ਸਿੰਘੂ ਸਰਹੱਦ 'ਤੇ ਹੋਏ ਕਤਲ ਦੇ ਮਾਮਲੇ 'ਚ ਕਿਸਾਨ ਮੋਰਚੇ ਦਾ ਪੱਖ ਆਇਆ ਸਾਹਮਣੇ
Friday, Oct 15, 2021 - 03:17 PM (IST)
ਨਵੀਂ ਦਿੱਲੀ- ਸਿੰਘੂ ਸਰਹੱਦ ’ਤੇ ਨੌਜਵਾਨ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਦੀ ਹਰ ਪਾਸੇ ਨਿਖੇਪੀ ਹੋ ਰਹੀ ਹੈ। ਇਸ ਵਿਚ ਸੰਯੁਕਤ ਕਿਸਾਨ ਮੋਰਚੇ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਮੋਰਚੇ ਨੇ ਇਸ ਕਤਲ ਅਤੇ ਬੇਅਦਬੀ ਦੇ ਦੋਸ਼ ਦੀ ਜਾਂਚ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਇਸ ਦਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈ। ਮੋਰਚੇ ਨੇ ਕਿਹਾ ਕਿ ਅੰਦੋਲਨ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਵਿਰੋਧ ਕਰਦਾ ਹੈ। ਸਾਰੇ ਮਾਮਲੇ ਦੀ ਨਿਰਪੱਖ ਜਾਂਚ ਹੋਵੇ, ਅਸੀਂ ਸਹਿਯੋਗ ਕਰਾਂਗੇ। ਕਿਸਾਨ ਮੋਰਚੇ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਗੁਰਨਾਮ ਸਿੰਘ ਚਢੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵਕੁਮਾਰ ਸ਼ਰਮਾ 'ਕੱਕਾਜੀ', ਯੁੱਧਵੀਰ ਸਿੰਘ ਅਤੇ ਯੋਗਿੰਦਰ ਯਾਦਵ ਵੱਲੋਂ ਜਾਰੀ ਬਿਆਨ ’ਚ ਅੱਗੇ ਕਿਹਾ ਗਿਆ,''ਸੰਯੁਕਤ ਕਿਸਾਨ ਮੋਰਚਾ ਇਸ ਬੇਰਹਿਮ ਕਤਲ ਦੀ ਨਿਖੇਧੀ ਕਰਕੇ ਇਹ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਇਸ ਘਟਨਾ ਦੇ ਦੋਵੇਂ ਪੱਖਾਂ, ਇਸ ਨਿਹੰਗ ਸਮੂਹ/ਗਰੁੱਪ ਜਾਂ ਮ੍ਰਿਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਵਿਰੁੱਧ ਹਾਂ ਪਰ ਇਸ ਆਧਾਰ 'ਤੇ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਅਸੀਂ ਇਹ ਮੰਗ ਕਰਦੇ ਹਾਂ ਕਿ ਇਸ ਕਤਲ ਅਤੇ ਬੇਅਦਬੀ ਦੀ ਸਾਜਿਸ਼ ਦੇ ਦੋਸ਼ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ’ਚ ਪੁਲਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰੇਗਾ।''
ਕਿਸਾਨ ਆਗੂ ਜਗਜੀਤ ਡੱਲੇਵਾਲ ਕਿਹਾ,‘‘ਕਿਸਾਨ ਮੋਰਚਾ ਘਟਨਾ ਦਾ ਦੁੱਖ ਮਹਿਸੂਸ ਕਰਦਾ ਹੈ। ਧਾਰਮਿਕ ਗ੍ਰੰਥ ਦੀ ਬੇਅਦਬੀ ਨੂੰ ਲੈ ਕੇ ਘਟਨਾ ਵਾਪਰੀ ਹੈ, ਕਿਸਾਨ ਮੋਰਚੇ ਦਾ ਇਸ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ। ਕਿਤੇ ਨਾ ਕਿਤੇ ਇਸ ਘਟਨਾ ਦੇ ਮਗਰ ਏਜੰਸੀਆਂ ਦੀ ਚਾਲ ਹੋ ਸਕਦੀ ਹੈ।’’ ਉਨ੍ਹਾਂ ਕਿਹਾ,‘‘ਹੋਰ ਕਈ ਨਿਹੰਗ ਸਿੰਘ ਜਥੇਬੰਦੀਆਂ ਨਾਲ ਰਹਿ ਰਹੇ ਸਨ ਪਰ ਕੁਝ ਸਮੇਂ ਤੋਂ ਮੋਰਚੇ ਨੂੰ ਧਾਰਮਿਕ ਰੰਗਣ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’ ਦੱਸਣਯੋਗ ਹੈ ਕਿ ਕਿਸਾਨੀ ਮੰਚ ਨੇੜੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਮਗਰੋਂ ਉਸ ਦਾ ਇਕ ਹੱਥ ਵੱਢ ਕੇ ਲਾਸ਼ ਨੂੰ ਬੈਰੀਕੇਡ ਨਾਲ ਲਟਕਾ ਦਿੱਤਾ ਗਿਆ ਹੈ। ਨੌਜਵਾਨ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਉਥੇ ਹੀ ਨੌਜਵਾਨ ਦੇ ਕਤਲ ਦਾ ਇਲਜ਼ਾਮ ਨਿਹੰਗਾਂ ’ਤੇ ਲੱਗ ਰਿਹਾ ਹੈ। ਦੱਸ ਦੇਈਏ ਕਿ ਦਿੱਲੀ-ਹਰਿਆਣਾ ਅਤੇ ਯੂਪੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨ 3 ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਧਰਨਾ ਦੇ ਰਹੇ ਹਨ। ਕਿਸਾਨ ਸੰਗਠਨਾਂ ਅਤੇ ਸਰਕਾਰ ਵਿਚਾਲੇ ਕਈ ਬੈਠਕਾਂ ਵੀ ਹੋਈਆਂ ਪਰ ਇਸ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ