Zomato ਦੇ ਸ਼ੇਅਰ ਡਿਗ ਕੇ 35 ਰੁਪਏ ਤੱਕ ਆਉਣਗੇ, ਅਸ਼ਵਥ ਦਾਮੋਦਰਨ ਨੇ ਮੁੜ ਕੀਤੀ ਭਵਿੱਖਬਾਣੀ

07/30/2022 4:30:26 PM

ਜਲੰਧਰ – ਇਸ ਸਾਲ ਜ਼ੋਮੈਟੋ ਦੇ ਸ਼ੇਅਰਾਂ ’ਚ ਆਈ ਗਿਰਾਵਟ ਤੋਂ ਬਾਅਦ ਉਸ ਦੀ ਫੇਅਰ ਵੈਲਿਊਏਸ਼ਨ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ਇਸ ਚਰਚਾ ’ਚ ਅਸ਼ਵਥ ਦਾਮੋਦਰਨ ਦੀ ਸ਼ਮੂਲੀਅਤ ਨੇ ਇਸ ਦੀ ਖਿੱਚ ਹੋਰ ਵਧਾ ਦਿੱਤੀ ਹੈ। ਦਾਮੋਦਰਨ ਨੂੰ ਵੈਲਿਊਏਸ਼ਨ ਗੁਰੂ ਮੰਨਿਆ ਜਾਂਦਾ ਹੈ। ਉਹ ਨਿਊਯਾਰਕ ਯੂਨੀਵਰਸਿਟੀ ’ਚ ਫਾਈਨਾਂਸ ਦੇ ਪ੍ਰੋਫੈਸਰ ਹਨ। ਜ਼ੋਮੈਟੋ ਦਾ ਸ਼ੇਅਰ ਦਾਮੋਦਰਨ ਦੇ ਰਾਡਾਰ ’ਤੇ ਰਿਹਾ ਹੈ। ਹੁਣ ਉਨ੍ਹਾਂ ਨੇ ਇਸ ਸ਼ੇਅਰ ਦੀ ਵੈਲਿਊਏਸ਼ਨ ’ਤੇ ਭਵਿੱਖਬਾਣੀ ਕਰ ਕੇ ਇਸ ਨੂੰ ਹੋਰ ਘਟਾ ਦਿੱਤਾ ਹੈ। ਇਕ ਸਾਲ ਪਹਿਲਾਂ ਉਨ੍ਹਾਂ ਨੇ ਇਸ ਦੀ ਵੈਲਿਊਏਸ਼ਨ 41 ਰੁਪਏ ਦੱਸੀ ਸੀ। ਹੁਣ 35 ਰੁਪਏ ਦੱਸੀ ਹੈ। ਉਨ੍ਹਾਂ ਨੇ ਸ਼ੇਅਰਾਂ ਦੇ 27 ਜੁਲਾਈ ਨੂੰ ਉਨ੍ਹਾਂ ਦੀ ਫੇਅਰ ਵੈਲਿਊ ’ਤੇ ਪਹੁੰਚ ਜਾਣ ਤੋਂ ਬਾਅਦ ਇਸ ਦੀ ਨਵੀਂ ਵੈਲਿਊਏਸ਼ਨ ਦਿੱਤੀ ਹੈ।

ਉਨ੍ਹਾਂ ਨੇ ਆਪਣੇ ਬਲਾਗ ’ਚ ਲਿਖਿਆ ਹੈ ਕਿ ਕੰਪਨੀ ਅਤੇ ਬਾਜ਼ਾਰ ਬਦਲ ਚੁੱਕੇ ਹਨ। ਹਰੇਕ ਸ਼ੇਅਰ ਦੀ ਵੈਲਿਊ 40.79 ਰੁਪਏ ਤੋਂ ਡਿਗ ਕੇ 35.32 ਰੁਪਏ ’ਤੇ ਆ ਗਈ ਹੈ। ਪਿਛਲੇ ਸਾਲ ਤੋਂ ਬੁਨਿਆਦੀ ਆਰਥਿਕ ਸਥਿਤੀਆਂ ’ਚ ਬਦਲਾਅ ਤੋਂ ਬਾਅਦ ਵੈਲਿਊ ’ਚ ਵੀ ਬਦਲਾਅ ਆਇਆ ਹੈ।

ਦਾਮੋਦਰਨ ਦੀ ਵੈਲਿਊਏਸ਼ਨ ਦੇ ਹਿਸਾਬ ਨਾਲ ਜ਼ੋਮੈਟੋ ਦੇ ਸ਼ੇਅਰਾਂ ’ਚ ਹੋਰ 19 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਹਾਲ ਹੀ ’ਚ ਸਟਾਕ ਮਾਰਕੀਟ ’ਚ ਲਿਸਟ ਹੋਣ ਵਾਲੀਆਂ ਨਵੇਂ ਯੁੱਗ ਦੀਆਂ ਟੈੱਕ ਕੰਪਨੀਆਂ ’ਚ ਜ਼ੋਮੈਟੋ ਨੇ ਨਿਵੇਸ਼ਕਾਂ ਦਾ ਸਭ ਤੋਂ ਵੱਧ ਪੈਸਾ ਡੋਬਿਆ ਹੈ। ਜੇ ਦਾਮੋਦਰਨ ਦੀ ਗਣਨਾ ਸਹੀ ਨਿਕਲਦੀ ਹੈ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਜ਼ੋਮੈਟੋ ਦੇ ਸ਼ੇਅਰ ਆਪਣੇ ਸਭ ਤੋਂ ਉੱਚ ਪੱਧਰ ਤੋਂ ਕਰੀਬ 80 ਫੀਸਦੀ ਡਿਗ ਜਾਣਗੇ।

ਸ਼ੇਅਰ ਖਰੀਦਣ ਦੀ ਦਿੱਤੀ ਸਲਾਹ

ਜ਼ੋਮੈਟੋ ਅਤੇ ਇਸ ਤਰ੍ਹਾਂ ਦੀਆਂ ਦੂਜੀਆਂ ਕੰਪਨੀਆਂ ਨੇ ਨਿਵੇਸ਼ਕਾਂ ਨੂੰ ਕਰੀਬ 3 ਲੱਖ ਕਰੋੜ ਰੁਪਏ ਦਾ ਚੂਨਾ ਲਗਾਇਆ ਹੈ। ਦਾਮੋਦਰਨ ਦਾ ਕਹਿਣਾ ਹੈ ਕਿ ਜੇ ਜ਼ੋਮੈਟੋ ਦੇ ਸ਼ੇਅਰ ਦਾ ਰੇਟ 35 ਰੁਪਏ ਜਾਂ ਇਸ ਤੋਂ ਹੇਠਾਂ ਚਲਾ ਜਾਂਦਾ ਹੈ ਤਾਂ ਇਸ ’ਚ ਖਰੀਦਦਾਰੀ ਦਾ ਮੌਕਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਹਫਤਿਆਂ ਵਰਗੀ ਗਿਰਾਵਟ ਜੇ ਅੱਗੇ ਵੀ ਆਉਂਦੀ ਹੈ ਤਾਂ ਇਸ ਸ਼ੇਅਰ ਦਾ ਮੁੱਲ 35 ਰੁਪਏ ਤੱਕ ਆ ਸਕਦਾ ਹੈ। ਅਜਿਹਾ ਹੋਣ ’ਤੇ ਮੈਂ ਜ਼ੋਮੈਟੋ ਦੇ ਸ਼ੇਅਰ ਖਰੀਦਾਗਾ। ਮੈਂ ਆਪਣੇ ਪੋਰਟਫੋਲੀਓ ਦੇ ਡਾਇਵਰਸੀਫਿਕੇਸ਼ਨ ਲਈ ਅਜਿਹਾ ਕਰਾਂਗਾ। ਜ਼ੋਮੈਟੋ ਨੂੰ ਲੈ ਕੇ ਦਾਮੋਦਰਨ ਦਾ ਅਨੁਮਾਨ ਬ੍ਰੋਕਰੇਜ ਫਰਮ ਜੈਫਰੀਜ਼ ਦੇ ਠੀਕ ਉਲਟ ਹੈ। ਉਸ ਨੇ ਇਸ ਹਫਤੇ ਦੀ ਸ਼ੁਰੂਆਤ ’ਚ ਜ਼ੋਮੈਟੋ ਦੇ ਸ਼ੇਅਰਾਂ ’ਚ ਗਿਰਾਵਟ ਨੂੰ ਤੇਜ਼ੀ ਤੋਂ ਪਹਿਲਾਂ ਦੀ ਗਿਰਾਵਟ ਦੱਸਿਆ ਸੀ। ਉਸ ਨੇ ਜ਼ੋਮੈਟੋ ਦੇ ਸ਼ੇਅਰਾਂ ਲਈ 100 ਰੁਪਏ ਦਾ ਟਾਰਗੈੱਟ ਪ੍ਰਾਈਸ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਜ਼ੋਮੈਟੋ ਦਾ ਸ਼ੇਅਰ 12 ਮਹੀਨਿਆਂ ’ਚ ਇਸ ਪੱਧਰ ’ਤੇ ਪਹੁੰਚ ਜਾਏਗਾ।


Harinder Kaur

Content Editor

Related News