ਜ਼ੋਮੈਟੋ ਤੇ ਸਵਿੱਗੀ ਦਾ ਵਧ ਸਕਦੈ ਸੰਕਟ, 25 ਫ਼ੀਸਦੀ ਰੈਸਟੋਰੈਂਟ ਵਾਲਿਆਂ ਨੇ ਲੱਭਿਆ ਬਦਲ

Friday, Jun 04, 2021 - 03:46 PM (IST)

ਜ਼ੋਮੈਟੋ ਤੇ ਸਵਿੱਗੀ ਦਾ ਵਧ ਸਕਦੈ ਸੰਕਟ, 25 ਫ਼ੀਸਦੀ ਰੈਸਟੋਰੈਂਟ ਵਾਲਿਆਂ ਨੇ ਲੱਭਿਆ ਬਦਲ

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਕੋਰੋਨਾ ਦੇ ਡਰ ਤੋਂ ਲੋਕਾਂ ਵਲੋਂ ਰੈਸਟੋਰੈਂਟ ’ਚ ਨਾ ਜਾਣ ਅਤੇ ਘਰ ਹੀ ਖਾਣਾ ਮੰਗਵਾਉਣ ਦੇ ਰੁਝਾਨ ਕਾਰਨ ਰੈਸਟੋਰੈਂਟਸ ਦੀ ਚੇਨ ਦੇ ਡਾਇਰੈਕਟ ਡਲਿਵਰੀ ਕਾਰੋਬਾਰ ’ਚ ਪਿਛਲੇ ਦੋ ਮਹੀਨਿਆਂ ’ਚ 15 ਤੋਂ ਲੈ ਕੇ 25 ਫੀਸਦੀ ਦਾ ਉਛਾਲ ਆਇਆ ਹੈ। ਗਾਹਕਾਂ ਵਲੋਂ ਇੰਨੀ ਵੱਡੀ ਗਿਣਤੀ ’ਚ ਕੀਤੇ ਜਾ ਰਹੇ ਸਿੱਧੇ ਆਰਡਰ ਤੋਂ ਉਤਸ਼ਾਹਿਤ ਇਨ੍ਹਾਂ ਵੱਡੇ ਰੈਸਟੋਰੈਂਟਸ ਚੇਨਜ਼ ਨੇ ਹੁਣ ਸਵਿਗੀ ਅਤੇ ਜ਼ੋਮੈਟੋ ਤੋਂ ਇਲਾਵਾ ਬਦਲ ਵਜੋਂ ਆਪਣੇ ਡਾਇਰੈਕਟ ਹੋਮ ਡਲਿਵਰੀ ਕਾਰੋਬਾਰ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਰੈਸਟੋਰੈਂਟਸ ਦਾ ਅਨੁਮਾਨ ਹੈ ਕਿ ਲੰਮੇ ਲਾਕਡਾਊਨ ਤੋਂ ਬਾਅਦ ਹੁਣ ਹਾਲਾਤ ਠੀਕ ਹੋਣ ’ਤੇ ਵੀ ਲੋਕ ਰੈਸਟੋਰੈਂਟ ’ਚ ਆ ਕੇ ਖਾਣਾ ਖਾਣ ਤੋਂ ਬਚਣਗੇ ਕਿਉਂਕਿ ਇਹ ਅੰਦਰੋਂ ਬੰਦ ਹੁੰਦੇ ਹਨ। ਇਸ ਤੋਂ ਇਲਾਵਾ ਫਿਲਹਾਲ ਨੇੜਲੇ ਭਵਿੱਖ ’ਚ ਬਾਰ ’ਚ ਵੀ ਕਾਰੋਬਾਰ ਮੰਦਾ ਹੀ ਰਹਿਣ ਵਾਲਾ ਹੈ।

ਦਰਅਸਲ ਰੈਸਟੋਰੈਂਟ ਤੋਂ ਗਾਹਕ ਦੇ ਘਰ ਤੱਕ ਖਾਣਾ ਪਹੁੰਚਾਉਣ ਵਾਲੇ ਸਵਿਗੀ ਅਤੇ ਜ਼ੋਮੈਟੋ ਵਰਗੇ ਐਪਸ ਦੀ ਕਮਿਸ਼ਨ ਕਈ ਮਾਮਲਿਆਂ ’ਚ 30 ਫੀਸਦੀ ਤੱਕ ਚਲੀ ਜਾਂਦੀ ਹੈ ਜਦ ਕ ਡਾਟ ਪੇਅ ਅਤੇ ਥ੍ਰਾਈਵ ਨਾਓ ਵਰਗੇ ਟੈਕਨੀਕਲ ਪਾਰਟਰਨ 3 ਫੀਸਦੀ ਤੱਕ ਕਮਿਸ਼ਨ ਲੈਂਦੇ ਹਨ। ਰੈਸਟੋਰੈਂਟ ਮਾਲਕਾਂ ਨੂੰ ਲੱਗਣ ਲੱਗਾ ਹੈ ਕਿ ਵਿਚੋਲੀਆ ਐਪਸ ਨੂੰ ਦਿੱਤੀ ਜਾ ਰਹੀ ਕਮਿਸ਼ਨ ਕਾਰਨ ਉਨ੍ਹਾਂ ਦਾ ਮੁਨਾਫਾ ਲਗਾਤਾਰ ਘੱਟ ਹੋ ਰਿਹਾ ਹੈ ਅਤੇ ਇੰਨੇ ਘੱਟ ਮੁਨਾਫੇ ਨਾਲ ਉਨ੍ਹਾਂ ਦਾ ਆਪਣਾ ਕਾਰੋਬਾਰ ਲੰਮੇ ਸਮੇਂ ਤੱਕ ਨਹੀਂ ਚੱਲ ਸਕੇਗਾ। ਲਿਹਾਜਾ ਦੇਸ਼ ’ਚ ਕੋਰੋਨਾ ਕਾਲ ’ਚ ਰੈਸਟੋਰੈਂਟ ਚੇਨਜ਼ ਨੇ ਇਨ੍ਹਾਂ ਐਪਸ ਦਾ ਬਦਲ ਲੱਭਦੇ ਹੋਏ ਡਾਇਰੈਕਟ ਡਲਿਵਰੀ ਦਾ ਕੰਮ ਸ਼ੁਰੂ ਕੀਤਾ ਅਤੇ ਹੁਣ ਇਹ ਕਾਰੋਬਾਰ ਚੰਗਾ ਚੱਲਣ ਲੱਗਾ ਹੈ। ਹਾਲਾਂਕਿ ਇਸ ਮਾਮਲੇ ’ਚ ਸਵਿਗੀ ਅਤੇ ਜ਼ੋਮੈਟੋ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ।

ਕੋਰੋਨਾ ਦੀ ਦੂਜੀ ਲਹਿਰ ਨੇ ਸਾਨੂੰ ਇਹ ਤਜ਼ਰਬਾ ਦਿੱਤਾ ਹੈ ਕਿ ਡਾਇਰੈਕਟ ਡਲਿਵਰੀ ਦਾ ਕਾਰੋਬਾਰ ਲੰਮੇ ਸਮੇਂ ਤੱਕ ਚੱਲੇਗਾ ਅਤੇ ਇਹ ਖਤਮ ਹੋਣ ਵਾਲਾ ਨਹੀਂ ਹੈ ਅਤੇ ਸਾਡੇ ਲਈ ਇਸ ਦੌਰ ’ਚ ਆਪਣੇ ਮੁਨਾਫੇ ਨੂੰ ਬਚਾਈ ਰੱਖਣਾ ਜ਼ਿਆਦਾ ਅਹਿਮੀਅਤ ਰੱਖਦਾ ਹੈ। ਜੇ ਸਾਡੇ ਕੋਲ ਡਲਿਵਰੀ ਐਪਸ ਰਾਹੀਂ ਗਾਹਕ ਆਉਂਦਾ ਹੈ ਤਾਂ ਸਾਡੇ ਕੋਲ ਨਾ ਤਾਂ ਗਾਹਕ ਦਾ ਡਾਟਾ ਆਉਂਦਾ ਹੈ ਅਤੇ ਨਾ ਹੀ ਸਾਨੂੰ ਇੰੰਨਾ ਮੁਨਾਫਾ ਹੁੰਦਾ ਹੈ ਜਦ ਕਿ ਡਾਇਰੈਕਟ ਡਲਿਵਰੀ ’ਚ ਸਾਨੂੰ ਮੁਨਾਫਾ ਵੀ ਜ਼ਿਆਦਾ ਹੁੰਦਾ ਹੈ ਅਤੇ ਸਾਡੇ ਕੋਲ ਗਾਹਕ ਦਾ ਡਾਟਾ ਵੀ ਮੁਹੱਈਆ ਰਹਿੰਦਾ ਹੈ। ਅਪ੍ਰੈਲ ਤੋਂ ਹੁਣ ਤੱਕ ਕੀਲਿਨ ਗਰੁੱਪ ਦੀ ਡਾਇਰੈਕਟ ਡਲਿਵਰੀ 15 ਫੀਸਦੀ ਵਧੀ ਹੈ ਅਤੇ ਅਸੀਂ ਆਪਣਾ ਇਹ ਡਾਇਰੈਕਟ ਡਲਿਵਰੀ ਕਾਰੋਬਾਰ ਜਾਰੀ ਰੱਖਾਂਗੇ।

ਸੌਰਭ ਖਨਿਜੋਂ, ਐੱਮ. ਡੀ. ਕੀਲਿਨ ਗਰੁੱਪ

ਰੈਸਟੋਰੈਂਟ ਦੀ ਕੁੱਲ ਵਿਕਰੀ ’ਚ ਡਾਇਰੈਕਟ ਡਲਿਵਰੀ ਦੀ ਹਿੱਸੇਦਾਰੀ ਕਰੀਬ 25 ਤੋਂ 27 ਫੀਸਦੀ ਹੋ ਗਈ ਹੈ। ਹਾਲਾਂਕਿ ਇਸ ’ਚ ਗਾਹਕ ਲੱਭਣਾ ਅਤੇ ਉਸ ਦੇ ਘਰ ਤੱਕ ਸਾਮਾਨ ਡਲਿਵਰ ਕਰਨਾ ਵੱਡੀ ਚੁਣੌਤੀ ਹੈ ਅਤੇ ਜੇ ਤੁਸੀਂ ਇਹ ਕੰਮ ਕਰ ਲੈਂਦੇ ਹੋ ਤਾਂ ਇਸ ’ਚ ਮੁਨਾਫਾ ਬਹੁਤ ਵੱਡਾ ਹੈ। ਬਿੱਗ ਚਿਲ ਨੇ ਪਿਛਲੇ ਸਾਲ ਲਾਕਡਾਊਨ ਦੌਰਾਨ ਤਕਨਾਲੋਜੀ ਪਲੇਟਫਾਰਮ ਡਾਟ ਪੇਅ ਨਾਲ ਸਮਝੌਤਾ ਕੀਤਾ ਸੀ ਅਤੇ ਉਸ ਤੋਂ ਬਾਅਦ ਡਾਇਰੈਕਟ ਡਲਿਵਰੀ ਦੇ ਕਾਰੋਬਾਰ ’ਚ ਵਾਧਾ ਹੋਇਆ ਹੈ। ਸਾਨੂੰ ਲਗਦਾ ਹੈ ਿਕ ਡਾਇਰੈਕਟ ਡਲਿਵਰੀ ਦਾ ਕਾਰੋਬਾਰ ਲੰਮਾ ਚੱਲੇਗਾ ਅਤੇ ਅਸੀਂ ਇਸ ਨੂੰ ਜਾਰੀ ਰੱਖਾਂਗੇ।

ਅਸੀਮ ਗਰੋਵਰ, ਐੱਮ. ਡੀ. ਬਿੱਗ ਚਿਲ

ਗਾਹਕਾਂ ਨਾਲ ਸਿੱਧਾ ਰਾਬਤਾ

ਪਿਛਲੇ ਦੋ ਮਹੀਨਿਆਂ ’ਚ ਡਾਇਰੈਕਟ ਡਲਿਵਰੀ ਦਾ ਕਾਰੋਬਾਰ ਵਧਿਆ

ਕਾਰਨ

ਮਾਰਕੀਟਿੰਗ ’ਚ ਤੇਜ਼ੀ ਲਿਆ ਕੇ ਅਤੇ ਸੋਸ਼ਲ ਮੀਡੀਆ ਰਾਹੀਂ ਗਾਹਕਾਂ ਨਾਲ ਸਿੱਧਾ ਸੰਪਰਕ ਕਾਇਮ ਕੀਤਾ

ਫੂਡ ਟੇਕ ਪਲੇਟਫਾਰਮਜ਼ ਨਾਲ ਸਮਝੌਤਾ ਕੀਤਾ

ਫਾਇਦੇ

ਐਪਸ ਨੂੰ ਦਿੱਤੀ ਜਾਣ ਵਾਲੀ ਕਮਿਸ਼ਨ ’ਚ ਬੱਚਤ

ਇਸ ਬੱਚਤ ਨਾਲ ਸਿੱਧਾ ਗਾਹਕ ਨੂੰ ਡਿਸਕਾਊਂਟ ਮਿਲ ਰਿਹਾ ਹੈ

ਗਾਹਕਾਂ ਦਾ ਡਾਟਾ ਸਿੱਧਾ ਰੈਸਟਰੈਂਟਸ ਨੂੰ ਮਿਲ ਰਿਹਾ ਹੈ

ਗਾਹਕਾਂ ਤੋਂ ਸਿੱਧੇ ਤੌਰ ’ਤੇ ਫੀਡਬੈਕ ਮਿਲ ਰਿਹਾ ਹੈ

ਐਪ ਰਾਹੀਂ ਕੰਮ ਦਾ ਫਾਇਦਾ

ਵੱਡੀ ਗਿਣਤੀ ’ਚ ਆਰਡਰ ਮਿਲਦੇ ਹਨ

ਗਾਹਕ ਖੁਦ ਐਪਸ ਲੱਭਦੇ ਹਨ

ਖਾਣੇ ਦੀ ਡਲਿਵਰੀ ਖੁਦ ਐਪਸ ਕਰਦੇ ਹਨ

ਰੈਸਟੋਰੈਂਟਸ ਦੀ ਰਣਨੀਤੀ

ਕੋਰੋਨਾ ਦੇ ਡਰ ਕਾਰਨ ਡਾਇਰੈਕਟ ਡਲਿਵਰੀ ਦਾ ਕਾਰੋਬਾਰ ਲੰਮਾ ਚੱਲੇਗਾ

ਰੈਸਟੋਰੈਂਟ ਫੂਡ ਟੈੱਕ ਕੰਪਨੀਜ਼ ਡੂੰਜੋ, ਡੇਲਹੀਵੇਰੀ, ਸ਼ੇਡੋਫੈਕਸ, ਡਾਟ ਪੇਅ ਅਤੇ ਥ੍ਰਾਈਵ ਨਾਓ ਨਾਲ ਸਮਝੌਤਾ ਕਰ ਰਹੇ ਹਨ


author

Harinder Kaur

Content Editor

Related News