17 ਤੋਲੇ ਸੋਨੇ ਦੇ ਗਹਿਣਿਆਂ ਸਮੇਤ ਦੋ ਨੌਜਵਾਨ ਕਾਬੂ, ਹੋਰ ਕੀਮਤੀ ਸਾਮਾਨ ਹੋਇਆ ਬਰਾਮਦ

04/24/2019 6:32:05 PM

ਭੁਲੱਥ (ਰਜਿੰਦਰ, ਭੂਪੇਸ਼)— ਥਾਣਾ ਭੁਲੱਥ ਦੀ ਪੁਲਸ ਨੇ ਚੋਰੀਆਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਨੌਜਵਾਨਾਂ ਕੋਲੋਂ ਪੁਲਸ ਨੇ 17 ਤੋਲੇ ਸੋਨੇ ਦੇ ਗਹਿਣੇ, 2 ਮੋਬਾਇਲ, ਚਾਂਦੀ ਦੇ ਗਹਿਣੇ, ਇਕ ਜੈਨ ਕਾਰ, ਮੋਟਰ ਸਾਈਕਲ ਤੇ ਜੂਪੀਟਰ ਸਕੂਟਰੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਸਬ ਡਵੀਜ਼ਨ ਭੁਲੱਥ ਦੀ ਏ. ਐੱਸ. ਪੀ. ਡਾ. ਸਿਮਰਤ ਕੌਰ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦਸਿਆ ਕਿ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਅਤੇ ਐੱਸ. ਪੀ. (ਡੀ) ਹਰਪ੍ਰੀਤ ਸਿੰਘ ਮੰਡੇਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲਿਆਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਭੁਲੱਥ ਦੇ ਐੱਸ. ਐੱਚ. ਓ. ਇੰਸਪੈਕਟਰ ਕਰਨੈਲ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਜਸਵੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਅੱਡਾ ਕਮਰਾਏ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਿਥੋਂ ਦੋ ਨੌਜਵਾਨਾਂ ਨੀਰਜ ਉਰਫ ਨੀਗਰੋ ਪੁੱਤਰ ਨਛੱਤਰ ਸਿੰਘ ਵਾਸੀ ਭੁਲੱਥ ਅਤੇ ਪ੍ਰਿੰਸ ਉਰਫ ਧੰਨਾ ਪੁੱਤਰ ਸੁਰਜੀਤ ਰਾਮ ਵਾਸੀ ਪਿੰਡ ਅਕਾਲਾ ਥਾਣਾ ਭੁਲੱਥ ਨੂੰ ਕਾਬੂ ਕੀਤਾ ਗਿਆ। 
ਏ. ਐੱਸ. ਪੀ. ਭੁਲੱਥ ਨੇ ਦਸਿਆ ਕਿ ਕਾਬੂ ਕੀਤੇ ਗਏ ਦੋਵੇਂ ਨੌਜਵਾਨਾਂ ਨੇ ਪਿੰਡ ਬਗਵਾਨਪੁਰ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿੱਥੋਂ ਇਹ ਨੌਜਵਾਨ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਿਆਏ ਸਨ ਅਤੇ ਇਸ ਮਾਮਲੇ ਸੰਬੰਧੀ ਥਾਣਾ ਭੁਲੱਥ ਵਿਖੇ ਚੋਰੀ ਦਾ ਕੇਸ ਵੀ ਦਰਜ ਹੈ। ਏ. ਐੱਸ. ਪੀ. ਨੇ ਦਸਿਆ ਕਿ ਇਨ੍ਹਾਂ ਦੋਵੇਂ ਨੌਜਵਾਨਾਂ ਨੀਰਜ ਤੇ ਪ੍ਰਿੰਸ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਨੇ ਪਿੰਡ ਬਗਵਾਨਪੁਰ ਦੀ ਵਾਰਦਾਤ ਸਮੇਤ ਚੋਰੀ ਦੀਆਂ ਹੋਰ ਚਾਰ ਵਾਰਦਾਤਾਂ ਵੀ ਮੰਨੀਆਂ ਹਨ। ਜਿਸ ਉਪਰੰਤ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਬਗਵਾਨਪੁਰ ਪਿੰਡ ਵਿਚੋਂ ਚੋਰੀ ਹੋਏ ਕਰੀਬ 6 ਲੱਖ ਦੀ ਕੀਮਤ ਦੇ 17 ਤੋਲੇ ਸੋਨੇ ਦੇ ਗਹਿਣੇ, 2 ਮੋਬਾਇਲ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਇਨ੍ਹਾਂ ਨੌਜਵਾਨਾਂ ਕੋਲੋਂ ਜੈਨ ਕਾਰ, ਸਪਲੈਂਡਰ ਮੋਟਰ ਸਾਈਕਲ ਅਤੇ ਟੀ. ਵੀ. ਐੱਸ. ਜੂਪੀਟਰ ਸਕੂਟਰੀ ਵੀ ਬਰਾਮਦ ਕੀਤੀ ਹੈ, ਇਹ ਸਾਰੇ ਵਾਹਨ ਇਨ੍ਹਾਂ ਨੌਜਵਾਨਾਂ ਨੇ ਚੋਰੀਆਂ ਦੀ ਕਮਾਈ ਨਾਲ ਖਰੀਦੇ ਮੰਨੇ ਹਨ। ਏ. ਐੱਸ. ਪੀ. ਡਾ. ਸਿਮਰਤ ਕੌਰ ਨੇ ਦੱਸਿਆ ਕਿ ਨੀਰਜ ਉਰਫ ਨੀਗਰੋ ਖਿਲਾਫ ਪਹਿਲਾਂ ਵੀ ਗੜ੍ਹਦੀਵਾਲਾ, ਭੁਲੱਥ ਤੇ ਜਲੰਧਰ 'ਚ ਕੇਸ ਦਰਜ ਹਨ। ਜਦਕਿ ਪ੍ਰਿੰਸ ਖਿਲਾਫ ਖੋਹ ਦੇ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਕੋਲੋਂ ਹਾਲੇ ਹੋਰ ਪੁੱਛਗਿੱਛ ਕੀਤੀ ਜਾਵੇਗੀ।


shivani attri

Content Editor

Related News