ਸੁਨੀਲ ਜਾਖੜ ਨੇ ਭਾਜਪਾ ਦਫ਼ਤਰਾਂ ''ਚ ਕੀਤੀ ਗਈ ਭੰਨਤੋੜ ਦੀ ਕੀਤੀ ਨਿਖੇਧੀ

Sunday, May 10, 2026 - 07:21 PM (IST)

ਸੁਨੀਲ ਜਾਖੜ ਨੇ ਭਾਜਪਾ ਦਫ਼ਤਰਾਂ ''ਚ ਕੀਤੀ ਗਈ ਭੰਨਤੋੜ ਦੀ ਕੀਤੀ ਨਿਖੇਧੀ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ 'ਆਪ' ਨੂੰ ਪੰਜਾਬ ਦਾ ਮਹੌਲ ਖਰਾਬ ਨਾ ਕਰਨ ਦੀ ਚਿਤਾਵਨੀ ਦਿੰਦਿਆਂ ਆਖਿਆ ਹੈ ਕਿ ਭਾਜਪਾ ਪੰਜਾਬ ਨੂੰ ਮਮਤਾ ਦਾ ਬੰਗਾਲ ਬਣਾਉਣ ਦੀਆਂ ਆਪ ਦੀਆਂ ਕੋਸ਼ਿਸਾਂ ਨੂੰ ਕਦੇ ਸਫਲ ਨਹੀਂ ਹੋਣ ਦੇਵੇਗੀ।
ਇਸ ਸਬੰਧੀ ਸੋਸ਼ਲ ਮੀਡੀਆ ਤੇ ਜਾਰੀ ਕੀਤੇ ਸੁਨੇਹੇ ਵਿਚ ਸੁਨੀਲ ਜਾਖੜ ਨੇ ਲਿਖਿਆ, “ਅਰਵਿੰਦ ਕੇਜਰੀਵਾਲ ਜੀ! ਧਿਆਨ ਨਾਲ ਸੁਣ ਲਵੋ, ਪੰਜਾਬ ਨੂੰ ਮਮਤਾ ਦਾ ਬੰਗਾਲ ਨਹੀਂ ਬਣਾਉਣ ਦਿੱਤਾ ਜਾਵੇਗਾ।  ਪ੍ਰਦਰਸ਼ਨ ਦੇ ਨਾਂ ਤੇ ਬਲਾਚੌਰ (ਨਵਾਂ ਸ਼ਹਿਰ) ਵਿੱਚ ਅਕਾਲੀ ਦਲ ਤੋਂ ਆਪ ਚ ਰਲੇ ਤੁਹਾਡੇ ਵਿਧਾਇਕ ਸੁਖਵਿੰਦਰ ਸੁੱਖੀ ਨੇ ਪੁਲਸ ਦੀ ਹਾਜ਼ਰੀ ਵਿੱਚ ਭਾਜਪਾ ਦੇ ਦਫਤਰ ਅੰਦਰ ਆ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਾਲ ਕੁੱਟਮਾਰ ਤੇ ਭੰਨ੍ਹਤੋੜ ਕੀਤੀ। ਅਰਵਿੰਦ ਕੇਜਰੀਵਾਲ ਨੇ ਆਪ ਵਿੱਚ ਸ਼ਾਮਿਲ ਕਰਵਾ ਕੇ ਵਿਧਾਇਕ ਨੂੰ ਲੁੱਟ ਕਰਨ ਦਾ ਲਾਈਸੈਂਸ ਤਾਂ ਦਿੱਤਾ ਹੀ ਸੀ ਪਰ ਕੀ ਉਸ ਨੂੰ ਲੋਕਾਂ ਨੂੰ ਕੁੱਟਣ ਦਾ ਲਾਇਸੈਂਸ ਵੀ ਦੇ ਦਿੱਤਾ ਹੈ। ਲੁਧਿਆਣਾ ਸਮੇਤ ਕੁਝ ਹੋਰ ਥਾਵਾਂ ਤੋਂ ਵੀ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। 

ਅਰਵਿੰਦ ਕੇਜਰੀਵਾਲ ਜੀ,  ਪੰਜਾਬੀ ਸਭ ਵੇਖ ਰਹੇ ਹਨ। ਤੁਸੀਂ ਚਾਹੇ ਜਿੰਨੇ ਮਰਜੀ ਡਰਾਮੇ ਕਰ ਲਓ, ਪੰਜਾਬ ਨੂੰ ਲੁੱਟਣ ਵਾਲੇ ਭ੍ਰਿਸ਼ਟਾਚਾਰੀਆਂ ਖਿਲਾਫ ਤਾਂ ਕਾਰਵਾਈ ਜਾਰੀ ਰਹੇਗੀ ਅਤੇ ਉਨਾਂ ਲੋਕਾਂ ਤੱਕ ਵੀ ਪੁੱਜੇਗੀ ਜਿਹੜੇ ਹਾਲੇ ਪਰਦੇ ਪਿੱਛੇ ਲੁਕੇ ਹੋਏ ਹਨ। ਪੰਜਾਬ ਪੁਲਸ ਬਿਨਾਂ ਦੇਰੀ ਇਸ ਗੁੰਡਾਗਰਦੀ ਖਿਲਾਫ ਸਖਤ ਕਦਮ ਉਠਾਏ।“ ਸੁਨੀਲ ਜਾਖੜ ਨੇ ਕਿਹਾ ਕਿ ਅਸੀਂ ਤੁਹਾਡੇ ਵਿਰੋਧ ਕਰਨ ਦੇ ਹੱਕ ਦਾ ਸਨਮਾਨ ਕਰਦੇ ਹਾਂ ਪਰ ਅਜਿਹਾ ਕਰਦੇ ਸਮੇਂ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਆਗਿਆ ਨਹੀਂ ਹੁੰਦੀ। ਚੰਗਾ ਹੋਵੇ ਜੇਕਰ ਮਰਿਆਦਾ ਵਿਚ ਰਹਿ ਕੇ ਸਿਆਸਤ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਆਪ ਦਾ ਕਿਸ ਹੱਦ ਤੱਕ ਨੈਤਿਕ ਪਤਨ ਹੋ ਚੁੱਕਾ ਹੈ ਕਿ ਭ੍ਰਿਸ਼ਟਾਚਾਰ ਖਿਲਾਫ ਧਰਨੇ ਪ੍ਰਦਰਸ਼ਨ ਕਰਕੇ ਬਣੀ ਪਾਰਟੀ ਅੱਜ ਭ੍ਰਿਸ਼ਟਾਚਾਰੀਆਂ ਦੇ ਹੱਕ ਵਿਚ ਧਰਨੇ ਪ੍ਰਦਰਸ਼ਨ ਕਰ ਰਹੀ ਹੈ।  ਭਾਜਪਾ ਪ੍ਰਧਾਨ ਨੇ ਕਿਹਾ ਕਿ ਪੁਲਸ ਬਿਨ੍ਹਾ ਦੇਰੀ ਇਸ ਗੁੰਡਾਗਰਦੀ ਖਿਲਾਫ ਸਖ਼ਤ ਕਾਰਵਾਈ ਕਰੇ। ਕੈਮਰੇ ਤੇ ਸਪੱਸ਼ਟ ਵਿਖਾਈ ਦੇ ਰਿਹਾ ਹੈ ਕਿ ਆਪ ਦੇ ਵਿਧਾਇਕ ਭਾਜਪਾ ਦਫ਼ਤਰ ਵਿਚ ਜਾ ਕੇ ਮਾਰਕੁੱਟ ਕਰ ਰਹੇ ਹਨ। ਇਹ ਬਰਦਾਸਤ ਨਹੀਂ ਹੋਵੇਗਾ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News