ਜ਼ੋਮੈਟੋ ਦੇ ਸਹਿ-ਸੰਸਥਾਪਕ ਗੁੰਜਨ ਪਾਟੀਦਾਰ ਨੇ ਦਿੱਤਾ ਅਸਫੀਤਾ, ਕੰਪਨੀ ਨੇ ਆਖੀ ਇਹ ਗੱਲ
Tuesday, Jan 03, 2023 - 01:15 PM (IST)
ਨਵੀਂ ਦਿੱਲੀ- ਖਾਣਾ ਆਰਡਰ ਕਰਨ ਦਾ ਆਨਲਾਈਨ ਮੰਚ ਜ਼ੋਮੈਟੋ ਲਿਮਟਿਡ ਦੇ ਸਹਿ-ਸੰਸਥਾਪਕ ਅਤੇ ਮੁੱਖ ਤਕਨਾਲੋਜੀ ਅਧਿਕਾਰੀ ਗੁੰਜਨ ਪਾਟੀਦਾਰ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਫਾਈਲਿੰਗ 'ਚ ਕਿਹਾ ਕਿ ਪਾਟੀਦਾਰ ਜ਼ੋਮੈਟੋ ਦੇ ਪਹਿਲੇ ਕੁਝ ਕਰਮਚਾਰੀਆਂ 'ਚੋਂ ਇਕ ਸੀ ਅਤੇ ਉਸ ਨੇ ਕੰਪਨੀ ਲਈ ਕੋਰ ਟੈਕਨਾਲੋਜੀ ਸਿਸਟਮ ਬਣਾਇਆ ਸੀ।
ਜ਼ੋਮੈਟੋ ਨੇ ਕਿਹਾ, ''ਕੰਪਨੀ ਨੂੰ ਅੱਗੇ ਲਿਜਾਣ 'ਚ ਉਨ੍ਹਾਂ ਦਾ ਯੋਗਦਾਨ ਅਨਮੋਲ ਰਿਹਾ ਹੈ।'' ਹਾਲਾਂਕਿ ਕੰਪਨੀ ਨੇ ਉਨ੍ਹਾਂ ਦੇ ਅਸਤੀਫੇ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ। ਪਿਛਲੇ ਸਾਲ ਨਵੰਬਰ 'ਚ ਕੰਪਨੀ ਦੇ ਇਕ ਹੋਰ ਸਹਿ-ਸੰਸਥਾਪਕ ਮੋਹਿਤ ਗੁਪਤਾ ਨੇ ਅਸਤੀਫਾ ਦੇ ਦਿੱਤਾ ਸੀ।
ਗੁਪਤਾ ਸਾਢੇ ਚਾਰ ਸਾਲ ਪਹਿਲਾਂ ਜ਼ੋਮੈਟੋ 'ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ 2020 ਵਿੱਚ ਕੰਪਨੀ ਦੇ ਫੂਡ ਡਿਲਿਵਰੀ ਕਾਰੋਬਾਰ ਦੇ ਸੀ.ਈ.ਓ (ਮੁੱਖ ਕਾਰਜਕਾਰੀ ਅਧਿਕਾਰੀ) ਦੇ ਅਹੁਦੇ ਤੋਂ ਸਹਿ-ਸੰਸਥਾਪਕ ਵਜੋਂ ਤਰੱਕੀ ਦਿੱਤੀ ਗਈ ਸੀ।