ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ : ‘ਰਾਇ ਕੱਲ੍ਹਾ’
Thursday, Aug 27, 2020 - 02:36 PM (IST)
ਅਲੀ ਰਾਜਪੁਰਾ
9417679302
ਰਾਇ ਕੱਲ੍ਹਾ ਭਾਵੇਂ ਮੂਲ ਰੂਪ ਵਿਚ ਮੁਸਲਮਾਨ ਨਹੀਂ ਸੀ ਪਰ ਉਸ ਦੀਆਂ ਪੀੜ੍ਹੀਆਂ ਨੇ ਇਸਲਾਮ ਧਰਮ ਗ੍ਰਹਿਣ ਕੀਤੀ ਹੋਇਆ ਸੀ। ਜੇ ਕਰ ਇਸ ਦੇ ਪਿਛੋਕੜ ਵਿਚ ਝਾਤੀ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਸ ਦੀ ਪੀੜ੍ਹੀ ਰਾਣਾ ਮੋਕਲ ਤੋਂ ਸ਼ੁਰੂ ਹੁੰਦੀ ਹੈ। ਰਾਣਾ ਮੋਕਲ ਜੋ ਕਿ ਰਾਜਪੂਤ ਗੋਤ ਦਾ ਹਿੰਦੂ ਸੀ ਤੇ ਉਹ ਲਗਭਗ 11ਵੀਂ ਸਦੀ ’ਚ ਪੰਜਾਬ ਆਇਆ ਸੀ। ਰਾਣਾ ਮੋਕਲ ਦੀ ਚੌਥੀ ਪੀੜ੍ਹੀ ’ਚੋਂ ਤੁਲਸੀ ਦਾਸ ਨੇ ਇਸਲਾਮ ਧਰਮ ਗ੍ਰਹਿਣ ਕੀਤਾ ਸੀ। ਤੁਲਸੀ ਦਾਸ ਫੇਰ ਸ਼ੇਖ਼ ਚੱਕੂ ਦੇ ਨਾਂ ਨਾਲ ਮਸ਼ਹੂਰ ਹੋਇਆ। ਸ਼ੇਖ਼ ਚੱਕੂ ਦੇ ਘਰ ਵਿਚ ਇਕ ਪੁੱਤਰ ਭਾਰੂ ਹੋਇਆ। ਇਸੇ ਦੀ ਸੱਤਵੀਂ ਪੀੜ੍ਹੀ ’ਚੋਂ ਰਾਇ ਕੱਲ੍ਹਾ ਨੇ ਜਨਮ ਲਿਆ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਲਿਆਇਆ ਜਾ ਰਿਹਾ ਸੀ ਤਾਂ ਰਾਇਕੋਟ ਦੀ ਜੂਹ ’ਚ ਪਹੁੰਚਣ ’ਤੇ ਰਾਇ ਕੱਲ੍ਹਾ ਨੇ ਗੁਰੂ ਜੀ ਦਾ ਮੁਹਰੇ ਹੋ ਕੇ ਸੁਆਗਤ ਕੀਤਾ ਸੀ ਤੇ ਆਪਣੀ ਜਾਗੀਰ ਦੇ ਪਿੰਡ “ਲੰਮੇ ਜੱਟਪੁਰੇ ” ਠਹਿਰ ਕਰਵਾਈ ਸੀ। ਉੱਥੋਂ ਹੀ ਰਾਇ ਕੱਲ੍ਹਾ ਨੇ ਆਪਣੇ ਵਿਸ਼ਵਾਸਪਾਤਰ ਨੂਰਾ ਮਾਹੀ ਨੂੰ ਭੇਜ ਕੇ ਸਰਹਿੰਦ ’ਚੋਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸੂਹ ਲੈਣ ਲਈ ਤੋਰਿਆ ਸੀ।
ਪਰਿਵਾਰ ਦੇ ਸ਼ਹੀਦ ਹੋ ਜਾਣ ਬਾਰੇ ਸੁਣ ਕੇ ਗੁਰੂ ਜੀ ਨੇ ਸਵਾਲ ਕੀਤਾ ਸੀ ਕਿ, “ ਇਕ ਮਲੇਰਕੋਟਲੇ ਦੇ ਨਵਾਬ ਤੋਂ ਬਿਨਾਂ ਮਾਸੂਮ ਜਿੰਦਾਂ ’ਤੇ ਕਿਸੇ ਨੂੰ ਰਹਿਮ ਨਹੀਂ ਆਇਆ…? ”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਇ ਕੱਲ੍ਹਾ ਨੂੰ ਆਪਣੇ ਗਾਤਰੇ ਦੀ ਕਿਰਪਾਨ ਅਤੇ ਛੇਕਾਂ ਵਾਲ਼ਾ ਗੰਗਾ ਸਾਗਰ ਦੇ ਕੇ ਫਰਮਾਇਆ ਸੀ ਕਿ , “ਜਦੋਂ ਤੱਕ ਆਪ ਦਾ ਖ਼ਾਨਦਾਨ ਇਨ੍ਹਾਂ ਦੋਵੇਂ ਵਸਤਾਂ ਦਾ ਮਾਣ ਸਤਿਕਾਰ ਕਰਦਾ ਰਹੇਗਾ, ਆਪ ਦਾ ਰਾਜਭਾਗ ਬਣਿਆ ਰਹੇਗਾ…..। ”
ਜਿੰਨਾ ਸਮਾਂ ਰਾਇ ਕੱਲ੍ਹਾ ਜਿਉਂਦਾ ਰਿਹਾ ਤਾਂ ਉਸ ਨੇ ਇਨ੍ਹਾਂ ਦੋਵੇ ਵਸਤਾਂ ਦਾ ਬੇਹੱਦ ਸਤਿਕਾਰ ਕੀਤਾ। ਇਕ ਪਲੰਘ ਉੱਤੇ ਸੁੰਦਰ ਵਿਛਾਉਣਾ ਵਿਛਾ ਕੇ ਉੱਤੇ ਗੁਰੂ ਜੀ ਵੱਲੋਂ ਭੇਂਟ ਕੀਤੀਆਂ ਵਸਤਾਂ ਟਿਕ ਦਿੱਤੀਆਂ ਤੇ ਹਰ ਰੋਜ਼ ਤਾਜ਼ੇ ਫੁੱਲ ਚੜ੍ਹਾ ਕੇ ਧੂਪ ਬੱਤੀ ਕਰਦਾ ਤੇ ਘਿਉ ਦੀ ਜੋਤ ਜਗਦੀ ਰੱਖਦਾ ਸੀ। ਉਸ ਦਾ ਪੁੱਤਰ ਰਾਇ ਅਹਿਦਮ ਰਾਇ ਵੀ ਇਨ੍ਹਾਂ ਵਸਤਾਂ ਨੂੰ ਸਤਿਕਾਰਦਾ ਰਿਹਾ। ਅਹਿਮਦ ਰਾਇ ਦੇ ਮੌਤ ਤੋਂ ਬਾਅਦ ਉਸ ਦਾ ਪੁੱਤਰ ਇਲਿਆਸ ਰਾਇ ਰਾਇਕੋਟ ਦਾ ਹਾਕਮ ਬਣਿਆ, ਜਿਹੜਾ ਕਿ ਬਹੁਤ ਛੋਟੀ ਉਮਰ ਦਾ ਸੀ। ਰਾਇ ਵਿਲਾਸ ਬੇਔਲਾਦ ਹੀ ਜਹਾਨੋਂ ਕੂਚ ਕਰ ਗਿਆ। ਉਸ ਪਿੱਛੋਂ ਇਨ੍ਹਾਂ ਦੇ ਪਰਿਵਾਰ ’ਚ ਦੋ ਔਰਤਾਂ ਇੱਕ ਰਾਇ ਇਲਆਸ ਦੀ ਮਾਤਾ ਨੂਰ ਉਲ ਨਿਸ਼ਾ ਅਤੇ ਦੂਜੀ ਇਲਆਸ ਦੀ ਸੁਪਤਨੀ ‘ ਭਾਗਭਰੀ ’। ਰਾਣੀ ਨੂਰ ਉਲ ਨਿਸ਼ਾ ਤੋਂ ਬਾਅਦ ‘ ਭਾਗਭਰੀ ’ ਰਾਇ ਪਰਿਵਾਰ ਦੀ ਮੁਖੀ ਬਣੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਚੜ੍ਹਤ ਦੌਰਾਨ ਕਪੂਰਥਲਾ ਦੇ ਅਹਿਲਕਾਰ ਚੌਧਰੀ ਕਾਦਰ ਬਖ਼ਸ਼ ਰਾਹੀਂ ਭਾਗਭਰੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਭੇਟ ਕੀਤੀ ਤਲਵਾਰ ਬਦਲੇ ਵੱਡੀ ਜਾਗਰੀ ਦੇਣ ਦੀ ਪੇਸ਼ਕਸ਼ ਕੀਤੀ ਸੀ। ਪਰ ਭਾਗਭਰੀ ਨੇ ਇਹ ਪੇਸ਼ਕਸ਼ ਇਹ ਕਹਿ ਕੇ ਠੁਕਰਾ ਦਿੱਤੀ ਕਿ ਅਸੀਂ ਕੋਈ ਮੁਤਬੱਰਕ-ਫਿਰੋਸ਼ ਨਹੀਂ ਹਾਂ। ਅਸੀਂ ਪਵਿੱਤਰ ਚੀਜ਼ਾਂ ਵੇਚਣ ਵਾਲੇ ਨਹੀਂ। ਉਸ ਤੋਂ ਬਾਅਦ ਨਾਭਾ ਦੇ ਮਹਾਰਾਜਾ ਜਸਵੰਤ ਸਿੰਘ ਨੇ ਨਵਾਬ ਮਲੇਰਕੋਟਲਾ ਰਾਹੀਂ ਇਹ ਤਲਵਾਰ ਹਾਸਲ ਕਰ ਲਈ ਸੀ। ਇਸ ਪੀੜ੍ਹੀ ਦੇ ਵਾਰਸ ਪਾਕਿਸਤਾਨ ਜਾ ਵਸੇ, ਜਿਨ੍ਹਾਂ ’ਚੋਂ ਰਾਇ ਅਜ਼ੀਜ਼ ਉੱਲਾ ਕੋਲ਼ ਗੁਰੂ ਜੀ ਦੁਆਰਾ ਭੇਟਾ ਕੀਤਾ ਗੰਗਾ ਸਾਗਰ ਅੱਜ ਵੀ ਮੌਜੂਦ ਹੈ।