ਭਾਜਪਾ ’ਚ ਸ਼ਾਮਲ ਹੋਏ ਪ੍ਰਸ਼ੋਤਮ ਸੋਂਧੀ ਨੂੰ ਲੈ ਕੇ ਵਿਰਸਾ ਸਿੰਘ ਵਲਟੋਹਾ ਨੇ ਚੁੱਕੇ ਵੱਡੇ ਸਵਾਲ

Monday, Apr 10, 2023 - 07:32 PM (IST)

ਭਾਜਪਾ ’ਚ ਸ਼ਾਮਲ ਹੋਏ ਪ੍ਰਸ਼ੋਤਮ ਸੋਂਧੀ ਨੂੰ ਲੈ ਕੇ ਵਿਰਸਾ ਸਿੰਘ ਵਲਟੋਹਾ ਨੇ ਚੁੱਕੇ ਵੱਡੇ ਸਵਾਲ

ਚੰਡੀਗੜ੍ਹ (ਬਿਊਰੋ) : ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਬੀਤੇ ਦਿਨ ਇੰਦਰ ਅਟਵਾਲ ਨਾਲ ਭਾਜਪਾ ’ਚ ਸ਼ਾਮਲ ਹੋਏ ਪ੍ਰਸ਼ੋਤਮ ਸੋਂਧੀ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਅਕਾਲੀ ਆਗੂ ਵਲਟੋਹਾ ਨੇ ਸੋਸ਼ਲ ਮੀਡੀਆ ’ਤੇ ਪ੍ਰਸ਼ੋਤਮ ਸੋਂਧੀ ਦੇ ਭਾਜਪਾ ’ਚ ਸ਼ਾਮਲ ਹੋਣ ਨੂੰ ਲੈ ਕੇ ਪੋਸਟ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ੋਤਮ ਸੋਂਧੀ ਨੂੰ 2008 ’ਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਈ. ਆਈ.) ਵੱਲੋਂ 23 ਕਿਲੋ ਹੈਰੋਇਨ ਸਣੇ ਫੜਿਆ ਗਿਆ ਸੀ। ਉਹ ਇਸ ਮਾਮਲੇ ’ਚ 12 ਸਾਲ ਦੀ ਸਜ਼ਾ ਭੁਗਤਣ ਮਗਰੋਂ ਦੋ ਸਾਲ ਪਹਿਲਾਂ ਹੀ ਰਿਹਾਅ ਹੋਇਆ ਹੈ। ਵਲਟੋਹਾ ਨੇ ਕਿਹਾ ਕਿ ਇਸ ਤੋਂ ਵੀ ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਪ੍ਰਸ਼ੋਤਮ ਸੋਂਧੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਕੈਬਨਿਟ ਮੰਤਰੀ ਹਰਦੀਪ ਪੁਰੀ ਤੇ ਵਿਜੇ ਰੁਪਾਣੀ ਨੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਕੀਤਾ।

ਅਕਾਲੀ ਆਗੂ ਨੇ ਕਿਹਾ ਕਿ ਇਹ ਤਾਂ ਹੋ ਨਹੀਂ ਸਕਦਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਵਾਲਿਆਂ ਤੇ ਪਾਰਟੀ ’ਚ ਸ਼ਾਮਲ ਕਰਨ ਵਾਲੇ ਲੋਕਾਂ ਬਾਰੇ ਪਹਿਲਾਂ ਇਨਕੁਆਰੀ ਨਾ ਕੀਤੀ ਗਈ ਹੋਵੇ। ਉਨ੍ਹਾਂ ਕਿਹਾ ਕਿ ਜੇ ਅਮਿਤ ਸ਼ਾਹ ਨੂੰ ਪ੍ਰਸ਼ੋਤਮ ਸੋਂਧੀ ਬਾਰੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਪਾਰਟੀ ’ਚ ਸ਼ਾਮਲ ਕੀਤਾ ਗਿਆ ਹੈ ਤਾਂ ਫਿਰ ਤਾਂ ਰੱਬ ਹੀ ਰਾਖਾ ਹੈ। ਵਲਟੋਹਾ ਨੇ ਕਿਹਾ ਕਿ ਅਮਿਤ ਸ਼ਾਹ ਨੂੰ ਜੇਕਰ ਸੋਂਧੀ ਬਾਰੇ ਨਹੀਂ ਪਤਾ ਤਾਂ ਉਨ੍ਹਾਂ ਨੂੰ ਇੰਦਰ ਇਕਬਾਲ ਸਿੰਘ ਅਟਵਾਲ ਤੇ ਪ੍ਰਸ਼ੋਤਮ ਸੋਂਧੀ ਨੂੰ ਤੁਰੰਤ ਭਾਰਤੀ ਜਨਤਾ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਤੇ ਇਨ੍ਹਾਂ ਲੋਕਾਂ ਨੂੰ ਭਾਜਪਾ ’ਚ ਸ਼ਾਮਲ ਕਰਵਾਉਣ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਅਮਲ ’ਚ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਸੱਚਾਈ ਸੀ, ਮੈਂ ਤਾਂ ਉਹੀ ਲੋਕਾਂ ਸਾਹਮਣੇ ਬਿਆਨ ਕੀਤੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਨਾਲ ਪ੍ਰਸ਼ੋਤਮ ਸੋਂਧੀ ਬੀਤੇ ਦਿਨ ਦਿੱਲੀ ਵਿਖੇ ਭਾਜਪਾ ’ਚ ਸ਼ਾਮਲ ਹੋ ਗਏ ਸਨ। ਅਟਵਾਲ ਨੇ ਕੱਲ ਹੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ’ਚੋਂ ਅਸਤੀਫ਼ਾ ਦਿੱਤਾ ਸੀ।


author

Manoj

Content Editor

Related News