ਯੈੱਸ ਬੈਂਕ ਨੂੰ ਤੀਜੀ ਤਿਮਾਹੀ ''ਚ 151 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ
Saturday, Jan 23, 2021 - 02:02 PM (IST)
ਨਵੀਂ ਦਿੱਲੀ- ਨਿੱਜੀ ਖੇਤਰ ਦੇ ਯੈੱਸ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਦਸੰਬਰ 2020 ਵਿਚ ਖ਼ਤਮ ਹੋਈ ਤੀਜੀ ਤਿਮਾਹੀ ਵਿਚ 150.71 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਡੁੱਬਾ ਕਰਜ਼ ਵਧਣ ਨਾਲ ਬੈਂਕ ਨੂੰ 18,654 ਕਰੋੜ ਰੁਪਏ ਦਾ ਰਿਕਾਰਡ ਘਾਟਾ ਹੋਇਆ ਸੀ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ਵਿਚ ਬੈਂਕ ਨੇ ਇਹ ਜਾਣਕਾਰੀ ਦਿੱਤੀ।
ਯੈੱਸ ਬੈਂਕ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਵੱਧ ਕੇ 6,518.37 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 6,268.50 ਕਰੋੜ ਰੁਪਏ ਸੀ।
ਦਸੰਬਰ ਤਿਮਾਹੀ ਵਿਚ ਬੈਂਕ ਦਾ ਐੱਨ. ਪੀ. ਏ. ਘੱਟ ਕੇ 15.36 ਫ਼ੀਸਦੀ ਰਿਹਾ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 18.87 ਫ਼ੀਸਦੀ ਸੀ। ਇਸੇ ਤਰ੍ਹਾਂ ਦਾ ਬੈਂਕ ਦਾ ਸ਼ੁੱਧ ਐੱਨ. ਪੀ. ਏ. ਵੀ ਘੱਟ ਕੇ 4.04 ਫ਼ੀਸਦੀ ਰਹਿ ਗਿਆ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 5.97 ਫ਼ੀਸਦੀ ਸੀ। ਇਸ ਦੇ ਮੱਦੇਨਜ਼ਰ ਬੈਂਕ ਦਾ ਟੈਕਸ ਅਤੇ ਬੁਰੇ ਕਰਜ਼ 'ਤੇ ਖ਼ਰਚ ਨੂੰ ਛੱਡ ਕੇ 2,198.84 ਕਰੋੜ ਰੁਪਏ ਦੀ ਵੱਖਰੀ ਵਿਵਸਥਾ ਕਰਨੀ ਪਈ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 24,765.75 ਕਰੋੜ ਰੁਪਏ ਸੀ। ਇਸ ਵਿਚਕਾਰ ਬੈਂਕ ਦੇ ਨਿਰਦੇਸ਼ਕ ਮੰਡਲ ਨੇ ਇਕੁਇਟੀ ਜਾਂ ਬਾਂਡ ਜ਼ਰੀਏ 10,000 ਕਰੋੜ ਰੁਪਏ ਜੁਟਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।