹਾਇਕ ਸੁਪਰਡੈਂਟ ਅਮਰੀਕ ਸਿੰਘ ਅਤੇ ਸੁਸ਼ੀਲ ਕੁਮਾਰ ਦੀ ਅਗਵਾਈ ’ਚ ਪੁਲਸ ਟੀਮਾਂ ਨੇ ਮਹਿਲਾ ਅਤੇ ਪੁਰਖ ਬੈਰਕਾਂ ਦੀ ਤਲਾਸ਼ੀ ਦੌਰਾਨ ਹਵਾਲਾਤੀ ਮਹਿਲਾ ਸੰਦੀਪ ਕੌਰ ਪਤਨੀ ਅਮਰੀਕ ਸਿੰਘ ਵਾਸੀ ਡਾਇਮੰਡ ਐਵੀਨਿਊੂ ਜਲੰਧਰ ਅਤੇ ਕੈਦੀ ਜਗਜੀਵਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਖਾਨਪੁਰ ਥਾਣਾ ਸੁਭਾਨਪੁਰ ਕਪੂਰਥਲਾ ਤੋਂ 2 ਮੋਬਾਇਲ ਅਤੇ ਇਕ ਸਿਮ ਕਾਰਡ ਬਰਾਮਦ ਕੀਤਾ ਗਿਆ। ਚਾਰਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।