ਸਿੱਖਸ ਆਫ ਅਮੈਰਿਕਾ ਦੇ ਉੱਚ ਪੱਧਰੀ ਵਫ਼ਦ ਨੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨਾਲ ਕੀਤੀ ਮੁਲਾਕਾਤ (ਤਸਵੀਰਾਂ)
Tuesday, Jan 10, 2023 - 11:40 AM (IST)
ਨਿਊਜਰਸੀ (ਰਾਜ ਗੋਗਨਾ)- ਅਮਰੀਕਾ ਫ਼ੇਰੀ ’ਤੇ ਆਏ ਭਾਰਤ ਦੇ ਕੇਂਦਰੀ ਮੰਤਰੀ ਕਾਮਰਸ ਐਂਡ ਇੰਡਸਟਰੀ, ਕਨਜ਼ਿਊਮਰ ਅਫ਼ੇਅਰ, ਟੂਲ ਐਂਡ ਡਿਸਟਰੀਬਿਊਸ਼ਨ ਪਿਯੂਸ਼ ਗੋਇਲ ਦੇ ਸਵਾਗਤ ਵਿਚ ਭਾਰਤੀ ਕੌਂਸਲੇਟ ਨਿਊਯਾਰਕ ਵਲੋਂ ਨਿਊ ਜਰਸੀ ਦੇ ਐਡੀਸਨ ਸ਼ਹਿਰ ਵਿਚ ਇਕ ਸਵਾਗਤੀ ਸਮਾਰੋਹ ਅਯੋਜਿਤ ਕੀਤਾ ਗਿਆ। ਇਸ ਮੌਕੇ ਸ਼ੁਰੂਆਤ ਵਿਚ ਭਾਰਤੀ ਸੰਗੀਤ ਤੇ ਨਾਚ ਨਾਲ ਸਬੰਧਿਤ ਸੱਭਿਅਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਪਰੰਤ ਭਾਰਤੀ ਕੌਂਸਲ ਜਨਰਲ ਰਨਧੀਰ ਜੈਸ਼ਵਾਲ ਵਲੋਂ ਪਿਯੂਸ਼ ਗੋਇਲ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਉਹਨਾਂ ਨੇ ਸਿੱਖ ਭਾਈਚਾਰੇ ਪ੍ਰਤੀ ਅੰਤਰਰਾਸ਼ਟਰੀ ਪੱਧਰ ’ਤੇ ਕਾਰਜ ਕਰਨ ਵਾਲੀ ਸੰਸਥਾ ਸਿੱਖਸ ਆਫ ਅਮੈਰਿਕਾ ਦੇ ਇਕ ਉੱਚ ਪੱਧਰੀ ਵਫ਼ਦ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਸਿੱਖਸ ਆਫ਼ ਅਮੈਰਿਕਾ ਦੇ ਵਫ਼ਦ ਵਿਚ ਜਸਦੀਪ ਸਿੰਘ ਜੱਸੀ ਚੇਅਰਮੈਨ, ਕਮਲਜੀਤ ਸਿੰਘ ਸੋਨੀ ਪ੍ਰਧਾਨ, ਬਲਜਿੰਦਰ ਸਿੰਘ ਸ਼ੰਮੀ ਵਾਈਸ ਪ੍ਰਧਾਨ, ਹਰਦੀਪ ਸਿੰਘ ਗੋਲਡੀ ਪ੍ਰਧਾਨ ਨਿਊ ਜਰਸੀ ਚੈਪਟਰ, ਸੁਖਪਾਲ ਸਿੰਘ ਧਨੋਆ ਮੀਡੀਆ ਡਾਇਰੈਕਟਰ, ਗੁਰਵਿੰਦਰ ਸਿੰਘ ਸੇਠੀ ਡਾਇਰੈਕਟਰ ਅਤੇ ਰਤਨ ਸਿੰਘ ਓ.ਐੱਫ. ਬੀ.ਜੇ.ਪੀ ਸ਼ਾਮਿਲ ਸਨ। ਵਫ਼ਦ ਨੇ ਗੋਇਲ ਨਾਲ ਮੁਲਾਕਾਤ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੰਨਵਾਦ ਲਈ ਲਿਖੀ ਚਿੱਠੀ ਭੇਂਟ ਕੀਤੀ, ਜਿਸ ਵਿਚ ਜ਼ਿਕਰ ਕੀਤਾ ਗਿਆ ਕਿ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ਭਾਰਤ ਹੀ ਨਹੀਂ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਸਰਕਾਰ ਵਲੋਂ ਮਨਾਇਆ ਗਿਆ, ਜਿਸ ਨਾਲ ਅਸੀਂ ਉਨਾਂ ਦੇ ਬਹੁਤ ਧੰਨਵਾਦੀ ਹਾਂ ਅਤੇ ਆਸ ਕਰਦੇ ਹਾਂ ਕਿ ਮੋਦੀ ਸਿੱਖਾਂ ਦੀਆਂ ਸਭ ਮੰਗਾਂ 'ਤੇ ਪਹਿਲਾਂ ਦੀ ਤਰ੍ਹਾਂ ਹੀ ਗੌਰ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਹੜ੍ਹ: ਅਮਰੀਕਾ ਨੇ 10 ਕਰੋੜ ਡਾਲਰ ਦੀ ਵਾਧੂ ਸਹਾਇਤਾ ਦਾ ਕੀਤਾ ਐਲਾਨ
ਪਿਯੂਸ਼ ਗੋਇਲ ਨੇ ਇਸ ਪੱਤਰ ਨੂੰ ਹਾਸਲ ਕਰਦਿਆਂ ਮੋਦੀ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਵਿਦੇਸ਼ਾਂ ਵਿਚ ਤਰੱਕੀ ਕਰ ਰਹੇ ਭਾਰਤੀਆਂ ਨਾਲ ਭਾਰਤ ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ। ਉਨਾਂ ਵਾਅਦਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਸਰਕਾਰ ਪ੍ਰਵਾਸੀਆਂ ਦੇ ਹਮੇਸ਼ਾ ਨਾਲ ਹੈ ਅਤੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਚਨਬੱਧ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।