ਕੈਨੇਡਾ ’ਚ ਭਾਰਤ ਖ਼ਿਲਾਫ਼ ‘ਕਿਲ ਇੰਡੀਆ’ ਰੈਲੀ ਦੀ ਤਿਆਰੀ, ਗੂੜ੍ਹੀ ਨੀਂਦ ਸੁੱਤੀ ਟਰੂਡੋ ਸਰਕਾਰ
Tuesday, Jul 04, 2023 - 05:17 PM (IST)
ਜਲੰਧਰ (ਇੰਟ.) : ਕੈਨੇਡਾ ਵਿਚ ਖਾਲਿਸਤਾਨੀ ਆਗੂ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਉਥੇ ਓਟਾਵਾ ਅਤੇ ਟੋਰਾਂਟੋ ਵਿਚ ਭਾਰਤੀ ਡਿਪਲੋਮੈਟ ਖ਼ਾਲਿਸਤਾਨੀ ਹਮਾਇਤੀਆਂ ਦੇ ਨਿਸ਼ਾਨੇ ’ਤੇ ਹਨ। ਹੁਣ ਬੌਖਲਾਹਟ ਵਿਚ ਖ਼ਾਲਿਸਤਾਨੀ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਟੋਰਾਂਟੋ ਸਥਿਤ ਕੌਂਸਲ ਜਨਰਲ ਅਪੂਰਵਾ ਸ਼੍ਰੀਵਾਸਤਵ ਨੂੰ ਹਰਦੀਪ ਨਿੱਝਰ ਦਾ ਹੱਤਿਆਰਾ ਦੱਸ ਰਹੇ ਹਨ।
ਇਹ ਵੀ ਪੜ੍ਹੋ : ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਮਹਿਕਮੇ ਵੱਲੋਂ ਨਿਰਦੇਸ਼ ਜਾਰੀ
ਦਰਅਸਲ ਕੈਨੇਡਾ ਵਿਚ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਦੀ ਸੰਸਥਾ ਸਿੱਖ ਫਾਰ ਜਸਟਿਸ (ਐੱਸ. ਜੇ. ਐੱਫ.) ਕੈਨੇਡਾ ਵਿਚ ਭਾਰਤ ਖ਼ਿਲਾਫ਼ ‘ਕਿਲ ਇੰਡੀਆ’ ਦੇ ਨਾਂ ਤੋਂ ਇਕ ਰੈਲੀ 8 ਜੁਲਾਈ ਨੂੰ ਆਯੋਜਿਤ ਕਰਨ ਜਾ ਰਹੀ ਹੈ, ਜਿਸ ਦੇ ਪ੍ਰਚਾਰ ਲਈ ਜਾਰੀ ਪੋਸਟਰਾਂ ਵਿਚ ਦੋਵੇਂ ਭਾਰਤੀ ਡਿਪਲੋਮੈਟਾਂ ਦੀਆਂ ਫੋਟੋਆਂ ਹਨ, ਜਿਨ੍ਹਾਂ ’ਤੇ ‘ਫੇਸਿਸ ਆਫ ਸ਼ਹੀਦ ਨਿੱਝਰਸ ਕਿਲਰ ਇਨ ਟੋਰਾਂਟੋ’ ਲਿਖਿਆ ਹੈ। ਇਹ ਘਟਨਾਚੱਕਰ ਠੀਕ ਅਜਿਹੇ ਸਮੇਂ ਆਇਆ ਹੈ, ਜਦੋਂ ਹਾਲ ਹੀ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕੈਨੇਡਾ ਵਿਚ ਟਰੂਡੋ ਸਰਕਾਰ ਨੂੰ ਭਾਰਤ ਵਿਰੋਧੀ ਸਰਗਰਮੀਆਂ ਲਈ ਚੌਕਸ ਕੀਤਾ ਹੈ। ਖ਼ਾਲਿਸਤਾਨੀ ਹਰਦੀਪ ਨਿੱਝਰ ਦਾ ਬੀਤੀ 18 ਜੂਨ ਨੂੰ ਕੁਝ ਸ਼ੱਕੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਹਾਲਾਂਕਿ ਕੈਨੇਡਾ ਪੁਲਸ ਮੁਤਾਬਕ ਇਸ ਕਤਲ ਦਾ ਭਾਰਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ : ਰਿਸ਼ਤੇਦਾਰਾਂ ਤੋਂ ਤੰਗ ਆ ਕੇ ਪੰਜਾਬੀ ਗਾਇਕ ਨੇ ਕੀਤੀ ਖ਼ੁਦਕੁਸ਼ੀ
ਕਤਲ ’ਚ ਭਾਰਤ ਦੀ ਭੂਮਿਕਾ ਦਾ ਕੋਈ ਸਬੂਤ ਨਹੀਂ
ਸੀਨੀਅਰ ਪੱਤਰਕਾਰ ਟੈਰੀ ਮਾਈਲਵਸੀ ਨੇ ਵੀ ਐੱਸ. ਜੇ. ਐੱਫ. ਵਲੋਂ ਜਾਰੀ ਕੀਤੇ ਗਏ ਇਸ ਪੋਸਟਰ ਨੂੰ ਆਪਣੇ ਟਵਿੱਟਰ ਹੈਂਡਲ ’ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ, ‘‘ਖਾਲਿਸਤਾਨੀ ਭਾਰਤੀ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਹੱਤਿਆਰਾ ਅਤੇ ਹਰਦੀਪ ਨਿੱਝਰ ਨੂੰ ਸ਼ਹੀਦ ਦੱਸ ਰਹੇ ਹਨ, ਜਦਕਿ ਉਸ ਦੀ ਹੱਤਿਆ ਵਿਚ ਭਾਰਤ ਦੀ ਭੂਮਿਕਾ ਦਾ ਕੋਈ ਸਬੂਤ ਨਹੀਂ ਹੈ। ਪੋਸਟਰ ’ਤੇ ‘ਕਿਲ ਇੰਡੀਆ’ ਲਿਖਿਆ ਹੈ ਜੋ ਕਿ ਬਹੁਤ ਹੀ ਗੈਰ-ਜ਼ਿੰਮੇਦਾਰਾਨਾ ਹੈ।’’ ਉਨ੍ਹਾਂ ਲਿਖਿਆ ਹੈ ਕਿ ਕਿਸੇ ਵੀ ਡਿਪਲੋਮੈਟ ਨੂੰ ਇਸ ਤਰ੍ਹਾਂ ਦੀ ਧਮਕੀ ਨਹੀਂ ਦਿੱਤੀ ਜਾਣੀ ਚਾਹੀਦੀ। ਸਾਨੂੰ ਆਸ ਕਰਨੀ ਚਾਹੀਦੀ ਹੈ ਕਿ ਹਾਈ ਕਮਿਸ਼ਨਰ ਅਤੇ ਵਣਜ ਦੂਤ ਚੰਗੀ ਤਰ੍ਹਾਂ ਸੁਰੱਖਿਅਤ ਹਨ ਅਤੇ ਨਿੱਝਰ ਹੱਤਿਆਕਾਂਡ ਨੂੰ ਤੇਜ਼ੀ ਨਾਲ ਸੁਲਝਾਇਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ’ਚ ਮਾਨਸੂਨ ਦੇ ਸਰਗਰਮ ਹੋਣ ਮਗਰੋਂ ਪਾਵਰਕਾਮ ਨੂੰ ਵੱਡੀ ਰਾਹਤ
ਤਿਰੰਗੇ ਦਾ ਅਪਮਾਨ ਕਰਨ ਦੀ ਦਿੱਤੀ ਹੈ ਧਮਕੀ
ਓਧਰ ਹਾਲ ਹੀ ਵਿਚ ਇਕ ਵੀਡੀਓ ਜਾਰੀ ਕਰ ਕੇ ਐੱਸ. ਜੇ ਐੱਫ. ਮੁਖੀ ਅੱਤਵਾਦੀ ਪੰਨੂੰ ਨੇ 8 ਜੁਲਾਈ ਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਅਤੇ ਹੋਰ ਕਈ ਯੂਰਪੀ ਦੇਸ਼ਾਂ ਵਿਚ ਭਾਰਤੀ ਦੂਤਘਰਾਂ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਪ੍ਰਦਰਸ਼ਨਾਂ ਵਿਚ 21-21 ਦਾ ਜੱਥਾ ਭਾਰਤੀ ਦੂਤਘਰਾਂ ਦੇ ਬਾਹਰ ਪ੍ਰਦਰਸ਼ਨ ਕਰੇਗਾ ਅਤੇ ਤਿਰੰਗੇ ਦਾ ਅਪਮਾਨ ਵੀ ਕਰੇਗਾ। ਹਾਲਾਂਕਿ ਇਸ 18 ਜੂਨ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਪੰਨੂੰ ਅੰਡਰਗ੍ਰਾਊਂਡ ਹੋ ਗਿਆ ਸੀ। ਕੈਨੇਡਾ ਵਿਚ ਹੋਣ ਵਾਲੀ ‘ਕਿਲ ਇੰਡੀਆ’ ਰੈਲੀ ਲਈ ਜਾਰੀ ਪੋਸਟਰ ਵਿਚ ਲਿਖਿਆ ਹੈ ਕਿ ਇਹ ਰੈਲੀ 8 ਜੁਲਾਈ ਨੂੰ 12.30 ਵਜੇ ਮਾਲਟਨ ਦੇ ਗ੍ਰੇਟ ਪੰਜਾਬ ਬਿਜ਼ਨੈੱਸ ਸੈਂਟਰ ਤੋਂ ਸ਼ੁਰੂ ਹੋਵੇਗੀ ਅਤੇ ਟੋਰਾਂਟੋ ਇੰਡੀਅਨ ਅੰਬੈਸੀ ’ਤੇ ਖ਼ਤਮ ਹੋਵੇਗੀ।
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦਾ ਮਨਾਇਆ ਸੀ ਜਸ਼ਨ
ਇਹ ਸਿਲਸਿਲਾ ਇਥੇ ਹੀ ਨਹੀਂ ਰੁਕਿਆ 6 ਜੂਨ ਨੂੰ ਆਪ੍ਰੇਸ਼ਨ ਬਲਿਊ ਸਟਾਰ ਦੀ 39ਵੀਂ ਬਰਸੀ ਦੌਰਾਨ ਕੈਨੇਡਾ ਦੀ ਧਰਤੀ ’ਤੇ ਖ਼ਾਲਿਸਤਾਨੀ ਹਮਾਇਤੀਆਂ ਵਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦਾ ਜਸ਼ਨ ਮਨਾਇਆ ਗਿਆ। ਇਕ ਯਾਤਰਾ ਦੌਰਾਨ ਇਕ ਚੱਲਦੀ ਗੱਡੀ ’ਤੇ ਇੰਦਰਾ ਗਾਂਧੀ ਦੀ ਹੱਤਿਆ ਦਾ ਦ੍ਰਿਸ਼ ਦਿਖਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਤਤਕਾਲੀਨ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ, 1984 ਨੂੰ ਉਨ੍ਹਾਂ ਦੇ 2 ਸਿੱਖ ਸੁਰੱਖਿਆ ਕਰਮਚਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ 'ਚੋਂ 9 ਮੋਬਾਇਲਾਂ ਸਮੇਤ ਹੋਰ ਸਾਮਾਨ ਹੋਇਆ ਬਰਾਮਦ
ਉਦੋਂ ਵੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕੈਨੇਡਾ ਵਿਚ ਹੋਈ ਇਹ ਘਟਨਾ ਇਕ ਵੱਡੀ ਸਮੱਸਿਆ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਸੀ ਕਿ ਕੈਨੇਡਾ ਲਗਾਤਾਰ ਵੱਖਵਾਦੀਆਂ, ਕੱਟੜਪੰਥੀਆਂ ਅਤੇ ਹਿੰਸਾ ਦੀ ਹਮਾਇਤ ਕਰਨ ਵਾਲਿਆਂ ਨੂੰ ਵਧਣ-ਫੁੱਲਣ ਦਾ ਮੌਕਾ ਦੇ ਰਿਹਾ ਹੈ। ਸਾਨੂੰ ਇਸ ਦਾ ਕਾਰਨ ਸਮਝ ਨਹੀਂ ਆਉਂਦਾ ਹੈ। ਸਿਵਾਏ ਇਸ ਦੇ ਕਿ ਵੋਟ ਬੈਂਕ ਦੀ ਲੋੜ ਹੈ। ਉਨ੍ਹਾਂ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਇਹ ਆਪਸੀ ਰਿਸ਼ਤਿਆਂ ਅਤੇ ਕੈਨੇਡਾ ਲਈ ਠੀਕ ਨਹੀਂ ਹੈ।
ਮਾਰਚ ਤੋਂ ਜਾਰੀ ਹੈ ਭਾਰਤ ਵਿਰੋਧੀ ਸਰਗਰਮੀਆਂ
‘ਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਖਾਲਿਸਤਾਨੀ ਹਮਾਇਤੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਕੈਨੇਡਾ ਵਿਚ ਬੀਤੀ ਮਾਰਚ ਵਿਚ ਸ਼ੁਰੂ ਹੋਏ ਭਾਰਤ ਵਿਰੋਧੀ ਪ੍ਰਦਰਸ਼ਨ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਜਦਕਿ ਭਾਰਤ ਇਸ ਦੌਰਾਨ ਕੈਨੇਡਾ ਸਰਕਾਰ ਨੂੰ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਲੈ ਕੇ ਕਈ ਵਾਰ ਚੌਕਸ ਕਰ ਚੁੱਕਾ ਹੈ। ਓਟਾਵਾ ਦੇ ਨਿਊ ਐਡਿਨਬਰਗ ਵਿਚ ਉਨ੍ਹਾਂ ਦੇ ਡਿਪਲੋਮੈਟ ਮਿਸ਼ਨ ’ਤੇ 23 ਮਾਰਚ ਦੇ ਪ੍ਰਦਰਸ਼ਨ ਦੌਰਾਨ ਖਾਲਿਸਤਾਨੀ ਹਮਾਇਤੀਆਂ ਨੇ ਤੋੜਭੰਨ ਕੀਤੀ ਸੀ। ਦੱਸਿਆ ਗਿਆ ਸੀ ਕਿ ਇਸ ਦੌਰਾਨ ਖਾਲਿਸਤਾਨੀ ਹਮਾਇਤੀਆਂ ਨੇ 2 ਧਮਾਕੇ ਵੀ ਕੀਤੇ ਸਨ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰ. ਸੀ. ਐੱਮ. ਪੀ.) ਅਤੇ ਓਟਾਵਾ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਭਾਰਤ ਨੇ ਇਸ ਘਟਨਾ ਤੋਂ ਬਾਅਦ ਕੈਨੇਡਾ ਸਰਕਾਰ ਨੂੰ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਲਈ ਚੌਕਸ ਕੀਤਾ ਸੀ।
ਇਹ ਵੀ ਪੜ੍ਹੋ : ਅਮਰੀਕਾ ਦੇ ਸਾਨ ਫਰਾਂਸਿਸਕੋ 'ਚ ਭਾਰਤੀ ਅੰਬੈਸੀ 'ਤੇ ਹਮਲਾ, 5 ਮਹੀਨਿਆਂ 'ਚ ਵਾਪਰੀ ਦੂਜੀ ਘਟਨਾ
ਤਿਰੰਗੇ ’ਤੇ ਖੜ੍ਹੇ ਹੋ ਕੇ ਕੀਤਾ ਸੀ ਪ੍ਰਦਰਸ਼ਨ
ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਖ਼ਾਲਿਸਤਾਨੀ ਹਮਾਇਤੀ ਇੰਨੇ ਬੌਖਲਾਏ ਹੋਏ ਹਨ ਕਿ 24 ਜੂਨ ਨੂੰ ਕੈਨੇਡਾ ਵਿਚ ਵੈਂਕੂਵਰ ਦੇ ਭਾਰਤੀ ਵਣਜ ਦੂਤਘਰ ਦੇ ਸਾਹਮਣੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਤਿਰੰਗੇ ਦਾ ਅਪਮਾਨ ਕੀਤਾ। ਵਿਖਾਵਾਕਾਰੀ ਖਾਲਿਸਤਾਨ ਦਾ ਝੰਡਾ ਉਠਾਏ ਹੋਏ ਸਨ, ਇਨ੍ਹਾਂ ਵਿਚ ਕੁਝ ਭਾਰਤ ਦੇ ਕੌਮੀ ਝੰਡੇ ਨੂੰ ਜ਼ਮੀਨ ’ਤੇ ਵਿਛਾ ਕੇ ਇਸ ’ਤੇ ਖੜ੍ਹੇ ਹੋਏ ਨਜ਼ਰ ਆਏ ਸਨ। ਇਸ ’ਤੇ ਬੀਤੇ ਬੁੱਧਵਾਰ ਨੂੰ ਵੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੈਨੇਡਾ ਟਰੂਡੋ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਖਾਲਿਸਤਾਨ ਦੇ ਮੁੱਦੇ ’ਤੇ ਵੋਟ ਬੈਂਕ ਦੀ ਸਿਆਸਤ ਨਾ ਕਰਨ। ਜੈਸ਼ੰਕਰ ਨੇ ਸਾਫ਼ ਕਿਹਾ ਕਿ ਜੇਕਰ ਭਾਰਤ ਦੀ ਅਖੰਡਤਾ ’ਤੇ ਹਮਲਾ ਹੋਇਆ ਤਾਂ ਅਸੀ ਇਸ ਦਾ ਢੁੱਕਵਾਂ ਜਵਾਬ ਦੇਵਾਂਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ