ਨਵਾਂਸ਼ਹਿਰ ਦੇ ਵਰਮਾ ਕਲੈਕਸ਼ਨ ’ਤੇ ਫਾਈਰਿੰਗ ਕਰਨ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ 2 ਹੋਰ ਮੁਲਜ਼ਮ ਗ੍ਰਿਫ਼ਤਾਰ

Monday, Jan 05, 2026 - 04:19 PM (IST)

ਨਵਾਂਸ਼ਹਿਰ ਦੇ ਵਰਮਾ ਕਲੈਕਸ਼ਨ ’ਤੇ ਫਾਈਰਿੰਗ ਕਰਨ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ 2 ਹੋਰ ਮੁਲਜ਼ਮ ਗ੍ਰਿਫ਼ਤਾਰ

ਨਵਾਂਸ਼ਹਿਰ (ਤ੍ਰਿਪਾਠੀ)-ਪੁਲਸ ਨੇ ਨਵਾਂਸ਼ਹਿਰ ਦੇ ਮੂਸਾਪੁਰ ਰੋਡ ’ਤੇ ਬਾਬਾ ਬਾਲਕ ਨਾਥ ਮੰਦਿਰ ਦੇ ਪਿੱਛੇ ਸਥਿਤ ਵਰਮਾ ਕਲੈਕਸ਼ਨ ’ਤੇ ਫਾਈਰਿੰਗ ਕਰਨ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ 2 ਹੋਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਇਕ 32 ਬੋਰ ਦਾ ਪਿਸਤੌਲ, ਇਕ ਜ਼ਿੰਦਾ ਅਤੇ ਦੋ ਫਾਇਰ ਕੀਤੇ ਕਾਰਤੂਸ, ਇਕ 30 ਬੋਰ ਦਾ ਪਿਸਤੌਲ ਬਿਨਾਂ ਮੈਗਜ਼ੀਨ, ਦੋ ਜ਼ਿੰਦਾ 9 ਐੱਮ. ਐੱਮ. ਕਾਰਤੂਸ ਅਤੇ ਇਕ ਮੈਗਜ਼ੀਨ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ: ਰੂਸ-ਯੂਕਰੇਨ ਦੀ ਜੰਗ 'ਚ ਮਾਰੇ ਗਏ ਜਲੰਧਰ ਦੇ ਮਨਦੀਪ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਕੀਤਾ ਇਨਕਾਰ

ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਸੁਖਜਿੰਦਰ ਸਿੰਘ ਉਰਫ਼ ਬੌਬੀ ਨੂੰ ਪਿਛਲੇ ਦਿਨੀਂ ਪੁਲਸ ਨੇ ਪੁਲਸ ਮੁਕਾਬਲੇ ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਅੱਜ ਇਕ ਪ੍ਰੈੱਸ ਕਾਨਫ਼ਰੰਸ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੁਲਸ ਮੁਕਾਬਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸੁਖਜਿੰਦਰ ਸਿੰਘ ਉਰਫ਼ ਬੌਬੀ ਤੋਂ ਕੀਤੀ ਪੁੱਛ ਪੜਤਾਲ ਵਿਚ ਖ਼ੁਲਾਸਾ ਕੀਤਾ ਸੀ ਕਿ ਇੰਗਲੈਂਡ ਵਿਚ ਰਹਿੰਦੇ ਜ਼ਿਲ੍ਹਾ ਜਲੰਧਰ ਦੇ ਆਪਣੇ ਦੋਸਤ ਹਰਜੀਤ ਸਿੰਘ ਭੰਡਾਲ ਦੇ ਨਿਰਦੇਸ਼ਾਂ ’ਤੇ ਰਣਵੀਰ ਸਿੰਘ ਉਰਫ਼ ਰੈਂਬੋ ਅਤੇ ਆਦਿੱਤਿਆ ਉਰਫ਼ ਨੰਨੂ, ਵਾਸੀ ਕਲਿਆਣਪੁਰ, ਥਾਣਾ ਲਾਂਬੜਾਂ ਜ਼ਿਲ੍ਹਾ ਜਲੰਧਰ ਨਾਲ ਮਿਲ ਕੇ ਨਵਾਂਸ਼ਹਿਰ ਦੇ ਵਰਮਾ ਕਲੈਕਸ਼ਨ ’ਤੇ ਫਾਈਰਿੰਗ ਕਰਨ ਲਈ ਆਏ ਸੀ।

ਇਹ ਵੀ ਪੜ੍ਹੋ: ਜਲੰਧਰ-ਅੰਮ੍ਰਿਤਸਰ NH 'ਤੇ ਵੱਡਾ ਹਾਦਸਾ! ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਕਾਰ ਦੇ ਉੱਡੇ ਪਰਖੱਚੇ

ਐੱਸ. ਐੱਸ. ਪੀ. ਨੇ ਦੱਸਿਆ ਕਿ ਰਣਵੀਰ ਸਿੰਘ ਦਾ ਦੋਸਤ ਹਰਜੀਤ ਸਿੰਘ ਭੰਡਾਲ ਯੂ. ਕੇ. ਕੇਸ ਦੇ ਇਕ ਮੁਲਜ਼ਮ ਜਸਕਰਨ ਸਿੰਘ ਉਰਫ਼ ਕੰਨੂ, ਵਾਸੀ ਕੁੱਕੜ ਮਜ਼ਾਰਾ ਦੇ ਸੰਪਰਕ ਵਿਚ ਸੀ, ਜੋ ਇਸ ਸਮੇਂ ਅਮਰੀਕਾ ਵਿਚ ਰਹਿੰਦਾ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਹੈ ਕਿ 27 ਦਸੰਬਰ ਨੂੰ ਉਨ੍ਹਾਂ ਨੇ ਜਲੰਧਰ ਪੱਛਮੀ ਇਲਾਕੇ ਵਿਚ ਇਕ ਸੁਨਿਆਰੇ ਦੀ ਦੁਕਾਨ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਦੁਕਾਨਦਾਰ ਅਤੇ ਉਸ ਦੀ ਪਤਨੀ ਵੱਲੋਂ ਵਿਰੋਧ ਕਰਨ ’ਤੇ ਇਹ ਕੋਸ਼ਿਸ਼ ਅਸਫ਼ਲ ਹੋ ਗਈ ਅਤੇ ਉਨ੍ਹਾਂ ਦਾ ਮੈਗਜ਼ੀਨ ਵੀ ਉੱਥੇ ਡਿੱਗ ਗਿਆ ਸੀ।

ਇਹ ਵੀ ਪੜ੍ਹੋ: ਸਕੂਲਾਂ 'ਚ ਵੱਧ ਗਈਆਂ ਛੁੱਟੀਆਂ! ਹੁਣ ਇੰਨੀ ਤਾਰੀਖ਼ ਤੱਕ ਨਹੀਂ ਖੁੱਲ੍ਹਣਗੇ ਸਕੂਲ, ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ

ਜਿਸ ਨੂੰ ਜਲੰਧਰ ਪੁਲਸ ਨੇ ਬਰਾਮਦ ਕਰ ਲਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਕਪੂਰਥਲਾ ਸੀਮਾ ਵਿਚ ਪੈਂਦੇ ਤਿੰਨ ਪੈਟਰੋਲ ਪੰਪਾਂ ਤੋਂ ਨਕਦੀ ਲੁੱਟੀ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੇ ਤਿੰਨ ਮੁਲਜ਼ਮਾਂ, ਜਿਨ੍ਹਾਂ ਵਿਚ ਸੁਖਜਿੰਦਰ ਸਿੰਘ ਉਰਫ਼ ਬੌਬੀ, ਰਣਵੀਰ ਸਿੰਘ ਉਰਫ਼ ਰੈਂਬੋ ਅਤੇ ਆਦਿੱਤਿਆ ਉਰਫ਼ ਨੰਨੂ ਸ਼ਾਮਲ ਹਨ, ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲੈ ਲਿਆ ਹੈ, ਜਦਕਿ ਬਾਕੀ ਦੋ ਮੁਲਜ਼ਮ, ਹਰਜੀਤ ਭੰਡਾਲ, ਯੂਕੇ ਵਿੱਚ ਅਤੇ ਜਸਕਰਨ ਉਰਫ਼ ਕੰਨੂ ਅਮਰੀਕਾ ਵਿੱਚ ਹਨ। ਇਸ ਮੌਕੇ ਐੱਸ. ਪੀ (ਜਾਂਚ) ਸਰਵਜੀਤ ਸਿੰਘ ਵਾਹੀਆ, ਡੀ. ਐੱਸ. ਪੀ. ਰਾਜਕੁਮਾਰ ਅਤੇ ਡੀ. ਐੱਸ. ਪੀ. ਨਿਰਮਲ ਸਿੰਘ, ਐੱਸ. ਐੱਚ. ਓ. ਸਿਟੀ ਨਵਾਂਸ਼ਹਿਰ ਇੰਸਪੈਕਟਰ ਅਵਤਾਰ ਸਿੰਘ ਅਤੇ ਸੀ. ਆਈ. ਏ. ਇੰਚਾਰਜ ਇੰਸਪੈਕਟਰ ਨੀਰਜ ਚੌਧਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ:  ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੋ ਗਿਆ ਵੱਡਾ ਬਦਲਾਅ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News