ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੇ ਅਰਸ਼ਦੀਪ ਸਿੰਘ ਦੇ ਸਮਰਥਨ 'ਚ ਆਏ ਕੋਹਲੀ ਸਣੇ ਕਈ ਦਿੱਗਜ ਖਿਡਾਰੀ
Monday, Sep 05, 2022 - 02:41 PM (IST)

ਦਿੱਲੀ : ਏਸ਼ੀਆ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਮੈਚ ਦੌਰਾਨ ਭਾਰਤੀ ਤੇਜ਼ ਗੇਦਬਾਜ਼ ਅਰਸ਼ਦੀਪ ਸਿੰਘ ਕੋਲੋਂ ਆਸਿਫ਼ ਅਲੀ ਦਾ ਕੈਚ ਛੁੱਟ ਜਾਣ 'ਤੇ ਕੁਝ ਵਿਅਕਤੀਆਂ ਵੱਲੋਂ ਟਵਿੱਟਰ 'ਤੇ ਅਰਸ਼ਦੀਪ ਸਿੰਘ ਨੂੰ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ ਅਤੇ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ। ਇਸ ਦਰਮਿਆਨ ਵਿਰਾਟ ਕੋਹਲੀ ਸਮੇਤ ਕਈ ਦਿੱਗਜ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਸਮਰਥਨ ਵਿਚ ਆ ਗਏ ਹਨ। ਟੀਮ ਇੰਡੀਆ ਦੇ ਬੱਲੇਬਾਜ਼ ਵਿਰਾਟ ਕੋਹਲੀ ਨੇ ਅਰਸ਼ਦੀਪ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਗ਼ਲਤੀਆਂ ਖੇਡ ਦਾ ਹਿੱਸਾ ਹਨ ਅਤੇ ਦਬਾਅ 'ਚ ਕੋਈ ਵੀ ਗ਼ਲਤੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਇਸ ਨੂੰ ਮਜ਼ਬੂਤੀ ਨਾਲ ਸਵੀਕਾਰ ਕਰਕੇ ਵਾਪਸ ਆਉਣਾ ਬਹੁਤ ਮਹੱਤਵਪੂਰਨ ਹੈ।
ਵਿਰਾਟ ਕੋਹਲੀ ਨੇ ਕਿਹਾ ਕਿ ਅਰਸ਼ਦੀਪ 'ਤੇ 18ਵੇਂ ਓਵਰ 'ਚ ਪਾਕਿਸਤਾਨ ਦੀ ਬੱਲੇਬਾਜ਼ੀ ਦੀ ਪਾਰੀ ਦੌਰਾਨ ਕਾਫ਼ੀ ਦਬਾਅ ਸੀ। ਕੋਹਲੀ ਨੇ 23 ਸਾਲਾ ਖਿਡਾਰੀ ਦੇ ਨਜ਼ਰੀਏ ਤੋਂ ਬੋਲਦੇ ਹੋਏ ਕਿਹਾ ਕਿ ਅਜਿਹੇ ਸਮੇਂ 'ਚ ਕਿਸੇ ਵੀ ਕ੍ਰਿਕਟਰ ਲਈ ਬੁਰਾ ਮਹਿਸੂਸ ਕਰਨਾ ਸੁਭਾਵਿਕ ਹੈ ਪਰ ਟੀਮ ਪ੍ਰਬੰਧਨ ਲਈ ਸਿਹਤਮੰਦ ਮਾਹੌਲ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਜਿਸ ਲਈ ਕੋਹਲੀ ਨੇ ਰੋਹਿਤ ਸ਼ਰਮਾ ਅਤੇ ਟੀਮ ਪ੍ਰਬੰਧਨ ਦੀ ਤਾਰੀਫ਼ ਕੀਤੀ। ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਬੋਲਦੇ ਹੋਏ ਕੋਹਲੀ ਨੇ ਕਿਹਾ ਦਬਾਅ ਵਿੱਚ ਕੋਈ ਵੀ ਗ਼ਲਤੀ ਕਰ ਸਕਦਾ ਹੈ। ਇਹ ਇੱਕ ਵੱਡੀ ਖੇਡ ਹੈ ਅਤੇ ਸਥਿਤੀ ਵੀ ਦਬਾਅਪੂਰਨ ਸੀ। ਕੋਹਲੀ ਨੇ ਆਪਣੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਜਦੋਂ ਉਸ ਨੇ ਚੈਂਪੀਅਨ ਟਰਾਫ਼ੀ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਆਪਣਾ ਪਹਿਲਾ ਮੈਚ ਖੇਡਿਆ ਸੀ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਖ਼ਰਾਬ ਸੀ। ਜਿਸ ਕਰਕੇ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਅਤੇ ਸਵੇਰੇ 5 ਵਜੇ ਤੱਕ ਛੱਤ ਵੱਲ ਦੇਖਦਾ ਰਿਹਾ ਸੀ।
ਇਹ ਵੀ ਪੜ੍ਹੋ : ਭਾਰਤੀ ਗੇਂਦਬਾਜ਼ ਅਰਸ਼ਦੀਪ ਦੇ ਵਿਕੀਪੀਡੀਆ ਪੇਜ ਨੂੰ ਖ਼ਾਲਿਸਤਾਨ ਨਾਲ ਜੋੜਿਆ, IT ਮਿਨਿਸਟਰੀ ਨੇ ਲਿਆ ਐਕਸ਼ਨ
ਕੋਹਲੀ ਤੋਂ ਇਲਾਵਾ ਰਾਜ ਸਭਾ ਮੈਂਬਰ ਅਤੇ ਸਾਬਕਾ ਭਾਰਤੀ ਸਪਿੱਨਰ ਹਰਭਜਨ ਸਿੰਘ ਨੇ ਵੀ ਟਵੀਟ ਕਰਕੇ ਅਰਸ਼ਦੀਪ ਸਿੰਘ ਦੀ ਹਿਮਾਇਤ ਕੀਤੀ ਹੈ। ਹਰਭਜਨ ਸਿੰਘ ਨੇ ਕਿਹਾ ਕਿ ਨੌਜਵਾਨ ਖਿਡਾਰੀ ਅਰਸ਼ਦੀਪ ਸਿੰਘ ਦੀ ਆਲੋਚਨਾ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਜਾਣ ਬੁੱਝ ਕੇ ਕੈਚ ਨਹੀਂ ਛੱਡਦਾ। ਉਨ੍ਹਾਂ ਨੂੰ ਆਪਣੇ ਖਿਡਾਰੀਆਂ 'ਤੇ ਮਾਣ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਹਰਭਜਨ ਸਿੰਘ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਇਸ ਪਲੇਟਫਾਰਮ 'ਤੇ ਅਰਸ਼ ਬਾਰੇ ਗ਼ਲਤ ਗੱਲਾਂ ਕਹਿ ਕੇ ਆਪਣੇ ਹੀ ਮੁੰਡਿਆਂ ਨੂੰ ਨੀਵਾਂ ਦਿਖਾ ਰਹੇ ਹਨ। ਅਰਸ਼ ਟੀਮ ਲਈ ਸੋਨਾ ਹੈ।
ਸਾਬਕਾ ਭਾਰਤੀ ਆਲਰਾਊਂਡਰ ਇਰਫ਼ਾਨ ਪਠਾਨ ਨੇ ਵੀ ਟਵਿੱਟਰ 'ਤੇ ਅਰਸ਼ਦੀਪ ਲਈ ਸਮਰਥਨ ਦਿਖਾਉਣ ਲਈ ਕਿਹਾ ਅਤੇ ਕਿਹਾ ਕਿ ਇਸ ਤੇਜ਼ ਗੇਂਦਬਾਜ਼ ਕੋਲ ਮਜ਼ਬੂਤ ਕਿਰਦਾਰ ਹੈ।
ਇਸ ਦੇ ਨਾਲ ਹੀ ਹਰਸ਼ਾ ਭੋਗਲੇ ਨੇ ਆਪਣੇ ਟਵੀਟ ਵਿਚ ਕਿਹਾ ਕਿ ਜਦੋਂ ਕੋਈ ਖਿਡਾਰੀ ਹੇਠਾਂ ਹੁੰਦਾ ਹੈ ਤਾਂ ਤੁਹਾਨੂੰ ਉਸ ਤੱਕ ਪਹੁੰਚਣਾ ਪੈਂਦਾ ਹੈ ਤਾਂ ਜੋ ਉਹ ਮਜ਼ਬੂਤ ਹੋਵੇ। ਅਰਸ਼ਦੀਪ ਬਾਰੇ ਭੱਦੀਆਂ ਗੱਲਾਂ ਕਹਿਣ ਨਾਲ ਕਿਸੇ ਦਾ ਭਲਾ ਨਹੀਂ ਹੋਣਾ। ਦਬਾਅ ਹੇਠ ਹੋਣ ਕਰਕੇ ਕਿਸੇ ਤੋਂ ਵੀ ਗ਼ਲਤੀਆਂ ਹੋ ਸਕਦੀਆਂ ਹਨ। ਇਹ ਸਮਾਂ ਅਰਸ਼ਦੀਪ ਦਾ ਸਮਰਥਨ ਕਰਨ ਦਾ ਸਮਾਂ ਹੈ। ਆਉਣ ਵਾਲੇ ਸਮੇਂ ਵਿਚ ਉਹ ਭਾਰਤ ਲਈ ਬਹੁਤ ਸਾਰੇ ਮੈਚ ਜਿੱਤੇਗਾ।