ਟੂਰਿਸਟ ਵੀਜ਼ਾ ’ਤੇ ਭਾਰਤ ਆਏ 3 ਇਰਾਨੀ ਨਾਗਰਿਕਾਂ ਨੇ ਚੋਰੀ ਕੀਤੇ 2100 ਕੈਨੇਡੀਅਨ ਡਾਲਰ, ਗ੍ਰਿਫਤਾਰ
Wednesday, Oct 31, 2018 - 03:11 AM (IST)
ਨਵਾਂਸ਼ਹਿਰ, (ਤ੍ਰਿਪਾਠੀ,ਮਨੋਰੰਜਨ)- ਮਨੀਚੇਂਜਰ ਤੋਂ ਹੱਥ ਦੀ ਸਫਾਈ ਨਾਲ 2100 ਕੈਨੇਡੀਅਨ ਡਾਲਰ ਚੋਰੀ ਕਰਨ ਵਾਲੇ 3 ਵਿਦੇਸ਼ੀ (ਇਰਾਨੀ) ਨਾਗਰਿਕਾਂ ਨੂੰ ਪੁਲਸ ਨੇ ਚੋਰੀ ਦੇ 100 ਡਾਲਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਅਾਂ ਡੀ. ਐੱਸ. ਪੀ. ਨਵਾਂਸ਼ਹਿਰ ਮੁਖਤਿਆਰ ਰਾਏ ਨੇ ਕਿਹਾ ਕਿ ਥਾਣਾ ਅੌਡ਼ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੰਕਜ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਅੌਡ਼ ਨੇ ਦੱਸਿਆ ਸੀ ਕਿ ਉਹ ਪਿਛਲੇ 5 ਸਾਲਾਂ ਤੋਂ ਬੱਸ ਅੱਡਾ ਅੌਡ਼ ਵਿਖੇ ਵੈਸਟਰਨ ਯੂਨੀਅਨ (ਮਨੀਚੇਂਜਰ) ਦੀ ਦੁਕਾਨ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਬੀਤੀ 9 ਅਕਤੂਬਰ ਨੂੰ ਉਸਦੀ ਦੁਕਾਨ ’ਤੇ 3 ਵਿਦੇਸ਼ੀ ਵਿਅਕਤੀ ਆਏ ਅਤੇ 100 ਯੂ. ਐੱਸ. ਡਾਲਰ ਦੇ ਕੇ ਪੈਸੇ ਚੇਂਜ ਕਰਨ ਲਈ ਕਿਹਾ। ਉਸਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੱਥ ਵਿਚ ਫਡ਼ੇ 3 ਹਜ਼ਾਰ ਕੈਨੇਡੀਅਨ ਡਾਲਰ ਅਤੇ ਵਿਦੇਸ਼ੀ ਕਰੰਸੀ ਦਿਖਾਉਣ ਲਈ ਕਹਿਣ ’ਤੇ ਉਸਨੇ ਉਕਤ ਵਿਦੇਸ਼ੀ ਕਰੰਸੀ ਉਨ੍ਹਾਂ ਨੂੰ ਦਿੱਖਾ ਦਿੱਤੀ ਅਤੇ ਕੁਝ ਸਮੇਂ ਵਿਚ ਹੀ ਵਾਪਸ ਮੋਡ਼ ਦਿੱਤੀ। ਜਦੋਂ ਉਸਨੇ ਉਨ੍ਹਾਂ ਦੇ ਜਾਣ ਤੋਂ ਬਾਅਦ ਉਕਤ ਕਰੰਸੀ ਦੀ ਗਿਣਤੀ ਕੀਤੀ ਤਾਂ ਉਸ ਵਿਚੋਂ 2100 ਡਾਲਰ ਘੱਟ ਨਿਕਲੇ। ਜੋ ਉਕਤ ਵਿਦੇਸ਼ੀ ਨਾਗਰਿਕਾਂ ਨੇ ਹੱਥ ਦੀ ਸਫਾਈ ਨਾਲ ਚੋਰੀ ਕਰ ਲਏ ਅਤੇ ਦੁਕਾਨ ਅੱਗੇ ਖਡ਼੍ਹੀ ਕੀਤੀ ਕਾਰ ਵਿਚ ਭੱਜ ਗਏ। ਡੀ. ਐੱਸ. ਪੀ. ਨੇ ਦੱਸਿਆ ਕਿ ਉਕਤ ਦੋਸ਼ੀਆਂ ਦੀਆਂ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈਅਾਂ ਤਸਵੀਰਾਂ ਸੋਸ਼ਲ ਮੀਡੀਆ, ਅਖਬਾਰਾਂ ਅਤੇ ਮਨੀਚੇਂਜਰਾਂ ਨੂੰ ਦਿੱਤੀਅਾਂ ਗਈਅਾਂ ਸਨ ਜਿਨ੍ਹਾਂ ਦੇ ਆਧਾਰ ’ਤੇ ਉਕਤ ਦੋਸ਼ੀਆਂ ਦੇ ਬਰਨਾਲਾ ਸ਼ਹਿਰ ਵਿਚ ਹੋਣ ਦੀ ਸੂਚਨਾ ਮਿਲਣ ’ਤੇ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਮਿਲੀ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਮੋਹਮਾਡਰੇਜਾ ਉਰਫ ਹੇਡੇਰੀ ਮੋਗ ਹੈਡਮ ਪੁੱਤਰ ਗੁਲਾਮ ਰਸੂਲ, ਫੇਰੀਡਾਊਨ ਉਰਫ ਹਿਡੇਰੀ ਮੋਗਹੇਡਮ ਅਤੇ ਏੇਜੀਅੋਲਾ ਉਰਫ ਪੋਸ ਪੁੱਤਰ ਗੈਰੀਵੀਹੋਸ਼ਿਅਨ ਵਾਸੀ ਇਰਾਨ ਦੇ ਤੌਰ ’ਤੇ ਹੋਈ। ਜੋ ਭਾਰਤ ਵਿਚ ਟੂਰਿਸਟ ਵੀਜ਼ੇ ’ਤੇ ਆਏ ਹੋਏ ਸਨ। ਪੁਲਸ ਨੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਪਾਸਪੋਰਟ ਅਤੇ 100 ਡਾਲਰ ਉਨ੍ਹਾਂ ਤੋਂ ਬਰਾਮਦ ਕੀਤੇ। ਡੀ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਅਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ। ਇਸ ਮੌਕੇ ਥਾਣਾ ਅੌਡ਼ ਦੇ ਐੱਸ. ਐੱਚ. ਓ. ਇੰਸਪੈਕਟਰ ਮਲਕੀਤ ਸਿੰਘ ਵੀ ਹਾਜ਼ਰ ਸਨ।
ਦੋਸ਼ੀ ਵਿਆਹ ਦੇ ਲਈ ਕੱਪਡ਼ੇ ਖਰੀਦਣ ਆਇਆ ਸੀ ਭਾਰਤ
ਕਾਬੂ ਕੀਤੇ ਗਏ ਕਥਿਤ ਦੋਸ਼ੀਅਾਂ ’ਚੋਂ ਇਕ ਮੁਹੰਮਦ ਹੈਦਰੀ ਉਰਫ ਅਜੀਜ ਨੇ ਦੱਸਿਆ ਕਿ ਉਸਦੀ 15 ਦਿਨ ਬਾਅਦ ਵਿਆਹ ਹੈ। ਵਿਆਹ ਦੇ ਲਈ ਕੱਪਡ਼ੇ ਖਰੀਦਣ ਦੇ ਲਈ ਉਹ ਭਾਰਤ ਆਇਆ ਸੀ । ਉਸਦੇ ਨਾਲ ਕਾਬੂ ਕੀਤੇ ਦੋ ਹੋਰ ਦੋਸ਼ੀਆ ਫੈਰੈਯੂਟੂਨ ਹੈਦਰੀਸ ਐਜੀਜੋਲਾ ਦੋਵੇ ਭਰਾ ਹਨ। ਸ਼ੂਰੂਆਤੀ ਪੁੱਛਗਿਛ ਵਿੱਚ ਪਤਾ ਲੱਗਿਆ ਕਿ ਤਿੰਨਾਂ ਕਥਿਤ ਆਰੋਪੀ ਦਿੱਲੀ ਤੋ ਸੀ.ਆਰ.ਬੀ ਕਾਰ ਕਿਰਾਏ ਤੇ ਲੈ ਕੇ ਅੌਡ਼ ਪਹੁੰਚੇ ਸੀ। ਜਿਥੇ ਉਨ੍ਹਾਂ ਪੰਕਜ ਨੂੰ 100 ਅਮਰੀਕਾ ਡਾਲਰ ਦਿੰਦੇ ਹੋਏ 50 ਡਾਲਰ ਦੀ ਇੰਡੀਆ ਕਰੰਸੀ ਦੇਣ ਅਤੇ 50 ਅਮਰੀਕਾ ਡਾਲਰ ਵਾਪਸ ਦੇਣ ਨੂੰ ਕਿਹਾ ਸੀ। ਇਸੇ ਵਿੱਚ ਉਲਝਾਉਂਦੇ ਹੋਏ ਕਥਿਤ ਦੋਸ਼ੀਅਾਂ ਨੇ ਹੱਥ ਦੀ ਸਫਾਈ ਨਾਲ 2100 ਡਾਲਰ ਚੋਰੀ ਕਰ ਲਏ। ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾ ਤਿੰਨੋਂ ਦੋਸ਼ੀ ਥਾਈਲੈਡ ਤੇ ਮਲੇਸ਼ੀਆ ਵੀ ਘੁੰਮ ਕੇ ਆਏ । ਉਨ੍ਹਾਂ ਦੇ ਪਾਸਪੋਰਟ ’ਤੇ ਇਨ੍ਹਾਂ ਦੋਵੇ ਦੇਸ਼ਾ ਦੇ ਵੀਜੇ ਲੱਗੇ ਹੋਏ ਹਨ।
