ਵਿਣਿੰਗਮ ਬੰਦਰਗਾਹ ’ਤੇ ਪੁੱਜਾ ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਜਹਾਜ਼

Tuesday, Jun 10, 2025 - 04:12 AM (IST)

ਵਿਣਿੰਗਮ ਬੰਦਰਗਾਹ ’ਤੇ ਪੁੱਜਾ ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਜਹਾਜ਼

ਤਿਰੂਵਨੰਤਪੁਰਮ  - ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਜਹਾਜ਼ ਐੱਮ. ਐੱਸ. ਸੀ. ਇਰਿਨਾ  ਸੋਮਵਾਰ ਸਵੇਰੇ ਵਿਣਿੰਗਮ ਕੌਮਾਂਤਰੀ ਬੰਦਰਗਾਹ ’ਤੇ ਪੁੱਜਾ।  ਬੰਦਰਗਾਹ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਹਾਜ਼ ਮੰਗਲਵਾਰ ਤੱਕ ਇਥੇ ਰਹੇਗਾ। ਇਹ ਜਹਾਜ਼ ਅੱਜ ਸਵੇਰੇ 8 ਵਜੇ ਵਿਣਿੰਗਮ ਪੁੱਜਾ। ਇਥੇ ਪੁੱਜਣ ’ਤੇ ਉਸ ਦਾ ਸਵਾਗਤ ਰਵਾਇਤੀ ਜਲ ਸਲਾਮੀ ਨਾਲ ਕੀਤਾ ਗਿਆ।  

ਐੱਮ. ਐੱਸ. ਸੀ. ਇਰਿਨਾ ਦਾ ਆਗਮਨ ਨਵੇਂ ਡੂੰਘੇ ਪਾਣੀ ਵਾਲੀ ਬੰਦਰਗਾਹ ਲਈ ਇਕ ਵੱਡੀ ਪ੍ਰਾਪਤੀ ਹੈ।  ਇਸ ਦਾ ਰਸਮੀ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ  ਮੋਦੀ  ਨੇ 2 ਮਈ ਨੂੰ ਕੀਤਾ ਸੀ। ਲੱਗਭਗ 24,346 ਟੀ. ਈ. ਯੂ. (20 ਫੁੱਟ  ਸਮਤੁਲ ਇਕਾਈ) ਸਹਿਣ ਸਮਰੱਥਾ ਵਾਲਾ ਇਹ ਵਿਸ਼ਾਲ ਜਹਾਜ਼ ਗਲੋਬਲ ਵਪਾਰ  ਦੇ ਵਧਦੇ  ਪੈਮਾਨੇ ਅਤੇ ਇਸ ’ਚ ਭਾਰਤ ਦੀ ਵਧਦੀ ਭੂਮਿਕਾ ਦਾ ਪ੍ਰਤੀਕ ਹੈ।  

ਅਡਾਣੀ ਪੋਰਟਸ ਐਂਡ ਐੱਸ. ਈ. ਜ਼ੈੱਡ. ਲਿ. ਦੇ ਪ੍ਰਬੰਧ ਨਿਰਦੇਸ਼ਕ ਕਰਨ ਅਡਾਣੀ ਨੇ ‘ਐਕਸ ’ਤੇ ਪੋਸਟ ’ਚ  ਕਿਹਾ, ‘‘24,346 ਟੀ. ਈ. ਯੂ. ਸਮਰੱਥਾ ਵਾਲੇ ਦੁਨੀਆ  ਦੇ ਸਭ ਤੋਂ ਵੱਡੇ  ਕੰਟੇਨਰ ਜਹਾਜ਼ ਐੱਮ. ਐੱਸ. ਸੀ. ਇਰਿਨਾ ਦਾ ਵਿਣਿੰਗਮ ਬੰਦਰਗਾਹ ’ਤੇ ਸਵਾਗਤ ਕਰਦੇ ਹੋਏ ਅਸੀ ਮਾਣ ਮਹਿਸੂਸ ਕਰ ਰਹੇ ਹਾਂ।  ਇਹ ਜਹਾਜ਼ ਦੱਖਣ ਏਸ਼ੀਆਈ ਤਟਾਂ ’ਤੇ ਪਹਿਲੀ ਵਾਰ ਆਇਆ ਹੈ, ਜੋ  ਇਸ ਨੂੰ ਨਾ ਸਿਰਫ ਵਿਣਿੰਗਮ ਲਈ, ਸਗੋਂ ਗਲੋਬਲ ਟਰਾਂਸਸ਼ਿਪਮੈਂਟ  (ਇਕ ਜਹਾਜ਼  ਤੋਂ ਦੂਜੇ ਜਹਾਜ਼ ’ਚ ਮਾਲ ਚੜ੍ਹਾਉਣਾ) ’ਚ ਇਕ ਪ੍ਰਮੁੱਖ ਖਿਡਾਰੀ  ਦੇ ਤੌਰ ’ਤੇ ਭਾਰਤ  ਦੀ ਬਿਹਤਰ ਹੁੰਦੀ ਸਥਿਤੀ ਨੂੰ ਦਰਸਾਉਂਦਾ ਹੈ।

ਲੱਗਭਗ 399.9 ਮੀਟਰ ਲੰਮਾ ਅਤੇ 61.3 ਮੀਟਰ ਚੌਡ਼ਾ ਇਹ ਜਹਾਜ਼ ਫੀਫਾ  ਦੇ ਇਕ ਸਟੈਂਡਰਡ ਫੁੱਟਬਾਲ ਮੈਦਾਨ ਨਾਲੋਂ ਲੱਗਭਗ ਚਾਰ  ਗੁਣਾ ਲੰਮਾ ਹੈ। ਏਸ਼ੀਆ ਅਤੇ ਯੂਰਪ  ਵਿਚਾਲੇ ਵੱਡੀ ਮਾਤਰਾ ’ਚ ਕੰਟੇਨਰ ਦੀ ਟ੍ਰਾਂਸਪੋਰਟ  ਦੀ ਸਹੂਲਤ ਲਈ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਕੀਤਾ ਗਿਆ ਐੱਮ. ਐੱਸ. ਸੀ. ਇਰੀਨਾ ਵਪਾਰ ਮਾਰਗਾਂ ਅਤੇ  ਲਾਜਿਸਟਿਕਸ ਯੋਗਤਾ ਵਧਾਉਣ ਦੇ ਨਜ਼ਰੀਏ ’ਚ ਕਾਫ਼ੀ ਮਹੱਤਵਪੂਰਨ ਹੈ।  ਇਕ ਬਿਆਨ ’ਚ ਕਿਹਾ  ਗਿਆ ਹੈ ਕਿ ਇਹ ਜਹਾਜ਼ ਦੱਖਣ ਏਸ਼ੀਆਈ ਬੰਦਰਗਾਹ ਦੀ ਆਪਣੀ ਪਹਿਲੀ ਯਾਤਰਾ ਕਰ ਰਿਹਾ ਹੈ।  ਇਹ  ਬੇਹੱਦ ਵਿਸ਼ਾਲ ਕੰਟੇਨਰ ਜਹਾਜ਼ (ਯੂ. ਐੱਲ. ਸੀ. ਵੀ.)  ਨੂੰ ਸੰਭਾਲਣ ’ਚ  ਵਿਣਿੰਗਮ ਦੀ ਸਮਰੱਥਾ ਨੂੰ ਦਰਸਾਉਂਦਾ ਹੈ।


author

Inder Prajapati

Content Editor

Related News