ਕੈਨੇਡਾ ਦੇ ਲੋਕਾਂ ਨੂੰ Hawaii ਦੀ ਸੌਗਾਤ, 1 ਸਤੰਬਰ ਤੋਂ ਮਿਲੇਗੀ ਇਹ ਵੱਡੀ ਛੋਟ

Monday, Aug 03, 2020 - 06:23 PM (IST)

ਕੈਨੇਡਾ ਦੇ ਲੋਕਾਂ ਨੂੰ Hawaii ਦੀ ਸੌਗਾਤ, 1 ਸਤੰਬਰ ਤੋਂ ਮਿਲੇਗੀ ਇਹ ਵੱਡੀ ਛੋਟ

ਓਟਾਵਾ— 1 ਸਤੰਬਰ 2020 ਤੋਂ Hawaii ਘੁੰਮਣ ਜਾਣ ਵਾਲੇ ਕੈਨੇਡਾ ਦੇ ਲੋਕਾਂ ਨੂੰ ਹੁਣ ਉੱਥੇ ਪਹੁੰਚ ਕੇ ਇਕਾਂਤਵਾਸ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ। Hawaii ਹੁਣ ਇਕਾਂਤਵਾਸ ਪਾਬੰਦੀਆਂ ਤੋਂ ਬਿਨਾਂ ਕੈਨੇਡੀਅਨਾਂ ਦਾ ਸਵਾਗਤ ਕਰੇਗਾ। ਦੋ ਹਫਤਿਆਂ ਦੀ ਇਕਾਂਤਵਾਸ ਪਾਬੰਦੀ ਤੋਂ ਬਚਣ ਲਈ ਉਸ ਨੇ ਇਕ ਬਦਲ ਦਿੱਤਾ ਹੈ। Hawaii ਨੇ ਮਹਾਮਾਰੀ ਸ਼ੁਰੂ ਹੋਣ 'ਤੇ ਬਾਹਰੋਂ ਆਉਣ ਵਾਲੇ ਯਾਤਰੀਆਂ ਲਈ ਇਕਾਂਤਵਾਸ ਨਿਯਮ ਲਾਜ਼ਮੀ ਕੀਤਾ ਸੀ, ਜਿਸ 'ਚ ਹੁਣ ਜਲਦ ਹੀ ਢਿੱਲ ਦਿੱਤੀ ਜਾਵੇਗੀ।

Hawaii ਦੇ ਟਰਾਂਸਪੋਰਟੇਸ਼ਨ ਵਿਭਾਗ ਨੇ ਇਕ ਬਿਆਨ 'ਚ ਕਿਹਾ, ''ਬਾਹਰੋਂ ਆਉਣ ਵਾਲੇ ਯਾਤਰੀਆਂ ਨੂੰ ਆਪਣੀ ਯਾਤਰਾ ਤੋਂ ਪਹਿਲਾਂ ਕੋਵਿਡ-19 ਜਾਂਚ ਕਰਾਉਣ ਦਾ ਬਦਲ ਹੋਵੇਗਾ ਅਤੇ 14 ਦਿਨਾਂ ਦੇ ਇਕਾਂਤਵਾਸ ਤੋਂ ਬਚਣ ਲਈ ਉਨ੍ਹਾਂ ਨੂੰ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ।''
Hawaii ਲਈ ਉਡਾਣ 'ਚ ਚੜ੍ਹਨ ਤੋਂ 72 ਘੰਟੇ ਪਹਿਲਾਂ ਕੋਵਿਡ-19 ਟੈਸਟ ਹੋਣਾ ਚਾਹੀਦਾ ਹੈ। ਟਰਾਂਸਪੋਰਟੇਸ਼ਨ ਵਿਭਾਗ ਨੇ ਇਹ ਸਪੱਸ਼ਟ ਕੀਤਾ ਹੈ ਕਿ ਨੈਗੇਟਿਵ ਟੈਸਟ ਤੋਂ ਬਿਨਾਂ ਯਾਤਰੀ ਨੂੰ 14 ਦਿਨ ਦੇ ਇਕਾਂਤਵਾਸ ਦਾ ਪ੍ਰਬੰਧ ਕਰਨਾ ਹੋਵੇਗਾ।

ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਦਰਮਿਆਨ ਜ਼ਮੀਨੀ ਸਰਹੱਦ 21 ਮਾਰਚ ਤੋਂ ਗੈਰ ਜ਼ਰੂਰੀ ਯਾਤਰਾ ਲਈ ਬੰਦ ਹੈ ਪਰ ਕੈਨੇਡੀਅਨਾਂ ਦੇ ਅਮਰੀਕਾ 'ਚ ਜਾਣ ਲਈ ਹਵਾਈ ਯਾਤਰਾ 'ਤੇ ਪਾਬੰਦੀ ਨਹੀਂ ਹੈ। ਮਾਂਟਰੀਅਲ ਆਧਾਰਿਤ ਯਾਤਰਾ ਮਾਹਰ ਰਿੱਕੀ ਝਾਂਗ ਨੇ ਕਿਹਾ,“ਬਹੁਤ ਸਾਰੇ ਕੈਨੇਡੀਅਨ ਲੋਕ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਹਵਾਈ ਯਾਤਰਾ ਰਾਹੀਂ ਅਮਰੀਕਾ ਜਾਣ ਦੀ ਇਜਾਜ਼ਤ ਹੈ।'' ਇਸ ਵਿਚਕਾਰ ਕੈਨੇਡੀਅਨ ਏਅਰਲਾਈਨਾਂ Hawaii ਲਈ ਉਡਾਣਾਂ ਦੁਬਾਰਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ। ਵੈਸਟਜੈੱਟ 5 ਸਤੰਬਰ ਨੂੰ ਵੈਨਕੁਵਰ ਤੋਂ Hawaii ਲਈ ਨਾਨ-ਸਟਾਪ ਉਡਾਣਾਂ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ ਅਤੇ ਏਅਰ ਕੈਨੇਡਾ 8 ਸਤੰਬਰ ਨੂੰ ਸ਼ੁਰੂ ਕਰੇਗੀ।


author

Sanjeev

Content Editor

Related News