0001 ਦਾ ਕ੍ਰੇਜ਼, ਫੈਂਸੀ ਨੰਬਰ ਖ਼ਰੀਦਣ ਲਈ ਖ਼ਰਚੇ ਜਾ ਰਹੇ ਕਰੋੜਾਂ ਰੁਪਏ
Monday, Jul 03, 2023 - 03:16 PM (IST)

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਦੇ ਲੋਕਾਂ ਨੂੰ ਆਪਣੀਆਂ ਗੱਡੀਆਂ ’ਤੇ ਵੀ. ਆਈ. ਪੀ. ਨੰਬਰ ਲਾਉਣ ਦਾ ਕਾਫ਼ੀ ਸ਼ੌਂਕ ਹੈ। ਇਸ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ 3 ਸਾਲਾਂ ’ਚ ਸ਼ਹਿਰਵਾਸੀ ਫੈਂਸੀ ਨੰਬਰਾਂ ’ਤੇ 22 ਕਰੋੜ ਰੁਪਏ ਖ਼ਰਚ ਕਰ ਚੁੱਕੇ ਹਨ। ਰਜਿਸਟਰਿੰਗ ਐਂਡ ਲਾਇਸੈਂਸ ਅਥਾਰਿਟੀ (ਆਰ. ਐੱਲ. ਏ.) ਵਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਇਸਦਾ ਖ਼ੁਲਾਸਾ ਹੋਇਆ ਹੈ। ਵਿਭਾਗ ਅਨੁਸਾਰ 2020 ਤੋਂ ਲੈ ਕੇ ਹੁਣ ਤਕ ਉਨ੍ਹਾਂ ਨੂੰ ਫੈਂਸੀ ਨੰਬਰਾਂ ਦੀ ਆਕਸ਼ਨ ਤੋਂ 22 ਕਰੋੜ 28 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਆਰ. ਐੱਲ. ਏ. ਵਲੋਂ ਆਪਣੀ ਨਵੀਂ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਨਿਲਾਮੀ ਕੀਤੀ ਜਾਂਦੀ ਹੈ। ਜੋ ਨੰਬਰ ਨਿਲਾਮੀ ਵਿਚ ਬਚ ਜਾਂਦੇ ਹਨ, ਉਨ੍ਹਾਂ ਨੂੰ ਮੁੜ ਨਵੀਂ ਸੀਰੀਜ਼ ਦੀ ਨਿਲਾਮੀ ਵਿਚ ਰੱਖਿਆ ਜਾਂਦਾ ਹੈ।
ਇਹ ਵੀ ਪੜ੍ਹੋ : ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਮਹਿਕਮੇ ਵੱਲੋਂ ਨਿਰਦੇਸ਼ ਜਾਰੀ
ਵਿਭਾਗ ਅਨੁਸਾਰ ਤਿੰਨ ਸਾਲ ਵਿਚ ਸੀ. ਐੱਚ. 01 ਸੀ. ਪੀ. ਸੀਰੀਜ਼ ਲਈ ਸਭ ਤੋਂ ਜ਼ਿਆਦਾ 2.68 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਇਸ ਤੋਂ ਬਾਅਦ ਸਭ ਤੋਂ ਜ਼ਿਆਦਾ ਸੀ. ਐੱਚ. 01 ਸੀ. ਕਿਊ. ਸੀਰੀਜ਼ ਲਈ 2.57 ਕਰੋੜ ਰੁਪਏ ਮਾਲੀਆ ਦੇ ਰੂਪ ਵਿਚ ਮਿਲੇ। ਇਸੇ ਤਰ੍ਹਾਂ ਸੀ. ਐੱਚ. 01 ਸੀ. ਐੱਚ. ਲਈ 2.31 ਕਰੋੜ, ਸੀ. ਐੱਚ. 01 ਸੀ. ਐੱਮ. ਲਈ 2.12 ਕਰੋੜ ਅਤੇ ਸੀ. ਐੱਚ. 01 ਸੀ. ਐੱਨ. ਲਈ 1.81 ਕਰੋੜ ਰੁਪਏ ਦਾ ਮਾਲੀਆ ਮਿਲਿਆ ਹੈ। ਇਸ ਤੋਂ ਇਲਾਵਾ ਅੱਗੇ ਵੀ ਵਿਭਾਗ ਦੀ ਨਵੀਂ ਸੀਰੀਜ਼ ਅਤੇ ਬਾਕੀ ਬਚੇ ਫੈਂਸੀ ਨੰਬਰਾਂ ਲਈ ਨਿਲਾਮੀ ਦੀ ਪ੍ਰਕਿਰਿਆ ਜਾਰੀ ਹੈ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ : ਰਿਸ਼ਤੇਦਾਰਾਂ ਤੋਂ ਤੰਗ ਆ ਕੇ ਪੰਜਾਬੀ ਗਾਇਕ ਨੇ ਕੀਤੀ ਖ਼ੁਦਕੁਸ਼ੀ
ਦੱਸਣਯੋਗ ਹੈ ਕਿ ਵਾਹਨ ਚਾਲਕਾਂ ਨੂੰ ਨਿਲਾਮੀ ਵਿਚ ਭਾਗ ਲੈਣ ਲਈ ਖ਼ੁਦ ਨੂੰ ਨੈਸ਼ਨਲ ਟਰਾਂਸਪੋਰਟ ਦੀ ਵੈੱਬਸਾਈਟ ’ਤੇ ਜਾ ਕੇ ਰਜਿਸਟਰਡ ਕਰਨਾ ਹੁੰਦਾ ਹੈ, ਜਿਸ ਦਾ ਚੰਡੀਗੜ੍ਹ ਟਰਾਂਸਪੋਰਟ ਡਿਪਾਰਟਮੈਂਟ ਦੀ ਵੈੱਬਸਾਈਟ ’ਤੇ ਲਿੰਕ ਉਪਲੱਬਧ ਹੈ। ਇਸ ਤੋਂ ਬਾਅਦ ਹੀ ਉਹ ਉਥੋਂ ਯੂ. ਏ. ਐੱਨ. ਨੰਬਰ ਪ੍ਰਾਪਤ ਕਰ ਸਕਦੇ ਹਨ। ਜਿਹੜੇ ਲੋਕਾਂ ਨੇ ਚੰਡੀਗੜ੍ਹ ਐਡਰੈੱਸ ’ਤੇ ਆਪਣਾ ਵਾਹਨ ਖ਼ਰੀਦਿਆ ਹੈ, ਉਹੀ ਆਕਸ਼ਨ ਵਿਚ ਭਾਗ ਲੈ ਸਕਦੇ ਹਨ। ਦੂਜੇ ਸੂਬਿਆਂ ਦੇ ਐਡਰੈੱਸ ’ਤੇ ਵਾਹਨ ਖ਼ਰੀਦਣ ਵਾਲੇ ਲੋਕ ਇਸ ਆਕਸ਼ਨ ਵਿਚ ਭਾਗ ਨਹੀਂ ਲੈ ਸਕਦੇ। ਆਕਸ਼ਨ ਵਿਚ ਭਾਗ ਲੈਣ ਲਈ ਸੇਲ ਲੈਟਰ, ਫ਼ਾਰਮ ਨੰਬਰ 21 ਅਤੇ ਆਧਾਰ ਕਾਰਡ ਲਾਜ਼ਮੀ ਹੈ। ਆਕਸ਼ਨ ਵਿਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਫ਼ੀਸ ਅਤੇ ਪਸੰਦੀਦੇ ਨੰਬਰ ਦੀ ਰਿਜ਼ਰਵ ਪ੍ਰਾਈਸ ਸੈਕਟਰ-17 ਸਥਿਤ ਆਰ. ਐੱਲ. ਏ. ਆਫ਼ਿਸ ਵਿਚ ਡਿਮਾਂਡ ਡਰਾਫ਼ਟ ਵਜੋਂ ਜਮ੍ਹਾ ਕਰਵਾਉਣੀ ਹੁੰਦੀ ਹੈ। ਆਕਸ਼ਨ ਸਬੰਧੀ ਟਰਮ ਐਂਡ ਕੰਡੀਸ਼ਨਸ ਚੰਡੀਗੜ੍ਹ ਟਰਾਂਸਪੋਰਟ ਡਿਪਾਰਟਮੈਂਟ ਦੀ ਵੈੱਬਸਾਈਟ ’ਤੇ ਉਪਲੱਬਧ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਮਾਨਸੂਨ ਦੇ ਸਰਗਰਮ ਹੋਣ ਮਗਰੋਂ ਪਾਵਰਕਾਮ ਨੂੰ ਵੱਡੀ ਰਾਹਤ
ਸੀ. ਐੱਚ. 01 ਸੀ. ਐੱਚ. ਦੇ 0001 ਨੰਬਰ ਲਈ ਲੱਗੀ ਸਭ ਤੋਂ ਜ਼ਿਆਦਾ ਬੋਲੀ
ਸੀ. ਐੱਚ. 01 ਸੀ. ਪੀ. ਸੀਰੀਜ਼ ਦੇ ਨੰਬਰਾਂ ਦੀ ਆਕਸ਼ਨ ਵਿਚ ਸਭ ਤੋਂ ਜ਼ਿਆਦਾ 0008 ਨੰਬਰ 25.43 ਲੱਖ ਰੁਪਏ ਵਿਚ ਨਿਲਾਮ ਹੋਇਆ ਸੀ, ਜਦੋਂ ਕਿ 0005 ਨੰਬਰ ਲਈ 25.05 ਲੱਖ ਰੁਪਏ ਦੀ ਬੋਲੀ ਲੱਗੀ ਸੀ। ਜਦੋਂ ਕਿ ਸੀ. ਐੱਚ. 01 ਸੀ. ਕਿਊ. ਸੀਰੀਜ਼ ਦੀ ਨਿਲਾਮੀ ਵਿਚ 0001 ਨੰਬਰ 21.22 ਲੱਖ ਰੁਪਏ ਵਿਚ ਨਿਲਾਮ ਹੋਇਆ ਸੀ। ਇਸ ਤੋਂ ਇਲਾਵਾ 0009 ਨੰਬਰ ਲਈ 11.10 ਲੱਖ ਰੁਪਏ ਦੀ ਬੋਲੀ ਲੱਗੀ ਸੀ। ਵਿਭਾਗ ਇਸ ਨਿਲਾਮੀ ਵਿਚ ਕੁੱਲ 462 ਫੈਂਸੀ ਨੰਬਰ ਵੇਚਣ ਵਿਚ ਸਫ਼ਲ ਰਿਹਾ ਸੀ। ਸੀ. ਐੱਚ. 01 ਸੀ. ਐੱਚ. ਦੇ ਫੈਂਸੀ ਨੰਬਰਾਂ ਦੀ ਆਕਸ਼ਨ ਵਿਚ 0001 ਨੰਬਰ ਸਭ ਤੋਂ ਜ਼ਿਆਦਾ ਰਿਜ਼ਰਵ ਪ੍ਰਾਈਸ 50 ਹਜ਼ਾਰ ਦੇ ਮੁਕਾਬਲੇ 24.40 ਲੱਖ ਰੁਪਏ ਵਿਚ ਨਿਲਾਮ ਹੋਇਆ ਸੀ। ਇਸੇ ਤਰ੍ਹਾਂ 0009 ਨੰਬਰ ਲਈ 6.63 ਲੱਖ ਦੀ ਬੋਲੀ ਲੱਗੀ ਸੀ।
ਸੀ. ਐੱਚ. 01 ਸੀ. ਐੱਮ. ਸੀਰੀਜ਼ ਦੀ ਨਿਲਾਮੀ ਨਾਲ ਵਿਭਾਗ ਨੂੰ 466 ਫੈਂਸੀ ਨੰਬਰਾਂ ਦੀ ਆਕਸ਼ਨ ਤੋਂ 2.12 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ। ਨਿਲਾਮੀ ਵਿਚ 0001 ਨੰਬਰ ਰਿਜ਼ਰਵ ਪ੍ਰਾਈਸ 50 ਹਜ਼ਾਰ ਦੇ ਮੁਕਾਬਲੇ ਸਭ ਤੋਂ ਜ਼ਿਆਦਾ 18.19 ਲੱਖ ਰੁਪਏ ਅਤੇ 0009 ਨੰਬਰ ਰਿਜ਼ਰਵ ਪ੍ਰਾਈਸ 30 ਹਜ਼ਾਰ ਦੇ ਮੁਕਾਬਲੇ 7.65 ਲੱਖ ਰੁਪਏ ਵਿਚ ਨਿਲਾਮ ਹੋਇਆ ਸੀ। ਉਥੇ ਹੀ ਸੀ. ਐੱਚ. 01 ਸੀ. ਐੱਨ. ਸੀਰੀਜ਼ ਦੇ ਨੰਬਰਾਂ ਦੀ ਨਿਲਾਮੀ ਵਿਚ ਵਿਭਾਗ ਨੂੰ 1.81 ਕਰੋੜ ਰੁਪਏ ਮਾਲੀਆ ਪ੍ਰਾਪਤ ਹੋਇਆ ਸੀ। ਇਸ ਵਿਚ ਸਭ ਤੋਂ ਜ਼ਿਆਦਾ 0001 ਨੰਬਰ 15.20 ਲੱਖ ਰੁਪਏ ਵਿਚ ਨਿਲਾਮ ਹੋਇਆ ਸੀ।
ਇਹ ਵੀ ਪੜ੍ਹੋ : ਵੇਟਲਿਫਟਰ ਪਰਮਵੀਰ ਦੀ ਭਾਰਤੀ ਟੀਮ ’ਚ ਹੋਈ ਚੋਣ, ਟ੍ਰਾਇਲ ਦੌਰਾਨ ਤੋੜਿਆ ਆਪਣਾ ਹੀ ਪੁਰਾਣਾ ਰਿਕਾਰਡ
ਇਸੇ ਤਰ੍ਹਾਂ ਸੀ. ਐੱਚ. 01 ਸੀ. ਕੇ. ਸੀਰੀਜ਼ ਦੇ ਨੰਬਰਾਂ ਦੀ ਨਿਲਾਮੀ ਨਾਲ ਵਿਭਾਗ ਨੂੰ 1.56 ਕਰੋੜ ਰੁਪਏ ਮਾਲੀਆ ਪ੍ਰਾਪਤ ਹੋਇਆ ਸੀ। ਇਸ ਵਿਚ ਸਭ ਤੋਂ ਜ਼ਿਆਦਾ 0001 ਨੰਬਰ 12.21 ਲੱਖ ਰੁਪਏ ਵਿਚ ਨਿਲਾਮ ਹੋਇਆ ਸੀ। ਸੀ. ਐੱਚ. 01 ਸੀ. ਐੱਲ. ਸੀਰੀਜ਼ ਦੀ ਨਿਲਾਮੀ ਵਿਚ ਵਿਭਾਗ 423 ਫੈਂਸੀ ਨੰਬਰ ਵੇਚਣ ਵਿਚ ਸਫ਼ਲ ਰਿਹਾ ਸੀ, ਜਿਸ ਨਾਲ ਉਸ ਨੂੰ 1.55 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ। ਇਸ ਵਿਚ 0001 ਨੰਬਰ ਰਿਜ਼ਰਵ ਪ੍ਰਾਈਸ 50 ਹਜ਼ਾਰ ਦੇ ਮੁਕਾਬਲੇ ਸਭ ਤੋਂ ਜ਼ਿਆਦਾ 13.58 ਲੱਖ ਰੁਪਏ ਵਿਚ ਅਤੇ 0009 ਨੰਬਰ 6.03 ਲੱਖ ਰੁਪਏ ਵਿਚ ਨਿਲਾਮ ਹੋਇਆ ਸੀ।
ਸੀ. ਐੱਚ. 01 ਸੀ. ਜੇ. ਸੀਰੀਜ਼ ਦੇ ਨੰਬਰਾਂ ਦੀ ਨਿਲਾਮੀ ਨਾਲ ਵਿਭਾਗ ਨੂੰ 1.50 ਕਰੋੜ ਰੁਪਏ ਮਾਲੀਆ ਪ੍ਰਾਪਤ ਹੋਇਆ ਸੀ। ਇਸ ਵਿਚ ਸਭ ਤੋਂ ਜ਼ਿਆਦਾ 0001 ਨੰਬਰ 15.44 ਲੱਖ ਰੁਪਏ ਵਿਚ ਨਿਲਾਮ ਹੋਇਆ ਸੀ। ਇਸ ਤੋਂ ਇਲਾਵਾ ਸੀ. ਐੱਚ. 01 ਸੀ. ਜੀ. ਦੀ ਨਿਲਾਮੀ ਨਾਲ 1 ਕਰੋੜ 43 ਲੱਖ 84 ਹਜ਼ਾਰ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ ਅਤੇ ਨਿਲਾਮੀ ਵਿਚ 0001 ਨੰਬਰ ਸਭ ਤੋਂ ਜ਼ਿਆਦਾ 11.20 ਲੱਖ ਰੁਪਏ ਵਿਚ ਨਿਲਾਮ ਹੋਇਆ ਸੀ।
ਹਰ ਤਿੰਨ ਮਿੰਟਾਂ ’ਚ ਸੜਕ ’ਤੇ ਉਤਰ ਰਿਹਾ ਨਵਾਂ ਵਾਹਨ
ਚੰਡੀਗੜ੍ਹ ਦੇਸ਼ ਵਿਚ ਸਭ ਤੋਂ ਜ਼ਿਆਦਾ ਕਾਰਾਂ ਦੀ ਘਣਤਾ ਵਾਲਾ ਸ਼ਹਿਰ ਹੈ। ਇਕ ਘਰ ਵਿਚ ਦੋ ਤੋਂ ਜ਼ਿਆਦਾ ਵਾਹਨ ਹਨ। ਹਰ ਤਿੰਨ ਮਿੰਟ ਵਿਚ ਇਕ ਨਵਾਂ ਵਾਹਨ ਸੜਕ ’ਤੇ ਉੱਤਰ ਰਿਹਾ ਹੈ। ਚੰਡੀਗੜ੍ਹ ਦੇ ਲੋਕ ਗੱਡੀਆਂ ਦੇ ਸ਼ੌਕੀਨ ਹਨ। ਇਹੀ ਕਾਰਨ ਹੈ ਕਿ ਸ਼ਹਿਰ ਵਿਚ ਲੋਕ ਛੇਤੀ ਹੀ ਆਪਣੀ ਗੱਡੀ ਬਦਲ ਲੈਂਦੇ ਹਨ। ਇਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਵਧ ਰਹੀਆਂ ਹਨ। ਇਕ ਸਟੱਡੀ ਅਨੁਸਾਰ ਸ਼ਹਿਰ ਦੇ ਸਾਰੇ ਮੁੱਖ ਮਾਰਗਾਂ ’ਤੇ ਵਾਹਨਾਂ ਦੀ ਗਿਣਤੀ ਹੱਦ ਤੋਂ ਕਿਤੇ ਜ਼ਿਆਦਾ ਹੈ। ਸਵੇਰੇ ਅਤੇ ਸ਼ਾਮ ਦੇ ਪੀਕ ਆਵਰਜ਼ ਵਿਚ ਇਨ੍ਹਾਂ ਸਾਰੇ ਮਾਰਗਾਂ ’ਤੇ ਜਾਮ ਲੱਗਣ ਲੱਗਾ ਹੈ। ਇਕ-ਇਕ ਟ੍ਰੈਫਿਕ ਲਾਈਟ ’ਤੇ 10 ਮਿੰਟ ਤੋਂ ਜ਼ਿਆਦਾ ਦਾ ਸਮਾਂ ਲੱਗਣ ਲੱਗਦਾ ਹੈ। ਸ਼ਹਿਰ ਦੀ ਆਬਾਦੀ ਕਰੀਬ 13 ਲੱਖ ਹੈ ਅਤੇ ਦੂਜੇ ਪਾਸੇ ਵਾਹਨਾਂ ਦੀ ਗਿਣਤੀ ਵਧ ਕੇ 11 ਲੱਖ ਦੇ ਕਰੀਬ ਪਹੁੰਚ ਗਈ ਹੈ। ਜਨਸੰਖਿਆ ਅਤੇ ਵਾਹਨਾਂ ਵਿਚ ਤੇਜ਼ੀ ਨਾਲ ਵਾਧੇ ਕਾਰਨ ਟ੍ਰੈਫ਼ਿਕ ਦੇ ਨਾਲ ਹੀ ਹੋਰ ਸਮੱਸਿਆਵਾਂ ਵੀ ਵਧ ਰਹੀਆਂ ਹਨ।
ਫੈਂਸੀ ਨੰਬਰਾਂ ਦੀ ਨਿਲਾਮੀ ’ਚ ਲੋਕ ਚੰਗਾ ਹੁੰਗਾਰਾ ਦਿਖਾ ਰਹੇ ਹਨ
ਆਰ. ਐੱਲ. ਏ. ਵਲੋਂ ਕੀਤੀ ਜਾਣ ਵਾਲੀ ਫੈਂਸੀ ਨੰਬਰਾਂ ਦੀ ਨਿਲਾਮੀ ਵਿਚ ਲੋਕ ਚੰਗਾ ਹੁੰਗਾਰਾ ਦਿਖਾ ਰਹੇ ਹਨ। ਇਹੀ 1 ਕਾਰਨ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਫੈਂਸੀ ਨੰਬਰਾਂ ਦੀ ਨਿਲਾਮੀ ਨਾਲ ਵਿਭਾਗ ਦੇ ਮਾਲੀਏ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਨਿਲਾਮੀ ਨਾਲ ਵਿਭਾਗ ਨੂੰ ਪਿਛਲੇ ਤਿੰਨ ਸਾਲਾਂ ਵਿਚ 22 ਕਰੋੜ ਰੁਪਏ ਦੇ ਕਰੀਬ ਮਾਲੀਆ ਪ੍ਰਾਪਤ ਹੋਇਆ ਹੈ। ਉਮੀਦ ਹੈ ਕਿ ਅੱਗੇ ਵੀ ਨਿਲਾਮੀ ਵਿਚ ਚੰਗਾ ਹੁੰਗਾਰਾ ਆਉਣਾ ਜਾਰੀ ਰਹੇਗਾ। ਪਿਛਲੀ ਸੀਰੀਜ਼ ਸੀ. ਐੱਚ. 01 ਸੀ. ਕਿਊ. ਤੋਂ ਵਿਭਾਗ ਨੂੰ 2.57 ਕਰੋੜ ਰੁਪਏ ਦਾ ਮਾਲੀਆ ਮਿਲਿਆ ਸੀ ਅਤੇ ਹੁਣ ਛੇਤੀ ਹੀ ਵਿਭਾਗ ਆਪਣੀ ਨਵੀਂ ਸੀਰੀਜ਼ ਦੀ ਨਿਲਾਮੀ ਕਰੇਗਾ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ
ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani