ਗਰੀਬ ਗੁੱਜਰ ਪਰਿਵਾਰ ਦੀਆਂ 17 ਮੱਝਾਂ ਸਮੇਤ 22 ਪਸ਼ੂਆਂ ਦੀ ਮੌਤ

08/18/2019 3:06:27 PM

ਕਾਲਾ ਸੰਘਿਆਂ (ਨਿੱਝਰ)— ਜਲੰਧਰ ਰੋਡ 'ਤੇ ਪੁਆਰਾ ਪਿੰਡ ਦੇ ਨਹਿਰੀ ਪੁਲ ਨਜ਼ਦੀਕ ਵਕਫ ਬੋਰਡ ਦੀ ਜ਼ਮੀਨ 'ਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਗਰੀਬ ਗੁੱਜਰ ਪਰਿਵਾਰ ਦੀਆਂ 17 ਮੱਝਾਂ, 4 ਝੋਟੀਆਂ ਅਤੇ 1 ਝੋਟੇ ਸਣੇ 22 ਪਸ਼ੂ ਕਿਸੇ ਗੰਭੀਰ ਬੀਮਾਰੀ ਕਾਰਨ ਮਰ ਗਈਆਂ। ਜਿਸ ਕਾਰਨ ਗੁੱਜਰ ਪਰਿਵਾਰ ਨੂੰ ਵੱਡੀ ਆਰਥਿਕ ਨੁਕਸਾਨ ਦੀ ਸੱਟ ਵੱਜੀ ਹੈ ਅਤੇ ਜੋ 4 ਕੁ ਪਸ਼ੂ ਬਚੇ ਵੀ ਹਨ ਉਹ ਵੀ ਚਾਰਾ ਨਾ ਖਾਣ ਕਾਰਣ ਮਰਨ ਕਿਨਾਰੇ ਬੈਠੇ ਹਨ। ਘਟਨਾ ਸਥਾਨ 'ਤੇ ਪੁੱਜ ਕੇ ਪੀੜਤ ਗੁੱਜਰ ਲਾਲ ਹੁਸੈਨ ਵਾਲੀ ਪਿੰਡ ਪੁਆਰਾ ਅਤੇ ਉਸ ਦੇ ਭਾਣਜੇ ਅਲੀ ਵਾਸੀ ਖਾਨੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ 25-26 ਪਸ਼ੂ ਸਨ, ਜਿਨ੍ਹਾਂ 'ਚੋਂ ਤਕਰੀਬਨ 22 ਪਸ਼ੂ 3 ਦਿਨਾਂ 'ਚ ਮਾਰੇ ਜਾਣ ਕਾਰਨ ਉਨ੍ਹਾਂ ਦਾ ਸਭ ਕੁਝ ਤਬਾਹ ਹੋ ਕੇ ਰਹਿ ਗਿਆ ਹੈ। ਲਾਲ ਹੁਸੈਨ ਆਪਣੀਆਂ 3 ਧੀਆਂ ਨਾਲ ਆਪਣੀ ਪਤਨੀ ਸਮੇਤ ਰਹਿ ਰਿਹਾ ਹੈ ਕਿ ਉਸ ਦੀ ਆਰਥਿਕਤਾ ਦਾ ਇਕੋ ਇਕ ਸੋਮਾ ਦੁਧਾਰੂ ਪਸ਼ੂ ਮੱਝਾਂ 5-5, 7-7 ਕਰਕੇ ਅਚਨਚੇਤ ਮਰਨੀਆਂ ਸ਼ੁਰੂ ਹੋ ਗਈਆਂ। 

ਉਨ੍ਹਾਂ ਦੱਸਿਆ ਕਿ ਪਸ਼ੂ ਹਸਪਤਾਲ ਕੋਹਾਲਾ ਅਤੇ ਵਿਭਾਗ ਦੇ ਜਲੰਧਰ ਦਫਤਰ ਤੋਂ ਵੀ ਡਾਕਟਰ ਟੀਮਾਂ ਪਸ਼ੂਆਂ ਦਾ ਇਲਾਜ ਕਰਨ ਲਈ ਆਈਆਂ, ਜਿਸ ਦੇ ਦੌਰਾਨ 18-20 ਹਜ਼ਾਰ ਰੁਪਏ ਦਵਾਈਆਂ 'ਤੇ ਵੀ ਖਰਚ ਹੋਏ ਪਰ ਫਿਰ ਵੀ ਪਸ਼ੂ ਬਚ ਨਹੀਂ ਪਾਏ। ਉਹ ਇਨ੍ਹਾਂ ਮੱਝਾਂ ਦਾ ਦੁੱਧ ਵੇਚ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ ਕਿ ਹੁਣ ਉਸ ਦੀ ਹਾਲਤ ਰੋਟੀ ਤੋਂ ਵੀ Îਆਵਾਜ਼ਾਰ ਹੋ ਕੇ ਰਹਿ ਗਈ ਹੈ ਤੇ ਘਰਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਲਾਲ ਹੁਸੈਨ ਨੇ ਕਿਹਾ ਕਿ ਜੋ 4 ਪਸ਼ੂ ਜਿਊਂਦੇ ਬਚੇ ਹਨ, ਉਹ ਵੀ ਦੁੱਧ ਨਹੀਂ ਦਿੰਦੇ ਤੇ ਅਜਿਹੇ ਹਾਲਾਤ 'ਚ ਉਸ ਨੂੰ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਔਖਾ ਜਾਪ ਰਿਹਾ ਹੈ।

ਪਸ਼ੂਆਂ ਦੀ ਮੌਤ ਦਾ ਕਾਰਨ ਨਹੀਂ ਹੋ ਸਕਿਆ ਸਪੱਸ਼ਟ
ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਪਿਛਲੇ ਕੁਝ ਸਮੇਂ ਤੋਂ ਪਸ਼ੂਆਂ ਦੇ ਅਚਨਚੇਤ ਮਰਨ ਦਾ ਰੁਝਾਨ ਚਲ ਰਿਹਾ ਹੈ ਪਰ ਇਸ ਦਾ ਕਾਰਨ ਗਲਕੋਟੂ ਬੀਮਾਰੀ, ਛੂਤ ਦੀ ਬੀਮਾਰੀ ਜਾਂ ਫਿਰ ਹਰੇ ਚਾਰੇ 'ਚ ਖਾਦ ਜਾਂ ਕਿਸੇ ਜ਼ਹਿਰੀਲੇ ਤੱਤ ਦੀ ਵਧੇਰੇ ਮਾਤਰਾ ਹੈ, ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਰਿਹਾ। ਲਾਲ ਹੁਸੈਨ ਮੁਤਾਬਕ ਮਰ ਰਹੇ ਪਸ਼ੂਆਂ ਦੀ ਮੌਤ ਦੌਰਾਨ ਜੀਭ ਬਾਹਰ ਆ ਜਾਂਦੀ ਹੈ, ਅੱਖਾਂ ਅੰਦਰ ਵੜ ਜਾਂਦੀਆਂ ਹਨ ਅਤੇ ਗੋਹੇ ਨਾਲ ਖੂਨ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪਸ਼ੂਆਂ ਲਈ ਵਰਤੇ ਜਾਂਦੇ ਹਰੇ ਚਾਰੇ ਪੱਠੇ ਦੀ ਵਰਤੋਂ ਉਸੇ ਥਾਂ ਤੋਂ ਕਈ ਹੋਰ ਪਸ਼ੂ ਪਾਲਕ ਵੀ ਕਰ ਰਹੇ ਹਨ ਪਰ ਉਨ੍ਹਾਂ ਦੇ ਪਸ਼ੂ ਤੰਦਰੁਸਤ ਹਨ। ਉਨ੍ਹਾਂ ਦੱਸਿਆ ਕਿ ਹਰੇ ਚਾਰੇ ਦੀ ਲੈਬ 'ਚੋਂ ਜਾਂਚ ਕਰਵਾਉਣ ਲਈ ਸੈਂਪਲ ਭੇਜੇ ਗਏ ਹਨ, ਜਿਸ ਦੀ ਰਿਪੋਰਟ ਤੋਂ ਹੀ ਕਾਰਣ ਸਪੱਸ਼ਟ ਹੋ ਸਕੇਗਾ। ਇਸ ਸਬੰਧੀ ਪਸ਼ੂ ਵਿਭਾਗ ਦੇ ਅਧਿਕਾਰੀ ਡਾ. ਸਤਬੀਰ ਸਿੰਘ ਬਾਜਵਾ ਨੇ ਮੀਡੀਆ ਨਾਲ ਗੱਲਬਾਤ 'ਚ ਦੱਸਿਆ ਕਿ ਕਾਰਣ ਜਾਂਚ ਉੁਪਰੰਤ ਹੀ ਸਪੱਸ਼ਟ ਹੋ ਸਕਦੇ ਹਨ ਪਰ ਹਰੇ ਚਾਰੇ ਵਿਚ ਨਾਈਟਰੇਟ ਦੀ ਵਧੇਰੇ ਮਾਤਰਾ ਵੀ ਸੰਭਵ ਕਾਰਣਾਂ 'ਚ ਇਕ ਹੋ ਸਕਦਾ ਹੈ ਯੂਰੀਆ ਦੀ ਵਧੇਰੇ ਵਰਤੋਂ ਘਾਤਕ ਸਿੱਧ ਹੋ ਰਹੀ ਹੈ।

ਹੱਡਾਰੋੜੀ ਨਾ ਹੋਣ ਕਾਰਨ ਮਰੇ ਪਸ਼ੂਆਂ ਨੂੰ ਸੰਭਾਲਣ ਦਾ ਵੱਡਾ ਸੰਕਟ 
ਪੀੜਤ ਗੁੱਜਰ ਲਾਲ ਹੁਸੈਨ, ਜਿਸ ਦਾ ਕਰੀਬ 12 ਲੱਖ ਤੋਂ ਵੱਧ ਆਰਥਿਕ ਨੁਕਸਾਨ 22 ਪਸ਼ੂ ਮਰਨ ਨਾਲ ਹੋ ਗਿਆ ਹੈ, ਦੀਆਂ ਮੁਸੀਬਤਾਂ ਉਸ ਵਕਤ ਹੋਰ ਵੱਧ ਗਈਆਂ, ਜਦ ਪਿੰਡ ਪੁਆਰਾ ਵਿਖੇ ਹੱਡਾਰੋੜੀ ਨਾ ਹੋਣ ਕਾਰਣ ਮ੍ਰਿਤਕ ਪਸ਼ੂਆਂ ਦੀ ਸੰਭਾਲ ਕਰਨ ਦਾ ਵੱਡਾ ਸੰਕਟ ਆਣ ਖੜ੍ਹਾ ਹੋਇਆ ਤੇ ਉਸ ਨੇ ਕਿਰਾਏ 'ਤੇ ਇਕ ਮਸ਼ੀਨ ਰਾਹੀਂ ਪਸ਼ੂ ਚੁਕਵਾਏ ਤੇ ਗੱਡੀ ਕਿਰਾਏ 'ਤੇ ਕਰ ਕੇ 8-10 ਹਜ਼ਾਰ ਰੁਪਏ ਖਰਚ ਕਰ ਕੇ ਮਰੇ ਪਸ਼ੂ ਬੂਟਾ ਮੰਡੀ ਜਲੰਧਰ ਵਿਖੇ ਪਹੁੰਚਾਏ।

ਸਰਕਾਰ ਤੋਂ ਯੋਗ ਮੁਆਵਜ਼ੇ ਦੀ ਮੰਗ
ਪੀੜਤ ਪਰਿਵਾਰ ਦੇ ਮੁਖੀ ਲਾਲ ਹੁਸੈਨ, ਸੁਖਵਿੰਦਰ ਸਿੰਘ ਸੁੱਖਾ ਸਾਬਕਾ ਸਰਪੰਚ ਲੱਲੀਆਂ ਕਲਾਂ, ਸੁਖਬੀਰ ਸਿੰਘ ਡੱਬ, ਬਾਬੂਦੀਨ ਨਿੱਝਰਾਂ, ਸਮਸ਼ਦੀਨ ਲੱਲੀਆਂ, ਅਲੀ ਖਾਨੋਵਾਲ ਤੇ ਅਮਰੀਕ ਦੀਨ ਨੇ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕਰਦਿਆਂ ਪੀੜਤ ਪਰਿਵਾਰ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਢੁੱਕਵਾਂ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।


shivani attri

Content Editor

Related News