ਸੱਤਾ ਦਾ ਨਸ਼ਾ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਆਗੂਆਂ ਦੇ ਸਿਰ ਚੜ੍ਹ ਕੇ ਬੋਲ ਰਿਹੈ : ਅਸ਼ਵਨੀ ਸ਼ਰਮਾ
Monday, Aug 01, 2022 - 03:51 PM (IST)
ਚੰਡੀਗੜ੍ਹ (ਸ਼ਰਮਾ) : ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣੇ ਦੇ ਮੌਕੇ ’ਤੇ ਦੇਸ਼ ਭਰ ਵਿਚ ਮਨਾਏ ਜਾ ਰਹੇ ‘ਅੰਮ੍ਰਿਤ-ਮਹਾਉਤਸਵ’ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ‘ਹਰ ਘਰ ਤਿਰੰਗਾ’ ਲਹਿਰਾਉਣ ਦੇ ਦਿੱਤੇ ਸੱਦੇ ’ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੰਡੀਗੜ੍ਹ ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਭਾਜਪਾ ਨੇ ਇਸ ਸਬੰਧੀ ਵਿਸਤ੍ਰਿਤ ਯੋਜਨਾ ਬਣਾ ਲਈ ਹੈ ਅਤੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਹਰ ਘਰ ਤਿਰੰਗਾ ਮੁੰਹਿਮ ਹੇਠ ਜ਼ਿਲਾ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਵਰਕਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਹ ਆਪੋ-ਆਪਣੇ ਇਲਾਕੇ ਦੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜ ਕੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਘਰ-ਘਰ ਤਿਰੰਗਾ ਲਹਿਰਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ।
ਇਹ ਵੀ ਪੜ੍ਹੋ- ਚਾਵਾਂ ਨਾਲ ਕਰਾਈ ਲਵ ਮੈਰਿਜ ਦਾ ਖੌਫ਼ਨਾਕ ਅੰਤ, ਪਤਨੀ ਤੋਂ ਦੁਖੀ ਮੁੰਡੇ ਨੇ ਕਰ ਲਈ ਖ਼ੁਦਕੁਸ਼ੀ
ਅਸ਼ਵਨੀ ਸ਼ਰਮਾ ਨੇ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਬਣੀ ਨੂੰ ਹਾਲੇ ਚਾਰ ਮਹੀਨੇ ਹੀ ਹੋਏ ਹਨ ਪਰ ਸੱਤਾ ਦਾ ਨਸ਼ਾ ਮਾਨ ਸਰਕਾਰ ਦੇ ਮੰਤਰੀਆਂ ਅਤੇ ਹੋਰਨਾਂ ਆਗੂਆਂ ਦੇ ਸਿਰ ’ਤੇ ਚੜ੍ਹ ਕੇ ਬੋਲ ਰਿਹਾ ਹੈ ਅਤੇ ਇਸ ਸਰਕਾਰ ਦੇ ਆਗੂ ਵੀ. ਸੀ. ਅਤੇ ਹੋਰਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਦੁਰਵਿਵਹਾਰ ਕਰਕੇ ਉਨ੍ਹਾਂ ਨੂੰ ਤੰਗ ਕਰਦੇ ਫਿਰ ਰਹੇ ਹਨ। ਭਾਜਪਾ ਇਨ੍ਹਾਂ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਖੜ੍ਹੀ ਹੈ ਅਤੇ ਹਰ ਸੰਭਵ ਮਦਦ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਮੰਤਰੀਆਂ ਵਲੋਂ ਕੀਤੇ ਜਾ ਰਹੇ ਅਜਿਹੇ ਵਤੀਰੇ ਲਈ ਤੁਰੰਤ ਉਨ੍ਹਾਂ ਨੂੰ ਬਰਖਾਸਤ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਸੁਖਪਾਲ ਖਹਿਰਾ ਦਾ CM ਮਾਨ ਤੇ ਧਾਲੀਵਾਲ ਨੂੰ ਚੈਲੰਜ, ਜਾਣੋ ਪੂਰਾ ਮਾਮਲਾ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮਾਨ ਸਰਕਾਰ ਵਲੋਂ ਪੰਜਾਬ ਵਿਚ ਪੇਪਰ ਰਹਿਤ ਬਜਟ ਪੇਸ਼ ਕੀਤਾ ਗਿਆ, ਜਿਸ ਕਾਰਨ ਸਿਰਫ਼ 21 ਲੱਖ ਰੁਪਏ ਦੀ ਬਚਤ ਹੋਈ ਪਰ ਭਗਵੰਤ ਮਾਨ ਨੇ ਇਸ ਦੇ ਪ੍ਰਚਾਰ ਲਈ 42 ਲੱਖ ਰੁਪਏ ਖ਼ਰਚ ਕੀਤੇ। ਦਿੱਲੀ ਦੀ ਆਬਕਾਰੀ ਨੀਤੀ ਨੂੰ ਪੰਜਾਬ ਵਿਚ ਲਾਗੂ ਕਰਨ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦਿੱਲੀ ਵਿਚ ਕੇਜਰੀਵਾਲ ਦੀ ਨਵੀਂ ਆਬਕਾਰੀ ਨੀਤੀ ਫ਼ੇਲ੍ਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਫ਼ਸਰਾਂ ਦੇ ਤਬਾਦਲੇ ਬੰਦ ਕਰਨ ਦਾ ਐਲਾਨ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਹਰ ਰੋਜ਼ ਪ੍ਰਸ਼ਾਸਨਿਕ ਅਫ਼ਸਰਾਂ ਦੇ ਤਬਾਦਲੇ ਕਰਦੇ ਰਹਿੰਦੇ ਹਨ। ਅੱਜ ਪੰਜਾਬ ਦੇ ਲੋਕ ਮਾਨ ਸਰਕਾਰ ਵਲੋਂ ਪੈਦਾ ਕੀਤੇ ਅਰਾਜਕਤਾ ਅਤੇ ਡਰ ਦੇ ਮਾਹੌਲ ਤੋਂ ਬੇਹੱਦ ਦੁਖੀ ਹਨ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ ਅਤੇ ਦਿਆਲ ਸਿੰਘ ਸੋਢੀ ਆਦਿ ਹਾਜ਼ਰ ਸਨ।
ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਉਠਾਏ ਸਵਾਲ
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿਚ ਵਧ ਰਹੇ ਨਸ਼ਿਆਂ ਅਤੇ ਇਸ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ‘ਆਪ’ ਸਰਕਾਰ ਪੰਜਾਬ ਵਿਚੋਂ ਨਸ਼ਿਆਂ ਅਤੇ ਇਸ ਦੀ ਸਮੱਗਲਿੰਗ ਨੂੰ ਖਤਮ ਕਰਨ ਵਿਚ ਫ਼ੇਲ੍ਹ ਸਾਬਿਤ ਹੋਈ ਹੈ। ਮਾਨ ਅਤੇ ਕੇਜਰੀਵਾਲ ਨਸ਼ੇ ਅਤੇ ਗੈਂਗਸਟਰਾਂ ਨੂੰ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੇ ਰਹਿੰਦੇ ਹਨ ਪਰ ਅਸਲੀਅਤ ਇਹ ਹੈ ਕਿ ਜੇਲ੍ਹਾਂ ਵਿਚ ਬੈਠੇ ਸਮੱਗਲਰ ਅਤੇ ਗੈਂਗਸਟਰ ਜੇਲ੍ਹਾਂ ਵਿਚੋਂ ਹੀ ਆਪਣਾ ਨੈੱਟਵਰਕ ਚਲਾ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਵਾਂਗ ਸਿਰਫ਼ ਇਸ਼ਤਿਹਾਰਾਂ ’ਤੇ ਆਧਾਰਤ ਰਾਜਨੀਤੀ ਕਰਕੇ ਜਨਤਾ ਨੂੰ ਮੂਰਖ ਬਣਾ ਰਹੇ ਹਨ, ਜਦਕਿ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਸੂਬੇ ਵਿਚ ਹਰ ਰੋਜ਼ ਦੋ-ਤਿੰਨ ਨੌਜਵਾਨ ਨਸ਼ਿਆਂ ਕਾਰਨ ਜਾਂ ਗੈਂਗਸਟਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗੁਆ ਰਹੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਦੀ ਜਵਾਨੀ ਨੂੰ ਬਚਾਉਣ ਅਤੇ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਸੂਬੇ ਦੇ ਹਿੱਤ ਵਿਚ ਠੋਸ ਕਦਮ ਚੁੱਕਣੇ ਚਾਹੀਦੇ ਹਨ, ਨਾ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਦੂਜੇ ਰਾਜਾਂ ਵਿਚ ਆਪਣੀ ਪਾਰਟੀ ਦੇ ਪ੍ਰਚਾਰ ’ਤੇ ਖਰਚਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।