ਨਕਲੀ ਪਿਸਤੌਲ ਵਿਖਾ ਕੇ ਪੈਟਰੋਲ ਪੰਪ ਲੁੱਟਣ ਦੀ ਕੋਸ਼ਿਸ਼, 2 ਲੁਟੇਰੇ ਕਾਬੂ

08/23/2019 12:29:43 AM

ਜਲੰਧਰ (ਵਰੁਣ)— ਅਰਬਨ ਅਸਟੇਟ ਫੇਸ-1 'ਚ ਗੰਦੇ ਨਾਲੇ ਨੇੜੇ ਸਥਿਤ ਪੈਟਰੋਲ ਪੰਪ 'ਤੇ ਬਾਈਕ ਸਵਾਰ ਦੋ ਲੁਟੇਰਿਆਂ ਨੇ ਪਿਸਤੌਲ ਵਿਖਾ ਕੇ ਪੈਟਰੋਲ ਪੰਪ ਲੁੱਟਣ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਨੇ ਇਕ ਕਰਿੰਦੇ ਦੀ ਬਾਂਹ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਦੇ ਹੱਥੋਂ ਪੈਸਿਆਂ ਵਾਲਾ ਬੈਗ ਵੀ ਖੋਹ ਲਿਆ ਪਰ ਸਟਾਫ ਦੇ ਮੈਂਬਰਾਂ ਨੇ ਦੋਵਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਨੂੰ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਦੋਵਾਂ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਥਾਣਾ ਨੰਬਰ 7 ਦੇ ਇੰਚਾਰਜ ਨਵੀਨ ਪਾਲ ਨੇ ਦੱਸਿਆ ਕਿ ਵੀਰਵਾਰ ਨੂੰ ਦਿਨ ਦਿਹਾੜੇ ਬਾਈਕ ਸਵਾਰ ਦੋ ਲੁਟੇਰੇ ਅਰਬਨ ਅਸਟੇਟ ਫੇਸ-1 'ਚ ਗੰਦੇ ਨਾਲੇ ਕੋਲ ਸਥਿਤ ਪੈਟਰੋਲ ਪੰਪ 'ਚ ਪੈਟਰੋਲ ਪੁਆਉਣ ਲਈ ਆਏ ਸਨ। ਇਸ ਦੌਰਾਨ ਬਾਈਕ ਦੇ ਪਿੱਛੇ ਬੈਠੇ ਲੁਟੇਰੇ ਨੇ ਪਿਸਤੌਲ ਕੱਢ ਕੇ ਇਕ ਕਰਿੰਦੇ 'ਤੇ ਤਾਣ ਦਿੱਤੀ ਤੇ ਉਸ ਦੀ ਬਾਂਹ 'ਤੇ ਤੇਜ਼ਧਾਰ ਹਥਿਆਰ ਮਾਰ ਕੇ ਪੈਸਿਆਂ ਦਾ ਬੈਗ ਖੋਹ ਲਿਆ। ਜਿਵੇਂ ਹੀ ਪੰਪ 'ਤੇ ਕੰਮ ਕਰਨ ਵਾਲਿਆਂ ਨੂੰ ਸ਼ੱਕ ਹੋਇਆ ਕਿ ਪਿਸਤੌਲ ਨਕਲੀ ਹੈ ਤਾਂ ਉਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਤੇ ਪੈਸਿਆਂ ਵਾਲਾ ਬੈਗ ਵਾਪਸ ਲੈ ਲਿਆ। ਪੰਪ ਦੇ ਮਾਲਕ ਗੁਰਮੁਖ ਸਿੰਘ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਕੁਝ ਦੇਰ ਬਾਅਦ ਹੀ ਥਾਣਾ ਨੰ. 7 ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਦੋਵਾਂ ਲੁਟੇਰਿਆਂ ਨੂੰ ਕਾਬੂ ਕਰ ਉਨ੍ਹਾਂ ਦੇ ਬਾਈਕ ਨੂੰ ਵੀ ਕਬਜ਼ੇ 'ਚ ਲੈ ਲਿਆ। ਤੇਜ਼ਧਾਰ ਹਥਿਆਰ ਲੱਗਣ ਨਾਲ ਜ਼ਖ਼ਮੀ ਹੋਇਆ ਪੰਪ 'ਚ ਕੰਮ ਕਰਨ ਵਾਲਾ ਵਿਕਟਰ ਵਾਸੀ ਬੂਟਾ ਪਿੰਡ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇੰਸ. ਨਵੀਨਪਾਲ ਦਾ ਕਹਿਣਾ ਹੈ ਕਿ ਬੈਗ 'ਚ 70 ਹਜ਼ਾਰ ਰੁਪਏ ਸਨ। ਮੁਲਜ਼ਮਾਂ ਦੀ ਪਛਾਣ ਪਰਮਜੀਤ ਸਿੰਘ ਪੰਮਾ ਪੁੱਤਰ ਮੁਖਤਿਆਰ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਧੀਣਾ ਅਤੇ ਕੁਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਪ੍ਰਤਾਪ ਸਿੰਘ ਵਾਸੀ ਕਪੂਰਥਲਾ ਦੇ ਤੌਰ 'ਤੇ ਹੋਈ ਹੈ।


KamalJeet Singh

Content Editor

Related News