2018 ''ਚ ਜੀ. ਡੀ. ਪੀ. 7.5 ਫੀਸਦੀ ਰਹਿਣ ਦੀ ਉਮੀਦ
Monday, Dec 25, 2017 - 01:56 AM (IST)

ਨਵੀਂ ਦਿੱਲੀ (ਭਾਸ਼ਾ)-ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੇਸ਼ ਲਈ ਚੰਗੀ ਖਬਰ ਆਈ ਹੈ। ਦੇਸ਼ ਦੀ ਅਰਥਵਿਵਸਥਾ ਲਈ ਇਹ ਖਬਰ ਰਾਹਤ ਦੇਣ ਵਾਲੀ ਹੈ। ਅਗਲੇ ਸਾਲ ਦੇਸ਼ ਦੀ ਅਰਥਵਿਵਸਥਾ 'ਚ ਬਿਹਤਰ ਵਾਧੇ ਦੀ ਉਮੀਦ ਹੈ। ਸਾਲ 2018 'ਚ ਜੀ. ਡੀ. ਪੀ. 7.5 ਰਹਿਣ ਦੀ ਉਮੀਦ ਹੈ। ਨੋਮੁਰਾ ਨੇ ਇਕ ਰਿਪੋਰਟ 'ਚ ਇਹ ਕਿਹਾ ਹੈ। ਜਾਪਾਨ ਦੀ ਵਿੱਤੀ ਸੇਵਾ ਕੰਪਨੀ ਨੋਮੁਰਾ ਦੇ ਕੰਪੋਜ਼ਿਟ ਲੀਡਿੰਗ ਇੰਡੈਕਸ (ਸੀ. ਐੱਲ. ਆਈ.) ਅਨੁਸਾਰ ਨਵੇਂ ਨੋਟਾਂ ਨੂੰ ਚਲਨ 'ਚ ਲਿਆਉਣ ਅਤੇ ਕੌਮਾਂਤਰੀ ਮੰਗ 'ਚ ਸੁਧਾਰ ਨਾਲ ਚੌਥੀ ਤਿਮਾਹੀ (ਅਕਤੂਬਰ-ਦਸੰਬਰ) 'ਚ ਆਰਥਿਕ ਵਾਧਾ ਦਰ ਮਜ਼ਬੂਤ ਹੋਵੇਗੀ ਅਤੇ ਪਹਿਲੀ ਤਿਮਾਹੀ (ਜਨਵਰੀ-ਮਾਰਚ) 'ਚ ਤੇਜ਼ ਮੁੜਸੁਰਜੀਤੀ ਹੋਵੇਗੀ।
ਨੋਮੁਰਾ ਨੇ ਇਕ ਜਾਂਚ ਰਿਪੋਰਟ 'ਚ ਕਿਹਾ, ''ਅਸੀਂ ਵਾਧਾ ਭਵਿੱਖ ਦ੍ਰਿਸ਼ ਨੂੰ ਲੈ ਕੇ ਉਤਸ਼ਾਹਿਤ ਹਾਂ। ਸਾਨੂੰ ਚਾਲੂ ਸਾਲ ਦੀ ਤੀਜੀ ਤਿਮਾਹੀ (ਜੁਲਾਈ-ਸਤੰਬਰ) 'ਚ 6.3 ਫ਼ੀਸਦੀ ਵਾਧੇ ਦੇ ਮੁਕਾਬਲੇ ਚੌਥੀ ਤਿਮਾਹੀ (ਅਕਤੂਬਰ-ਦਸੰਬਰ) 'ਚ 6.7 ਫ਼ੀਸਦੀ ਅਤੇ 2018 'ਚ ਮਜ਼ਬੂਤ ਸੁਧਾਰ ਨਾਲ 7.5 ਫ਼ੀਸਦੀ ਆਰਥਿਕ ਵਾਧੇ ਦੀ ਉਮੀਦ ਹੈ।'' ਰਿਪੋਰਟ ਅਨੁਸਾਰ ਮਹਿੰਗਾਈ ਦਬਾਅ ਵਧਣ ਅਤੇ ਤੇਲ ਦੀ ਉੱਚੀ ਕੀਮਤ ਨੂੰ ਵੇਖਦਿਆਂ ਕਰੰਸੀ ਨੀਤੀ ਨੂੰ ਸਖਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 6 ਦਸੰਬਰ ਨੂੰ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ ਦੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਮੈਂਬਰਾਂ ਨੇ ਮਹਿੰਗਾਈ ਵਧਣ ਦੇ ਖਤਰੇ ਨੂੰ ਲੈ ਕੇ ਖਦਸ਼ਾ ਪ੍ਰਗਟਾਇਆ ਅਤੇ ਨੀਤੀਗਤ ਦਰ ਨੂੰ ਸਥਿਰ ਰੱਖਿਆ।