ਯਾਮਾਹਾ ਮੋਟਰ ਦਾ ਦੇਸ਼ ''ਚ ਵਾਹਨ ਉਤਪਾਦਨ ਪਹੁੰਚਿਆ ਇਕ ਕਰੋੜ
Tuesday, May 14, 2019 - 03:58 PM (IST)

ਚੇਨਈ—ਜਾਪਾਨ ਦੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਯਾਮਾਹਾ ਮੋਟਰ ਦਾ ਦੇਸ਼ 'ਚ ਵਾਹਨ ਉਤਪਾਦਨ ਇਕ ਕਰੋੜ 'ਤੇ ਪਹੁੰਚ ਗਿਆ। ਕੰਪਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਤਿੰਨ ਵਿਨਿਰਮਾਣ ਪਲਾਂਟ ਸੂਰਜਪੁਰ (ਛੱਤੀਸਗੜ੍ਹ), ਫਰੀਦਾਬਾਦ (ਹਰਿਆਣਾ) ਅਤੇ ਚੇਨਈ (ਤਾਮਿਲਨਾਡੂ) 'ਚ ਹੈ। ਇਸ ਉਤਪਾਦਨ 'ਚ ਇਨ੍ਹਾਂ ਤਿੰਨਾਂ ਪਲਾਂਟਾਂ ਦਾ ਯੋਗਦਾਨ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ ਉਸ ਦੀ ਇਕ ਕਰੋੜਵੀਂ ਗੱਡੀ 'ਐੱਫ ਜੈੱਡ ਐੱਸ-ਐੱਫ. ਆਈ. ਵਰਜਨ 3.0' ਰਹੀ। ਯਾਮਾਹਾ ਮੋਟਰ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ ਕੰਪਨੀ ਦੇ ਚੇਨਈ ਪਲਾਂਟ ਨਾਲ ਇਹ ਮਾਡਲ ਉਤਪਾਦਨ ਦੇ ਬਾਹਰ ਨਿਕਲਿਆ। ਕੰਪਨੀ ਨੇ ਕਿਹਾ ਕਿ ਉਸ ਨੇ 2012 ਤੋਂ 2019 ਦੇ ਵਿਚਕਾਰ 50 ਲੱਖ ਇਕਾਈਆਂ ਦੇ ਉਤਪਾਦਨ ਦੇ ਪੱਧਰ ਨੂੰ ਵੀ ਹਾਸਲ ਕੀਤਾ। ਇਹ ਵੀ ਇਕ ਉਪਲੱਬਧੀ ਹੈ। ਕੁੱਲ ਇਕ ਕਰੋੜ ਇਕਾਈਆਂ 'ਚੋਂ 77.88 ਮੋਟਰਸਾਈਕਲ ਜਦੋਂ ਕਿ 22.12 ਲੱਖ ਸਕੂਟਰ ਹਨ। ਇਨ੍ਹਾਂ ਵਾਹਨਾਂ 'ਚੋਂ 80 ਫੀਸਦੀ ਵਾਹਨ ਸੂਰਜਪੁਰ ਅਤੇ ਫਰੀਦਾਬਾਦ ਪਲਾਂਟ 'ਚ ਤਿਆਰ ਕੀਤੇ ਗਏ ਹਨ ਜਦੋਂਕਿ ਬਾਕੀ ਵਾਹਨ ਚੇਨਈ 'ਚ ਬਣਾਏ ਗਏ। ਯਾਮਾਹਾ ਮੋਟਰ ਇੰਡੀਆ ਗਰੁੱਪ ਆਫ ਕੰਪਨੀ ਦੇ ਚੇਅਰਮੈਨ ਮੋਤੋਫੁਮੀ ਸ਼ਿਤਾਰਾ ਨੇ ਕਿਹਾ ਕਿ ਇਨ੍ਹਾਂ ਸਾਲਾਂ 'ਚ ਯਾਮਾਹਾ ਦੀ ਯਾਤਰਾ ਕਾਫੀ ਰੌਮਾਂਚਕਾਰੀ ਰਹੀ। ਸਾਨੂੰ ਦੇਸ਼ ਭਰ 'ਚ ਗਾਹਕਾਂ ਤੋਂ ਅਭੂਤਪੂਰਵ ਪ੍ਰਤੀਕਿਰਿਆ ਮਿਲੀ ਹੈ। ਇਹ ਉਪਲੱਬਧੀ ਸਾਡੀ ਵਧਦੀ ਲੋਕਪ੍ਰਿਯਤਾ ਅਤੇ ਸਾਡੇ ਉਤਪਾਦਾਂ ਦੀ ਮੰਗ ਦਾ ਸਬੂਤ ਦਿੰਦੀ ਹੈ।