ਵਿਨੀਪੈਗ 'ਚ ਪੰਜਾਬੀ ਦੇ ਗ੍ਰੋਸਰੀ ਸਟੋਰ ਨੂੰ ਲੈ ਕੇ ਫੈਲੀ ਅਫਵਾਹ, ਲੋਕ ਡਰੇ

08/07/2020 7:49:58 AM

ਵਿਨੀਪੈਗ— ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੈ। ਵਿਨੀਪੈਗ 'ਚ ਇਕ 'ਭਾਰਤੀ ਗ੍ਰੋਸਰੀ ਸਟੋਰ' ਦੇ ਮਾਲਕ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਫੈਲੇ ਇਕ ਝੂਠ ਤੋਂ ਬਾਅਦ ਉਨ੍ਹਾਂ ਦੇ ਕਾਰੋਬਾਰ ਨੂੰ ਨੁਕਸਾਨ ਝਲਣਾ ਪੈ ਰਿਹਾ ਹੈ।

ਕਵੀਟਨ ਸਟ੍ਰੀਟ 'ਤੇ ਪੈਂਦੇ ਗਿੱਲ ਸੁਪਰ ਮਾਰਕੀਟ ਦੇ ਮਾਲਕ ਜਗਜੀਤ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗ੍ਰੋਸਰੀ ਸਟੋਰ ਦਾ ਕਾਰੋਬਾਰ ਇਕ ਅਫਵਾਹ ਦਾ ਸ਼ਿਕਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੱਲੋਂ ਇਹ ਅਫਵਾਹ ਫੈਲਾਈ ਗਈ ਹੈ ਕਿ ਉਨ੍ਹਾਂ ਦੇ ਕਈ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਦੋਂ ਕਿ ਇਹ ਕਦੇ ਵੀ ਨਹੀਂ ਹੋਇਆ। ਗਿੱਲ ਨੇ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ ਕਿ ਇਹ ਦਾਅਵਾ ਝੂਠਾ ਹੈ ਅਤੇ ਉਨ੍ਹਾਂ ਦੇ ਕਿਸੇ ਵੀ ਕਰਮਚਾਰੀ ਨੂੰ ਕੋਰੋਨਾ ਵਾਇਰਸ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਸ ਝੂਠ ਨੇ ਉਨ੍ਹਾਂ ਦੇ ਕਾਰੋਬਾਰ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ ਅਤੇ ਸੋਮਵਾਰ ਤੋਂ ਬਾਅਦ ਵਿਕਰੀ 'ਚ 40 ਫੀਸਦੀ ਦੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਬਹੁਤ ਘੱਟ ਲੋਕ ਸਟੋਰ 'ਤੇ ਆ ਰਹੇ ਹਨ ਅਤੇ ਸਾਰੇ ਇਸ ਬਾਰੇ ਚਿੰਤਤ ਹਨ। ਗਿੱਲ ਨੇ ਕਿਹਾ ਕਿ ਕਈ ਚਿੰਤਤ ਗਾਹਕਾਂ ਨੇ ਸੈਂਕੜੇ ਕਾਲਾਂ ਅਤੇ ਮੈਸੇਜ ਕਰਕੇ ਪੁੱਛਿਆ ਹੈ ਕਿ ਕੀ ਉਨ੍ਹਾਂ ਨੂੰ ਇਕਾਂਤਵਾਸ ਲੈਣ ਦੀ ਜ਼ਰੂਰਤ ਹੈ? ਉਨ੍ਹਾਂ ਕਿਹਾ ਕਿ ਇਸ ਅਫਵਾਹ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ। ਜਗਜੀਤ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਕਿ ਇਹ ਅਫਵਾਹ ਕਿਸ ਤਰ੍ਹਾਂ ਸ਼ੁਰੂ ਹੋਈ ਅਤੇ ਕਿਸ ਨੇ ਇਹ ਘੜੀ ਹੈ। ਗਿੱਲ ਨੇ ਇਕ ਪੋਸਟ 'ਚ ਕਿਹਾ, " ਜੋ ਖ਼ਬਰ ਫੈਲਾਈ ਜਾ ਰਹੀ ਹੈ ਕਿ ਕਵੀਟਨ ਵਾਲੇ ਸਾਡੇ ਸਟੋਰ 'ਚ ਕੋਈ ਵਰਕਰ ਕੋਰੋਨਾ ਪਾਜ਼ੀਟਿਵ ਹੈ , ਬਿਲਕੁਲ ਅਫ਼ਵਾਹ ਹੈ ਅਤੇ ਝੂਠ ਹੈ।"


Sanjeev

Content Editor

Related News