ਇਟਲੀ ਪੁਲਸ ਨੇ ਦੋ ਭਾਰਤੀ ਟ੍ਰੈਵਲ ਏਜੰਸੀਆਂ ਦੇ ਗੋਰਖ-ਧੰਦੇ ਦਾ ਕੀਤਾ ਪਰਦਾਫਾਸ਼
Friday, Apr 02, 2021 - 05:59 PM (IST)
ਰੋਮ (ਦਲਵੀਰ ਕੈਂਥ): ਪਿਛਲੇ ਇੱਕ ਸਾਲ ਤੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਪੂਰੀ ਦੁਨੀਆ ਦੀਆਂ ਸਰਕਾਰਾਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਪਰ ਹਾਲੇ ਤੱਕ ਕੋਰੋਨਾ ਵਾਇਰਸ ਨੂੰ ਨੱਪਣਾ ਬਹੁਤ ਮੁਸ਼ਕਿਲ ਜਾਪਦਾ ਹੈ। ਬੇਸ਼ੱਕ ਕਿ ਕਈ ਦੇਸ਼ਾਂ ਨੇ ਐਂਟੀ ਕੋਵਿਡ-19 ਵੈਕਸੀਨ ਦੀ ਖ਼ੁਰਾਕ ਵੀ ਲੋਕਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਤੱਕ ਲੱਖਾਂ ਲੋਕਾਂ ਨੂੰ ਵੈਕਸੀਨ ਲੱਗ ਵੀ ਚੁੱਕੀ ਹੈ। ਹਰ ਦੇਸ਼ ਆਪਣੇ ਆਪ ਨੂੰ ਕੋਵਿਡ-19 ਮੁਕਤ ਕਰਨ ਲਈ ਕਈ ਤਰ੍ਹਾਂ ਦੇ ਕਾਨੂੰਨ ਬਣਾ ਕੇ ਲੋਕਾਂ ਨੂੰ ਪਾਲਣਾ ਕਰਨ ਦੇ ਨਿਰਦੇਸ਼ ਦੇ ਰਿਹਾ ਹੈ ਤੇ ਜਿਹੜਾ ਬੰਦਾ ਇਹਨਾਂ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਹੈ ਉਸ ਦਾ ਜੁਰਮਾਨਿਆਂ ਨਾਲ ਸਤਿਕਾਰ ਕੀਤਾ ਜਾ ਰਿਹਾ ਹੈ।
22 ਫ਼ਰਵਰੀ, 2021 ਤੋਂ ਭਾਰਤ ਸਰਕਾਰ ਨੇ ਦੇਸ਼ ਵਿੱਚ ਬਾਹਰੋਂ ਆਉਣ ਵਾਲੇ ਹਰ ਯਾਤਰੀ ਲਈ ਕੋਵਿਡ-19 ਦੀ ਜਾਂਚ ਰਿਪੋਰਟ ਲਾਜ਼ਮੀ ਕਰ ਦਿੱਤੀ ਸੀ, ਜਿਸ ਕਾਰਨ ਬਾਹਰੋਂ ਆਉਣ ਵਾਲਾ ਹਰ ਯਾਤਰੀ ਜਿਸ ਦੇਸ਼ ਤੋਂ ਵੀ ਭਾਰਤ ਆਉਂਦਾ ਤਾਂ ਆਪਣੇ ਕੋਵਿਡ-19 ਦੀ ਨੈਗਟਿਵ ਰਿਪੋਰਟ ਉਸ ਦੇਸ਼ ਤੋਂ ਕਰਵਾ ਕੇ ਨਾਲ ਲੈਕੇ ਆਉਂਦਾ। ਬਿਨਾਂ ਰਿਪੋਰਟ ਯਾਤਰੀ ਨੂੰ ਭਾਰਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀ ਹੈ ਜਿਸ ਕਾਰਨ ਭਾਰਤ ਜਾਣ ਵਾਲੇ ਕਈ ਯਾਤਰਿਆਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਹਨਾਂ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਇਟਲੀ ਦੀਆਂ ਦੋ ਭਾਰਤੀ ਟ੍ਰੈਵਲ ਏਜੰਸੀਆਂ ਨੇ ਅਜਿਹਾ ਕਾਰਨਾਮਾ ਕਰ ਦਿੱਤਾ, ਜਿਸ ਨੂੰ ਸੁਣ ਹਰ ਇਟਲੀ ਦੇ ਭਾਰਤੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : 8 ਸਾਲ ਬਾਅਦ ਪਤਨੀ ਦੇ ਕਤਲ ਕੇਸ 'ਚੋਂ ਪੰਜਾਬੀ ਨੌਜਵਾਨ ਬਰੀ
ਕਈ ਵਾਰ ਬੰਦਾ ਲਾਲਚ ਵੱਸ ਅਜਿਹੇ ਕਾਰਨਾਮੇ ਕਰ ਦਿੰਦਾ ਹੈ ਜਿਸ ਨਾਲ ਉਸ ਨੇ ਆਪਣਾ ਤਾਂ ਚਾਲ ਚਲੱਣ ਖ਼ਰਾਬ ਕਰਦਾ ਹੀ ਹੈ ਨਾਲ ਹੀ ਦੇਸ਼ ਦੇ ਅਕਸ ਨੂੰ ਵੀ ਢਾਹ ਲਾਉਂਦਾ ਹੈ ਤੇ ਬਾਕੀ ਭਾਈਚਾਰੇ ਲਈ ਵੀ ਸ਼ਰਮਿੰਦਾ ਦਾ ਸਵੱਬ ਬਣਦਾ ਹੈ। ਖ਼ਾਸ ਕਰ ਜਦੋ ਅਜਿਹੀ ਘਟਨਾ ਵਿਦੇਸ਼ ਵਿੱਚ ਹੋਵੇ। ਅਜਿਹਾ ਹੀ ਕੰਮ ਦੋ ਭਾਰਤੀ ਟ੍ਰੈਵਲ ਏਜੰਸੀਆਂ ਨੇ ਕੀਤਾ ਜਿਸ ਵਿੱਚ ਇਹਨਾਂ ਪੈਸੇ ਕਮਾਉਣ ਦੇ ਚੱਕਰ ਵਿੱਚ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਨਕਲੀ ਕੋਵਿਡ-19 ਦੀਆਂ ਰਿਪੋਰਟਾਂ ਬਣਾ ਕੇ ਦੇ ਦਿੱਤੀਆਂ ਤਾਂ ਜੋ ਉਹ ਭਾਰਤ ਜਾ ਸਕਣ ਪਰ ਸੋਚੋ ਇਹ ਅਪਰਾਧ ਕਿੰਨਾ ਸੰਗੀਨ ਹੈ ਇਹਨਾਂ ਲੋਕਾਂ ਨੇ ਲਾਲਚ ਵੱਸ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਦਿੱਤਾ, ਜਿਸ ਦਾ ਖ਼ਮਿਆਜ਼ਾ ਹੋ ਸਕਦਾ ਕਈ ਬੇਕਸੂਰ ਜ਼ਿੰਦਗੀਆਂ ਨੂੰ ਭੁਗਤਣਾ ਪਿਆ ਹੋਵੇ।
ਹੋ ਸਕਦਾ ਜਿਹੜੇ ਲੋਕਾਂ ਨੂੰ ਇਹਨਾਂ ਲੋਕਾਂ ਨੇ ਨਕਲੀ ਰਿਪੋਰਟ ਦਿੱਤੀ ਹੋ ਉਹ ਸੱਚੀ ਕੋਰੋਨਾ ਪੀੜਤ ਹੋਣ ਤੇ ਇਸ ਯਾਤਰਾ ਦੌਰਾਨ ਉਹਨਾਂ ਹੋਰ ਕਿੰਨੇ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਇਆ ਹੋਵੇਗਾ। ਖ਼ੈਰ ਇਹ ਤਾਂ ਹੁਣ ਜਾਂਚ ਤੋਂ ਹੀ ਪਤਾ ਲੱਗੇਗਾ ਪਰ ਇਟਾਲੀਅਨ ਮੀਡੀਏ ਵਿੱਚ ਨਸ਼ਰ ਹੋਈ ਜਾਣਕਾਰੀ ਅਨੁਸਾਰ ਇਸ ਗੱਲ ਦਾ ਇਟਲੀ ਦੀ ਪੁਲਸ ਨੂੰ ਜ਼ਰੂਰ ਪਤਾ ਲੱਗ ਚੁੱਕਾ ਹੈ ਕਿ ਭਾਰਤੀ ਲੋਕ ਆਪਣੇ ਸੁਆਰਥ ਲਈ ਕੁਝ ਵੀ ਕਰ ਸਕਦੇ ਹਨ। ਪੁਲਸ ਨੇ ਜਾਂਚ ਦੌਰਾਨ ਇਹਨਾਂ ਟ੍ਰੈਵਲ ਏਜੰਸੀਆਂ ਦੁਆਰਾਂ ਬਣਾਈਆਂ 25 ਨਕਲੀ ਰਿਪੋਰਟਾਂ ਦਾ ਪਤਾ ਕਰ ਲਿਆ ਹੈ ਕਿਉਂਕਿ ਜਿਸ ਲੈਬ ਵੱਲੋ ਰਿਪੋਰਟ ਜਾਰੀ ਕੀਤੀ ਜਾ ਰਹੀ ਸੀ ਉਸ ਨੇ ਇਸ ਸੰਬਧੀ ਕਿਸੇ ਵੀ ਰਿਪੋਰਟ ਨੂੰ ਪ੍ਰਮਾਣਿਤ ਨਹੀ ਕੀਤਾ।
ਇਟਲੀ ਦੇ ਲੰਮਾਰਦੀਆ ਸੂਬੇ ਨਾਲ ਸੰਬਧਤ ਇਹ ਘਟਨਾ ਬੈਰਗਾਮੋ ਤੋਂ ਅੰਮ੍ਰਿਤਸਰ ਸਾਹਿਬ ਜਾਣੇ ਵਾਲੇ ਯਾਤਰੀਆਂ ਨਾਲ ਸੰਬੰਧਤ ਹੈ ਜਿਸ ਦੀ ਇਟਲੀ ਪੁਲਸ ਬਹੁਤ ਹੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।ਇਹ ਟ੍ਰੈਵਲ ਏਜੰਸੀਆ ਲੋਕਾਂ ਤੋਂ 20 ਤੋਂ 70 ਯੂਰੋ ਲੈ ਨਕਲੀ ਰਿਪੋਰਟਾਂ ਬਣਾਉਂਦੀਆਂ ਸਨ। ਹੋ ਸਕਦਾ ਹੈ ਇਸ ਜਾਂਚ ਦਾ ਸਿੰਕਜਾ ਉਹਨਾਂ ਯਾਤਰੀਆਂ 'ਤੇ ਵੀ ਕੱਸ ਹੋਵੇ ਜਿਹਨਾਂ ਇਹਨਾਂ ਨਕਲੀ ਰਿਪੋਰਟਾਂ 'ਤੇ ਸਫ਼ਰ ਕੀਤਾ।