ਕੋਰੋਨਾ ਪਾਸਪੋਰਟ ਹੋ ਰਿਹੈ ਲਾਂਚ, ਬਿਨਾਂ ਇਕਾਂਤਵਾਸ ਹੋਏ ਘੁੰਮ ਸਕੋਗੇ ਵਿਦੇਸ਼

Thursday, Oct 08, 2020 - 02:43 PM (IST)

ਕੋਰੋਨਾ ਪਾਸਪੋਰਟ ਹੋ ਰਿਹੈ ਲਾਂਚ, ਬਿਨਾਂ ਇਕਾਂਤਵਾਸ ਹੋਏ ਘੁੰਮ ਸਕੋਗੇ ਵਿਦੇਸ਼

ਲੰਡਨ— ਦੁਨੀਆ ਦਾ ਪਹਿਲਾ ਕੋਰੋਨਾ ਪਾਸਪੋਰਟ ਬ੍ਰਿਟੇਨ 'ਚ ਲਾਂਚ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਪਾਸਪੋਰਟ ਵਾਲੇ ਲੋਕਾਂ ਨੂੰ ਇਕ ਦੇਸ਼ ਤੋਂ ਦੂਜੇ ਦੇਸ਼ ਜਾਣ ਦੀ ਆਜ਼ਾਦੀ ਹੋਵੇਗੀ ਤੇ ਉਨ੍ਹਾਂ ਨੂੰ ਨਵੇਂ ਦੇਸ਼ ਵਿਚ ਇਕਾਂਤਵਾਸ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ। ਬ੍ਰਿਟੇਨ ਵਿਚ ਫਿਲਹਾਲ ਇਸ ਪਾਸਪੋਰਟ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਅਮਰੀਕੀ ਸਰਕਾਰ ਵੀ ਇਸ ਦਾ ਸਮਰਥਨ ਕਰ ਰਹੀ ਹੈ।

ਸਭ ਤੋਂ ਪਹਿਲਾਂ ਯੂਨਾਈਟਡ ਏਅਰਲਾਈਨਜ਼ ਤੇ ਕੈਥੇ ਪੈਸੀਫਿਕ ਵਿਚ ਸਫਰ ਕਰਨ ਵਾਲੇ ਵਲੰਟੀਅਰਾਂ 'ਤੇ ਨਵੇਂ ਪਾਸਪੋਰਟ ਦਾ ਟ੍ਰਾਇਲ ਕੀਤਾ ਜਾਵੇਗਾ। ਟ੍ਰਾਇਲ ਦੌਰਾਨ ਲੰਡਨ ਦੇ ਹੀਥਰੋ ਹਵਾਈ ਅੱਡੇ ਅਤੇ ਨਿਊਯਾਰਕ ਦੇ ਨੇਵਾਰਕ ਲਿਬਰਟੀ ਕੌਮਾਂਤਰੀ ਹਵਾਈ ਅੱਡੇ ਤੋਂ ਜਾਣ ਵਾਲੇ ਯਾਤਰੀਆਂ ਨੂੰ ਇਸ ਦਾ ਲਾਭ ਮਿਲੇਗਾ। ਇਨ੍ਹਾਂ ਯਾਤਰੀਆਂ ਨੂੰ ਆਪਣੀ ਕੋਰੋਨਾ ਰਿਪੋਰਟ ਇਕ ਵੈੱਬਸਾਈਟ 'ਤੇ ਯਾਤਰਾ ਤੋਂ 72 ਘੰਟੇ ਪਹਿਲਾਂ ਅਪਲੋਡ ਕਰਨੀ ਪਵੇਗੀ।

ਜੇਕਰ ਕੋਰੋਨਾ ਪਾਸਪੋਰਟ ਯੋਜਨਾ ਸਫਲ ਹੁੰਦੀ ਹੈ ਤਾਂ ਇਸ ਨਾਲ ਹੋਰ ਦੇਸ਼ਾਂ ਵਿਚ ਵੀ ਯਾਤਰੀਆਂ ਨੂੰ ਫਾਇਦਾ ਮਿਲ ਸਕਦਾ ਹੈ। ਨਵੀਂ ਯੋਜਨਾ ਦਾ ਉਦੇਸ਼ ਅਜਿਹੀ ਵਿਵਸਥਾ ਬਣਾਉਣਾ ਹੈ, ਜਿਸ ਤਹਿਤ ਸਰਕਾਰਾਂ ਅਤੇ ਏਅਰਲਾਈਨਜ਼ ਲੋਕਾਂ ਦੇ ਕੋਰੋਨਾ ਵਾਇਰਸ ਨਤੀਜਿਆਂ 'ਤੇ ਭਰੋਸਾ ਕਰ ਸਕਣ ਅਤੇ ਇਕਾਂਤਵਾਸ ਹੋਏ ਬਿਨਾਂ ਯਾਤਰਾ ਦੀ ਛੋਟ ਮਿਲੇ। ਯੋਜਨਾ ਨੂੰ ਵਿਸਥਾਰ ਦੇਣ ਲਈ ਕਾਮਨਪਾਸ ਪ੍ਰਾਜੈਕਟ ਨਾਂ ਦੀ ਸੰਸਥਾ ਕਈ ਦੇਸ਼ਾਂ ਵਿਚਕਾਰ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ 3 ਮਹੀਨਿਆਂ ਵਿਚ ਹੋਰ ਦੇਸ਼ਾਂ ਨੂੰ ਇਸ ਨਾਲ ਜੋੜਿਆ ਜਾ ਸਕਦਾ ਹੈ।


author

Sanjeev

Content Editor

Related News