ਜੰਡਿਆਲਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ’ਚ 1 ਗ੍ਰਿਫ਼ਤਾਰ, 6 ਫਰਾਰ
Saturday, Aug 17, 2024 - 02:12 PM (IST)
ਜਲੰਧਰ (ਮਹੇਸ਼)- ਥਾਣਾ ਸਦਰ ਜਮਸ਼ੇਰ ਅਧੀਨ ਪੈਂਦੇ ਇਲਾਕੇ ਜੰਡਿਆਲਾ ਮੰਜਕੀ ਦੇ ਗੁਰਦੁਆਰਾ ਬਾਬਾ ਸਿੱਧ ਜੀ ਪੱਤੀ ਰਾਮ ਕੀ ਵਿਖੇ 16-17 ਸਾਲ ਦੇ ਪ੍ਰਵਾਸੀ ਨੌਜਵਾਨ ਵੱਲੋਂ ਕੀਤੀ ਗਈ ਬੇਅਦਬੀ ਦੇ ਮਾਮਲੇ ’ਚ ਗ੍ਰੰਥੀ ਕਾਬਿਲ ਸਿੰਘ ਸਿੰਘ ਸਮੇਤ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ , ਜਿਨ੍ਹਾਂ ’ਚੋਂ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਫਿਲਹਾਲ 6 ਦੋਸ਼ੀ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਫੜੇ ਗਏ ਦੋਸ਼ੀ ਗ੍ਰੰਥੀ ਕਾਬਿਲ ਸਿੰਘ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ 2 ਦਿਨ ਦੇ ਪੁਲਸ ਰਿਮਾਂਡ ਤੋਂ ਬਾਅਦ ਜੱਜ ਸਾਹਿਬ ਦੇ ਹੁਕਮਾਂ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਸੂਚਨਾ ਮਿਲਣ ’ਤੇ ਸਤਿਕਾਰ ਕਮੇਟੀ ਦੇ ਮੈਂਬਰ ਭਾਈ ਦਵਿੰਦਰ ਸਿੰਘ ਖਾਲਸਾ, ਭਾਈ ਸੁਰਿੰਦਰ ਸਿੰਘ, ਭਾਈ ਮਨਦੀਪ ਸਿੰਘ, ਭਾਈ ਦਮਨਦੀਪ ਸਿੰਘ, ਭਾਈ ਅਜੈਪਾਲ ਸਿੰਘ ਨੇ ਥਾਣਾ ਸਦਰ ਪੁਲਸ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਨੂੰ ਲੈ ਕੇ ਮੰਗ-ਪੱਤਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਜਾਣਕਾਰੀ ਅਨੁਸਾਰ ਪ੍ਰਵਾਸੀ ਨੌਜਵਾਨ ਵੱਲੋਂ ਕੀਤੀ ਬੇਅਦਬੀ ਬਾਰੇ ਪਤਾ ਹੋਣ ਦੇ ਬਾਵਜੂਦ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਗ੍ਰੰਥੀ ਨੇ ਇਸ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਵੀ ਇਸ ਮਾਮਲੇ ’ਚ ਪ੍ਰਵਾਸੀ ਨੌਜਵਾਨਾਂ ਦੇ ਬਰਾਬਰ ਦੇ ਦੋਸ਼ੀ ਹਨ। ਇਸ ਲਈ ਸਤਿਕਾਰ ਕਮੇਟੀ ਨੇ ਕਿਹਾ ਸੀ ਕਿ ਇਨ੍ਹਾਂ ਸਾਰਿਆਂ ਨੇ ਵੀ ਦੋਸ਼ੀ ਪ੍ਰਵਾਸੀ ਨੌਜਵਾਨ ਤੋਂ ਵੀ ਵੱਡਾ ਗੁਨਾਹ ਕੀਤਾ ਹੈ, ਜਿਸ ਕਾਰਨ ਇਨ੍ਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ-ਸੇਵਾ ਕੇਂਦਰਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ, ਬਦਲਿਆ ਸਮਾਂ
ਜਥੇ. ਗੁਰਪ੍ਰਤਾਪ ਸਿੰਘ ਵਡਾਲਾ ਪਹੁੰਚੇ ਗੁਰਦੁਆਰਾ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸੂਚਨਾ ਮਿਲਦਿਆਂ ਹੀ ਅੱਜ ਸ਼੍ਰੋਮਣੀ ਅਕਾਲੀ ਸੁਧਾਰ ਲਹਿਰ ਕਨਵੀਨਰ ਤੇ ਸਾਬਕਾ ਵਿਧਾਇਕ ਹਲਕਾ ਨਕੋਦਰ ਗੁਰਪ੍ਰਤਾਪ ਸਿੰਘ ਵਡਾਲਾ ਮੌਕੇ ’ਤੇ ਪਹੁੰਚੇ ਤੇ ਇਸ ਬੇਅਦਬੀ ਕਾਂਡ ਦੀ ਸਖ਼ਤ ਨਿਖੇਧੀ ਕੀਤੀ ਤੇ ਕਿਹਾ ਕਿ ਗੁਰਦੁਆਰਾ ਸਾਹਿਬ ’ਚ ਜਾ ਕੇ ਜੋ ਲੋਕ ਪਾਪ ਕਰਦੇ ਹਨ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਕਿਸੇ ਡੂੰਘੀ ਸਾਜ਼ਿਸ਼ ਤਹਿਤ ਵਾਪਰ ਰਹੀਆਂ ਹਨ।
ਇਹ ਵੀ ਪੜ੍ਹੋ-ਨਸ਼ੇ ਨੇ ਉਜਾੜ ਦਿੱਤੇ ਦੋ ਪਰਿਵਾਰ, ਰੱਖੜੀ ਦੇ ਤਿਉਹਾਰ ਮੌਕੇ ਦੋ ਨੌਜਵਾਨਾਂ ਦੀ ਓਵਰਡੋਜ਼ ਕਾਰਨ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ