ਪੁਲਸ ਮੁਲਾਜ਼ਮਾਂ ਨਾਲ ਕੁੱਟ-ਮਾਰ ਕਰਨ ਦੇ ਦੋਸ਼ ’ਚ 2 ਕਾਬੂ

03/29/2020 2:11:52 AM

ਰਾਹੋਂ,(ਪ੍ਰਭਾਕਰ)- ਪਤੀ ਅਤੇ ਉਸ ਦੇ ਰਿਸ਼ਤੇਦਾਰ ਨੇ ਸ਼ਰਾਬ ਪੀ ਕੇ ਪਤਨੀ ਅਤੇ ਬੱਚਿਆਂ ਨਾਲ ਕੁੱਟ-ਮਾਰ ਕੀਤੀ। ਉਨ੍ਹਾਂ ਨੂੰ ਛੁਡਾਉਣ ਗਏ ਪੁਲਸ ਕਰਮਚਾਰੀਆਂ ਨੂੰ ਜ਼ਖਮੀ ਕਰਨ ਦੇ ਦੋਸ਼ ਵਿਚ ਦੋਵਾਂ ’ਤੇ ਮਾਮਲੇ ਦਰਜ ਕਰ ਕੇ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਰਾਹੋਂ ਵਿਖੇ ਤਾਇਨਾਤ ਪੰਜਾਬ ਹੋਮ ਗਾਰਡ ਦੇ ਹੁਸਨ ਲਾਲ ਪੁੱਤਰ ਤਰਸੇਮ ਲਾਲ ਨੇ ਬਿਆਨ ਦਰਜ ਕਰਵਾਏ ਕਿ ਉਹ ਏ. ਐੱਸ. ਆਈ. ਸੁਖਵੀਰ ਸਿੰਘ ਨਾਲ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਗੀ ਡਿਊਟੀ ਦਿੰਦਾ ਹੋਇਆ ਜਾਡਲਾ ਰੋਡ ਲਾਲ ਹਵੇਲੀ ਕੋਲ ਜਾ ਰਿਹਾ ਸੀ ਕਿ ਇਕ ਔਰਤ ਆਪਣੇ ਬੱਚਿਆਂ ਸਣੇ ਭੱਜੀ ਆਈ ਤਾਂ ਸਾਡੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਦਿੱਤਾ। ਅਸੀਂ ਗੱਡੀ ਰੋਕ ਲਈ ਤਾਂ ਉਸ ਨੇ ਦੱਸਿਆ ਕਿ ਮੇਰਾ ਪਤੀ ਸੁੱਚਾ ਸਿੰਘ ਪੁੱਤਰ ਮਾਨ ਸਿੰਘ ਹਾਲ ਵਾਸੀ ਕਾਲੋਨੀ ਰਾਹੋਂ, ਅਜੈਬ ਸਿੰਘ ਪੁੱਤਰ ਜੰਗ ਸਿੰਘ ਵਾਸੀ ਰਾਜਪੁਰਾ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਹੈ ਅਤੇ ਮੇਰਾ ਪਤੀ ਮੇਰੇ ਨਾਲ ਕੁੱਟ-ਮਾਰ ਕਰ ਰਹੇ ਹਨ। ਜਦੋਂ ਮੈਂ ਅਤੇ ਏ. ਐੱਸ. ਆਈ. ਸੁਖਵੀਰ ਸਿੰਘ ਮੌਕੇ ’ਤੇ ਪਹੁੰਚੇ ਤਾਂ ਵੇਖਿਆ ਕਿ ਸੁੱਚਾ ਸਿੰਘ ਦੇ ਮੱਥੇ ’ਚੋਂ ਖੂਨ ਨਿਕਲ ਰਿਹਾ ਸੀ, ਜੋ ਸਾਨੂੰ ਵੇਖ ਕੇ ਤੈਸ਼ ਵਿਚ ਆ ਗਿਆ ਅਤੇ ਸੁੱਚਾ ਸਿੰਘ ਅਤੇ ਅਜੈਬ ਸਿੰਘ ਨੇ ਸਾਡੇ ਨਾਲ ਗਾਲੀ-ਗਲੋਚ ਕਰਦੇ ਹੋਏ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸੁੱਚਾ ਸਿੰਘ ਪੁੱਤਰ ਮਾਨ ਸਿੰਘ ਆਪਣੇ ਅੰਦਰੋਂ ਇਕ ਲੋਹੇ ਦੀ ਆਰੀ ਚੁੱਕ ਕੇ ਆਇਆ ਅਤੇ ਖੱਬੇ ਹੱਥ ’ਤੇ ਮਾਰੀ। ਉਸ ਨੇ ਮੇਰੀ ਵਰਦੀ ਵੀ ਪਾੜ ਦਿੱਤੀ, ਇੰਨੇ ਨੂੰ ਸਾਡੇ ਇਕ ਹੋਰ ਮੁਲਾਜ਼ਮ ਰਾਜਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ’ਤੇ ਵੀ ਸੁੱਚਾ ਸਿੰਘ ਨੇ ਆਰੀ ਨਾਲ ਵਾਰ ਕਰ ਦਿੱਤਾ। ਇਸ ਦੌਰਾਨ ਪੁਲਸ ਮੁਲਾਜ਼ਮ ਰਵਿੰਦਰ ਕੁਮਾਰ ਵੀ ਆ ਗਿਆ, ਜਿਸ ਨੇ ਉਨ੍ਹਾਂ ਕੋਲੋਂ ਸਾਨੂੰ ਛੁਡਵਾਇਆ ਅਤੇ ਬਾਅਦ ਵਿਚ ਸੀ. ਐੱਚ. ਸੀ. ਰਾਹੋਂ ਵਿਖੇ ਇਲਾਜ ਅਧੀਨ ਭਰਤੀ ਕਰਵਾਇਆ। ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਹੋਮ ਗਾਰਡ ਹੁਸਨ ਲਾਲ ਦੇ ਬਿਆਨਾਂ ’ਤੇ ਸੁੱਚਾ ਸਿੰਘ ਅਤੇ ਅਜੈਬ ਸਿੰਘ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ ਥਾਣਾ ਰਾਹੋਂ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਏ. ਐੱਸ. ਆਈ. ਰਾਮ ਪਾਲ ਨੇ ਅਦਾਲਤ ਵਿਚ ਪੇਸ਼ ਕੀਤਾ।


Bharat Thapa

Content Editor

Related News