ਲੁੱਟਾਂ-ਖੋਹਾਂ ਕਰਨ ਵਾਲੇ 2 ਵਿਅਕਤੀ ਗ੍ਰਿਫਤਾਰ
Tuesday, Dec 11, 2018 - 01:28 AM (IST)

ਰੂਪਨਗਰ, (ਵਿਜੇ)- ਸਵਪਨ ਸ਼ਰਮਾ, ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਸ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰੂਪਨਗਰ ਪੁਲਸ ਵੱਲੋਂ ਭੈਡ਼ੇ ਅਨਸਰਾਂ ਵਿਰੁੱਧ ਛੇਡ਼ੀ ਗਈ ਮੁਹਿੰਮ ਤਹਿਤ ਲੁੱਟਾਂ-ਖੋਹਾਂ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਇਹ ਪ੍ਰਗਟਾਵਾ ਕਰਦਿਆਂ ਬਲਵਿੰਦਰ ਸਿੰਘ, ਪੀ.ਪੀ.ਐੱਸ. ਪੁਲਸ ਕਪਤਾਨ (ਜਾਂਚ) ਰੂਪਨਗਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ-1 ਰੂਪਨਗਰ ਦੇ ਇੰਚਾਰਜ ਇੰਸਪੈਕਟਰ ਦੀਪਿੰਦਰ ਸਿੰਘ ਦੀ ਪੁਲਸ ਪਾਰਟੀ, ਜਿਸ ਦੀ ਅਗਵਾਈ ਐੱਸ.ਆਈ. ਰਕੇਸ਼ਬਿੰਦਰ ਸਿੰਘ ਕਰ ਰਹੇ ਸਨ, ਜਿਨ੍ਹਾਂ ਨੂੰ ਮੁਖਬਰੀ ਹੋਈ ਕਿ ਅਜੀਤ ਸਿੰਘ ਉਰਫ ਗਗਨ ਪੁੱਤਰ ਦਵਿੰਦਰ ਸਿੰਘ ਵਾਸੀ ਵਾਰਡ ਨੰ. 9 ਮੋਰਿੰਡਾ, ਜਿਸ ਨਾਲ ਉਸ ਦਾ ਇਕ ਹੋਰ ਸਾਥੀ ਹੈ, ਮੋਟਰਸਾਈਕਲ ’ਤੇ ਮੋਬਾਇਲ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਮੋਟਰਸਾਈਕਲ ਵੀ ਚੋਰੀ ਕਰਦੇ ਹਨ, ਜੋ ਅੱਜ ਵੀ ਰੂਪਨਗਰ ਸ਼ਹਿਰ ਵਿਚ ਘੁੰਮ ਰਹੇ ਹਨ। ਲਾਈਟਾਂ ਵਾਲੇ ਚੌਕ, ਚਮਕੌਰ ਸਾਹਿਬ ਰੋਡ, ਰੂਪਨਗਰ ’ਤੇ ਨਾਕਾਬੰਦੀ ਦੌਰਾਨ ਇਹ ਦੋਵੇਂ ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੈਕਸ ਸਿਟੀ ਹਸਪਤਾਲ ਰੂਪਨਗਰ ਵਲੋਂ ਆ ਰਹੇ ਸਨ, ਤਾਂ ਅਜੀਤ ਸਿੰਘ ਉਰਫ ਗਗਨ ਨੂੰ ਨਾਕਾ ਪਾਰਟੀ ਵਲੋਂ ਗ੍ਰਿਫਤਾਰ ਕੀਤਾ ਗਿਆ, ਜਿਸ ਦਾ ਇਕ ਸਾਥੀ ਭੱਜਣ ’ਚ ਸਫਲ ਹੋ ਗਿਆ। ਜਿਨ੍ਹਾਂ ਖਿਲਾਫ ਮੁਕੱਦਮਾ ਥਾਣਾ ਸਿਟੀ ਰੂਪਨਗਰ ਦਰਜ ਕੀਤਾ ਗਿਆ ਹੈ। ਅਜੀਤ ਸਿੰਘ ਦੇ ਸਾਥੀ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ, ਜੋ ਨਾਬਾਲਗ ਹੈ। ਇਨ੍ਹਾਂ ਪਾਸੋਂ 8 ਚੋਰੀ ਕੀਤੇ ਮਹਿੰਗੇ ਮੋਬਾਇਲ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਲਗਭਗ ਕੀਮਤ 150000/- ਰੁਪਏ ਬਣਦੀ ਹੈ। ਪੁਲਸ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਜੀਤ ਸਿੰਘ ਉਰਫ ਗਗਨ ਦੇ ਖਿਲਾਫ ਪਹਿਲਾਂ ਵੀ ਸਨੈਚਿੰਗ ਦੇ 2 ਮੁਕੱਦਮੇ ਥਾਣਾ ਸੈਕਟਰ 11 ਚੰਡੀਗਡ਼੍ਹ ਅਤੇ ਇਕ ਮੁਕੱਦਮਾ ਥਾਣਾ ਬਸੀ ਪਠਾਣਾ ਜ਼ਿਲਾ ਫਤਿਹਗਡ਼੍ਹ ਸਾਹਿਬ ਵਿਖੇ ਦਰਜ ਹਨ। ਜਿਨ੍ਹਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।