Fact Check : ਅਜ਼ਾਨ ਦਿੰਦੇ ਸਮੂਹ ਦਾ ਵੀਡੀਓ ਕਰਾਚੀ ਦਾ ਹੈ, ਲਾਸ ਏਂਜਲਸ ਦੀ ਲੱਗੀ ਅੱਗ ਨਾਲ ਨਹੀਂ ਹੈ ਕੋਈ ਸੰਬੰਧ
Wednesday, Jan 15, 2025 - 12:46 PM (IST)
Fact Check By Vishvas News
ਨਵੀਂ ਦਿੱਲੀ- ਅਮਰੀਕਾ ਦੇ ਲਾਸ ਏਂਜਲਸ 'ਚ ਲੱਗੀ ਭਿਆਨਕ ਅੱਗ ਦੀ ਲਪੇਟ ਵਿਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਇਸ ਮਾਮਲੇ ਨਾਲ ਜੁੜੀ ਕਈ ਪੋਸਟ ਵੀ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਵਾਇਰਲ ਹੋ ਰਹੀਆਂ ਹਨ। ਇਸ ਨਾਲ ਜੋੜਦੇ ਹੋਏ ਇਕ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ 'ਚ ਅੱਗ ਵਿਚਕਾਰ ਕੁਝ ਲੋਕਾਂ ਨੂੰ ਅਜ਼ਾਨ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਪੋਸਟ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਲਾਸ ਏਂਜਲਸ ਦਾ ਵੀਡੀਓ ਹੈ, ਜਿੱਥੇ ਜ਼ਬਰਦਸਤ ਅੱਗ ਦੇ ਦੌਰਾਨ ਅਜ਼ਾਨ ਦਿੱਤੀ ਗਈ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ 'ਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕਰਾਚੀ 'ਚ ਲੱਗੀ ਅੱਗ ਦਾ ਹੈ। ਸਾਲ 2022 ਦੇ ਵੀਡੀਓ ਨੂੰ ਲਾਸ ਏਂਜਲਸ 'ਚ ਇਸ ਸਮੇਂ ਲੱਗੀ ਅੱਗ ਨਾਲ ਜੋੜਦੇ ਹੋਏ ਗੁੰਮਰਾਹਕੁੰ ਦਾਅਵੇ ਨਾਲ ਫੈਲਾਇਆ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ 'ਚ ?
ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਇਕ ਫੇਸਬੁੱਕ ਯੂਜ਼ਰ ਨੇ ਲਿਖਿਆ ਹੈ,''ਅਮਰੀਕਾ ਕੈਲੀਫੋਰਨੀਆ ਸਟੇਟ 'ਚ ਲੱਗੀ ਬੇਕਾਬੂ ਅੱਗ ਦੇ ਸਾਹਮਣੇ ਅਮਰੀਕਾ ਦੀ ਹਰ ਸੰਭਵ ਕੋਸ਼ਿਸ਼ ਜਾਰੀ ਹੈ ਅਤੇ ਜਦੀਦ ਤਕਨਾਲੋਜੀ ਫੇਲ ਅਤੇ ਬੇਵੱਸ ਨਜ਼ਰ ਆ ਰਹੀ ਹੈ, ਅਜਿਹੇ 'ਚ ਉੱਥੇ ਦੇ ਮੁਸਲਮਾਨ ਇਸ ਆਪਦਾ ਤੋਂ ਮੁਕਤੀ ਪਾਉਣ ਲਈ ਆਪਣੇ ਰੱਬ 'ਅੱਲਾਹ' ਨੂੰ ਯਾਦ ਕਰਦੇ ਹੋਏ!! ਅਜ਼ਾਨ ਦੀ ਸਦਾਏ ਬੁਲੰਦ ਕਰਦੇ ਹੋਏ ਉਥੋਂ ਦੇ ਵਾਸੀ।
ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।
ਪੜਤਾਲ
ਆਪਣੀ ਪੜਤਾਲ ਸ਼ੁਰੂ ਕਰਦੇ ਹੋਏ, ਸਭ ਤੋਂ ਪਹਿਲਾਂ ਅਸੀਂ ਵੀਡੀਓ ਦੇ ਕੀਫ੍ਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਦੁਆਰਾ ਸਰਚ ਕੀਤਾ। ਸਰਚ ਕਰਨ 'ਤੇ, ਸਾਨੂੰ ਇਹ ਵੀਡੀਓ 2 ਜੂਨ 2022 ਨੂੰ ਇਕ ਯੂਟਿਊਬ ਚੈਨਲ 'ਤੇ ਅਪਲੋਡ ਹੋਇਆ ਮਿਲਾ। ਇੱਥੇ ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਕਰਾਚੀ ਦੇ ਸੁਪਰ ਸਟੋਰ 'ਚ ਲੱਗੀ ਅੱਗ ਦਾ ਵੀਡੀਓ ਹੈ, ਜਿੱਥੇ ਲੋਕਾਂ ਨੇ ਬਾਅਦ 'ਚ ਅਜ਼ਾਨ ਦਿੱਤੀ ਸੀ।
ਇਸ ਆਧਾਰ 'ਤੇ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਸਾਨੂੰ ਪਾਕਿਸਤਾਨ ਦੀ ਵੈੱਬਸਾਈਟ 'parhlo' 'ਤੇ ਇਸ ਵੀਡੀਓ ਨਾਲ ਜੁੜੀ ਖਬਰ ਮਿਲੀ। 2 ਜੂਨ 2022 ਨੂੰ ਪ੍ਰਕਾਸ਼ਿਤ ਖਬਰ ਦੇ ਅਨੁਸਾਰ, ਕਰਾਚੀ ਦੇ ਜੇਲ੍ਹ ਚੌਰੰਗੀ ਨੇੜੇ ਇਕ ਬਹੁ-ਮੰਜ਼ਿਲਾ ਇਮਾਰਤ ਦੇ ਅੰਦਰ ਸਥਿਤ ਸੁਪਰਸਟੋਰ ਦੇ ਬੇਸਮੈਂਟ 'ਚ ਬੁੱਧਵਾਰ ਨੂੰ ਅੱਗ ਲੱਗਣ ਤੋਂ ਬਾਅਦ ਕੁਝ ਲੋਕਾਂ ਦੇ ਅਜ਼ਾਨ ਦੇਣ ਦਾ ਇਕ ਵੀਡੀਓ ਵਾਇਰਲ ਹੈ।''
2 ਜੂਨ 2022 ਦੀ ਪਾਕਿਸਤਾਨੀ ਨਿਊਜ਼ ਵੈਬਸਾਈਟ ਡਾਨ ਦੀ ਖਬਰ ਅਨੁਸਾਰ, ਕਰਾਚੀ 'ਚ ਜੇਲ੍ਹ ਚੌਰੰਘੀ ਖੇਤਰ ਦੇ ਨੇੜੇ ਇਕ ਮਸ਼ਹੂਰ ਡਿਪਾਰਟਮੈਂਟਲ ਸਟੋਰ ਦੇ ਬੇਸਮੈਂਟ 'ਚ ਇਕ ਦਿਨ ਪਹਿਲਾਂ ਲੱਗੀ ਅੱਗ ਨੂੰ ਆਖਰਕਾਰ ਵੀਰਵਾਰ ਨੂੰ ਕਾਬੂ ਪਾ ਲਿਆ ਗਿਆ। ਉੱਥੇ ਹੀ, ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਧੂੰਏਂ ਕਾਰਨ ਤਿੰਨ ਲੋਕ ਬੇਹੋਸ਼ ਹੋ ਗਏ।
ਵਾਇਰਲ ਵੀਡੀਓ ਨਾਲ ਸਬੰਧਤ ਪੁਸ਼ਟੀ ਲਈ, ਅਸੀਂ ਪਾਕਿਸਤਾਨੀ ਪੱਤਰਕਾਰ ਆਦਿਲ ਅਲੀ ਨਾਲ ਸੰਪਰਕ ਕੀਤਾ ਅਤੇ ਵਾਇਰਲ ਵੀਡੀਓ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵੀਡੀਓ ਕਰਾਚੀ ਦਾ ਹੈ ਅਤੇ 2 ਸਾਲ ਪਹਿਲਾਂ ਬਹੁਤ ਵਾਇਰਲ ਵੀ ਹੋਇਆ ਸੀ।
ਨਿਊਜ਼ ਏਜੰਸੀ ਰਾਇਟਰਜ਼ ਦੀ 14 ਜਨਵਰੀ 2025 ਦੀ ਖਬਰ ਮੁਤਾਬਕ ਲਾਸ ਏਂਜਲਸ ਦੇ ਜੰਗਲਾਂ 'ਚ ਲੱਗੀ ਇਸ ਅੱਗ ਕਾਰਨ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਕ ਲੱਖ ਦੇ ਕਰੀਬ ਲੋਕਾਂ ਨੂੰ ਨਿਕਲਿਆ ਗਿਆ। ਪੂਰੀ ਖ਼ਬਰ ਇੱਥੇ ਪੜ੍ਹੀ ਜਾ ਸਕਦੀ ਹੈ।
ਹੁਣ ਫਰਜ਼ੀ ਪੋਸਟ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕਰਨ ਦੀ ਵਾਰੀ ਸੀ। ਅਸੀਂ ਪਾਇਆ ਕਿ ਯੂਜ਼ਰ ਨੂੰ 13 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ 'ਚ ਪਾਇਆ ਕਿ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਇਹ ਵੀਡੀਓ ਸਾਲ 2022 'ਚ ਕਰਾਚੀ 'ਚ ਲੱਗੀ ਅੱਗ ਦੀ ਹੈ। ਅੱਗ ਤੋਂ ਬਾਅਦ ਕੁਝ ਲੋਕਾਂ ਨੇ ਅਜ਼ਾਨ ਦਿੱਤੀ ਸੀ। ਇਸ ਵੀਡੀਓ ਨੂੰ ਅਮਰੀਕਾ ਦੇ ਲਾਸ ਏਂਜਲਸ 'ਚ ਲੱਗੀ ਅੱਗ ਨਾਲ ਜੋੜਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ Vishvas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)