ਸਰੀ ''ਚ ਖਾਲਿਸਤਾਨ ਰੈਫਰੈਂਡਮ ਵੋਟਾਂ ਨੇ ਨਾਟੋ ਮੁਖੀ ਦਾ ਬਿਆਨ ਸੱਚ ਸਿੱਧ ਕੀਤਾ : ਖਾਲਿਸਤਾਨ ਜਲਾਵਤਨ ਸਰਕਾਰ

09/13/2023 8:42:05 PM

ਬਰਮਿੰਘਮ (ਸਰਬਜੀਤ ਸਿੰਘ ਬਨੂੜ) : ਬੀਤੇ ਦਿਨੀਂ ਕੈਨੇਡਾ ਵਿੱਚ ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਲਈ ਪਈਆਂ ਵੋਟਾਂ ਲਈ ਵੱਖ-ਵੱਖ ਆਗੂਆਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਸਿੱਖ ਆਗੂਆਂ ਵੱਲੋਂ ਪਾਈਆਂ ਵੋਟਾਂ ਨੂੰ ਜਿੱਤ ਦਾ ਨਿਸ਼ਾਨ ਦੱਸਿਆ ਗਿਆ ਤੇ ਭਾਰਤੀ ਨੇਤਾ ਭਾਰਤ ਨੂੰ ਅਖੰਡ ਭਾਰਤ ਦਾ ਦਰਜਾ ਦੇ ਕੇ ਹਰ ਇਕ ਗਤੀਵਿਧੀ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਹਨ। ਭਾਵੇਂ ਕਿ ਦੁਨੀਆ ਭਰ ਵਿੱਚ ਪੈ ਰਹੀਆਂ ਰੈਫਰੈਂਡਮ ਦੀਆਂ ਇਹ ਵੋਟਾਂ ਗੈਰ-ਸੰਵਿਧਾਨਕ ਹਨ ਤੇ ਕੋਈ ਵੀ ਮੁਲਕ ਆਪਣੇ ਭਾਰਤ ਨਾਲ ਆਰਥਿਕ ਰਿਸ਼ਤਿਆਂ ਨੂੰ ਖਤਮ ਤੇ ਖ਼ਰਾਬ ਨਹੀਂ ਕਰਨਾ ਚਾਹੁੰਦਾ ਤੇ ਨਾ ਹੀ ਇਸ ਰੈਫਰੈਂਡਮ ਨੂੰ ਖੁੱਲ੍ਹ ਕੇ ਮਾਨਤਾ ਹੀ ਦੇ ਰਹੇ ਹਨ। ਜਲਾਵਤਨ ਸਰਕਾਰ ਦਾ ਮੰਨਣਾ ਹੈ ਕਿ ਰੈਫਰੈਂਡਮ ਲਈ ਪੈ ਰਹੀਆਂ ਵੋਟਾਂ ਨੇ ਪਿਛਲੇ ਦਿਨੀਂ ਨਾਟੋ ਮੁਖੀ ਮਿ. ਗੁਨਥੇਰ ਦੇ ਬਿਆਨ ਨੂੰ ਸੱਚ ਸਿੱਧ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸਿੱਖਾਂ ਦਾ ਆਪਣਾ ਅਲੱਗ ਦੇਸ਼ ਖਾਲਿਸਤਾਨ ਜ਼ਰੂਰ ਬਣੇਗਾ ਅਤੇ ਹਿੰਦੁਸਤਾਨ ਦੇ ਕਈ ਟੁਕੜੇ ਹੋਣਗੇ।

ਇਹ ਵੀ ਪੜ੍ਹੋ : ਇਕ ਹੋਰ ਜਾਅਲੀ ਜਾਤੀ ਸਰਟੀਫਿਕੇਟ ਰੱਦ ਕਰਦਿਆਂ ਡਾ. ਬਲਜੀਤ ਕੌਰ ਨੇ ਅਨੁਸੂਚਿਤ ਵਰਗ ਬਾਰੇ ਆਖੀ ਇਹ ਗੱਲ

ਇਹ ਵਿਚਾਰ ਪੇਸ਼ ਕਰਦਿਆਂ ਖਾਲਿਸਤਾਨ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਜਥੇਦਾਰ ਗੁਰਮੇਜ ਸਿੰਘ ਗਿੱਲ ਯੂਕੇ, ਜਥੇਦਾਰ ਬਲਬੀਰ ਸਿੰਘ ਯੂਕੇ, ਜਥੇਦਾਰ ਸੁਬੇਗ ਸਿੰਘ ਡੈਨਮਾਰਕ, ਜਥੇਦਾਰ ਸਤਨਾਮ ਸਿੰਘ ਬੱਬਰ ਅਤੇ ਜਥੇਦਾਰ ਰੇਸ਼ਮ ਸਿੰਘ ਬੱਬਰ ਜਰਮਨੀ ਨੇ ਇਕ ਸਾਂਝੇ ਬਿਆਨ 'ਚ ਕਿਹਾ ਕਿ ਜਿਹੜੇ ਲੋਕ ਅਜੇ ਵੀ ਖਾਲਿਸਤਾਨ ਕਹਿਣ ਤੋਂ ਘਬਰਾਉਂਦੇ ਹਨ, ਉਨ੍ਹਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਹਰ ਕੌਮ ਦਾ ਆਪਣਾ ਕੌਮੀ ਘਰ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਪੁਰਾਤਨ ਸੂਰਬੀਰ ਸ. ਹਰੀ ਸਿੰਘ ਨਲੂਆ ਵਰਗੇ ਯੋਧਿਆਂ ਦੇ ਜੀਵਨ ਤੋਂ ਅੱਜ ਵਿਦੇਸ਼ਾਂ ਵਿੱਚ ਸੇਧ ਲਈ ਜਾ ਰਹੀ ਹੈ ਤੇ ਸਿੱਖ ਨੌਜਵਾਨਾਂ ਨੂੰ ਵੀ ਹਰੀ ਸਿੰਘ ਨਲੂਆ ਤੋਂ ਸੇਧ ਲੈਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਤੇ ਧਿਰਾਂ ਇਸ ਕਾਰਜ ਵਿੱਚ ਡਟ ਕੇ ਸਾਥ ਦੇਣ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਸਿੱਖ ਕੌਮ ਵੀ ਅਜ਼ਾਦੀ ਦਾ ਨਿੱਘ ਮਾਣ ਸਕੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News