ਬਰਾਮਦਕਾਰਾਂ ਦੀ ਮੰਗ ਨਾਲ ਰੂੰ ਬਾਜ਼ਾਰ ''ਚ ਬਣੀ ਤੇਜ਼ੀ

Saturday, Oct 14, 2017 - 11:51 PM (IST)

ਜੈਤੋ— ਦੇਸ਼ ਦੇ ਉੱਤਰੀ ਭਾਰਤ ਦੇ ਪ੍ਰਮੁੱਖ ਕਪਾਹ ਉਤਪਾਦਕ ਸੂਬਿਆਂ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ ਮੰਡੀਆਂ 'ਚ ਹੁਣ ਤੱਕ ਲਗਭਗ 6,14,500 ਲੱਖ ਗੰਢ ਕਪਾਹ ਦੀ ਪਹੁੰਚੀ ਹੈ, ਜਿਸ 'ਚ ਪੰਜਾਬ ਦੀਆਂ 1,54,000 ਗੰਢਾਂ, ਹਰਿਆਣਾ 3,79000 ਲੱਖ, ਸ਼੍ਰੀਗੰਗਾਨਗਰ ਸਰਕਲ 80,500 ਤੇ ਲੋਅਰ ਰਾਜਸਥਾਨ 1,51,500 ਲੱਖ ਗੰਢ ਸ਼ਾਮਲ ਹਨ। ਸੂਤਰਾਂ ਅਨੁਸਾਰ ਉਪਰੋਕਤ ਸੂਬਿਆਂ ਦੀਆਂ ਮੰਡੀਆਂ 'ਚ ਅੱਜਕਲ ਕਪਾਹ ਦੀ ਆਮਦ ਰੋਜ਼ਾਨਾ 25000 ਗੰਢ ਤੋਂ ਜ਼ਿਆਦਾ ਬਣ ਗਈ ਹੈ ਕਿਉਂਕਿ ਕਪਾਹ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਇਸ ਹਫਤੇ ਕਿਸਾਨਾਂ ਦੇ ਵ੍ਹਾਈਟ ਗੋਲਡ (ਕਪਾਹ) 'ਚ 400-500 ਰੁਪਏ ਪ੍ਰਤੀ ਕੁਇੰਟਲ ਦੀ ਤੇਜ਼ੀ ਆਉਣ ਦੀ ਸੂਚਨਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਪਾਹ 'ਚ ਤੇਜ਼ੀ ਆਉਣ ਦਾ ਕਾਰਨ ਕਾਟਨ ਸੀਡ 'ਚ ਵੀ 275 ਤੋਂ 325 ਰੁਪਏ ਪ੍ਰਤੀ ਕੁਇੰਟਲ ਤੇਜ਼ੀ ਆਉਣਾ ਹੈ।
ਰੂੰ ਕਾਰੋਬਾਰੀਆਂ ਅਨੁਸਾਰ ਉੱਤਰੀ ਭਾਰਤ 'ਚ ਪਹਿਲੀ ਵਾਰ ਹਰਿਆਣਾ ਸੂਬੇ ਦਾ ਰੂੰ ਪੰਜਾਬ ਅਤੇ ਰਾਜਸਥਾਨ ਤੋਂ ਮਹਿੰਗਾ ਹੋਇਆ ਹੈ। ਹੁਣ ਤੱਕ ਰੂੰ ਇਤਿਹਾਸ 'ਚ ਪੰਜਾਬ ਦਾ ਰੂੰ ਹੀ ਸਭ ਤੋਂ ਮਹਿੰਗਾ ਵਿਕਦਾ ਰਿਹਾ ਹੈ ਅਤੇ ਬੀਤੇ ਸਾਲ ਤੱਕ ਹਰਿਆਣਾ ਦਾ ਰੂੰ ਪੰਜਾਬ ਤੋਂ 80 ਤੋਂ 100 ਰੁਪਏ ਪ੍ਰਤੀ ਮਣ ਹਮੇਸ਼ਾ ਹੇਠਾਂ ਹੀ ਵਿਕਦਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਚਾਲੂ ਕਪਾਹ ਸੈਸ਼ਨ ਦੌਰਾਨ ਹਰਿਆਣਾ ਸੂਬੇ ਦੀ ਰੂੰ ਕੁਆਲਿਟੀ ਵਧੀਆ ਹੋਣ ਕਾਰਨ ਮਹਿੰਗਾ ਹੋਇਆ ਹੈ। ਇਸ ਕਾਰਨ ਹਰਿਆਣਾ ਨੇ ਰੂੰ ਭਾਅ 'ਚ ਪੰਜਾਬ ਨੂੰ ਪਹਿਲੀ ਵਾਰ ਪਛਾੜਿਆ ਹੈ। ਰੂੰ ਕੁਆਲਿਟੀ ਵਧੀਆ ਹੋਣ ਕਾਰਨ ਰੂੰ ਬਰਾਮਦਕਾਰਾਂ ਨੇ ਹਰਿਆਣਾ 'ਚ ਆਪਣੀ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਰੂੰ ਦੀਆਂ ਕੀਮਤਾਂ ਲਗਭਗ ਹੁਣ ਤੱਕ ਇਕ ਹਫਤੇ 'ਚ 100 ਰੁਪਏ ਪ੍ਰਤੀ ਮਣ ਵਧ ਗਈਆਂ ਹਨ। ਇਕ ਹਫਤੇ ਪਹਿਲੇ ਰੂੰ ਭਾਅ ਪੰਜਾਬ 'ਚ 3820-3830 ਰੁਪਏ ਮਣ, ਹਰਿਆਣਾ 3830-3840 ਰੁਪਏ ਮਣ, ਹਨੂਮਾਨਗੜ੍ਹ ਸਰਕਲ 3835-3840 ਰੁਪਏ ਮਣ ਅਤੇ ਲੋਅਰ ਰਾਜਸਥਾਨ 37500-38400 ਰੁਪਏ ਕੈਂਡੀ ਸਨ। ਹੁਣ ਹਰਿਆਣਾ ਦੇ ਰੂੰ ਦੇ ਭਾਅ 3915-3925 ਰੁਪਏ ਪ੍ਰਤੀ ਮਣ ਪਹੁੰਚ ਗਏ ਹਨ। 
ਅੱਜ ਸ਼ਨੀਵਾਰ ਨੂੰ ਉਚਾਨਾ ਮੰਡੀ 'ਚ ਰੂੰ 3925 ਰੁਪਏ ਮਣ ਰੂੰ ਦਾ ਪੂਰੇ ਹਰਿਆਣਾ 'ਚ ਸਭ ਤੋਂ ਉੱਚਾ ਵਪਾਰ ਰਿਹਾ ਹੈ। ਸੂਤਰਾਂ ਦਾ ਮੰਨਣਾ ਹੈ ਕਿ ਕਪਾਹ ਦੇ ਭਾਅ ਉੱਚਾ ਵਪਾਰ ਹੋਣ ਅਤੇ ਰੂੰ ਦੇ ਰੇਟ ਹੇਠਾਂ ਹੋਣ ਦੇ ਕਾਰਨ ਕਪਾਹ ਜਿੰਨਰਾਂ ਨੂੰ 100-250 ਰੁਪਏ ਮਣ ਦੀ ਡਿਸਪੈਰਿਟੀ ਹੋਣ ਦੀ ਸੂਚਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣਾ 'ਚ ਬਰਾਮਦਕਾਰਾਂ ਦੇ ਨਾਲ-ਨਾਲ ਦੱਖਣੀ ਸੂਬਿਆਂ ਦੀ ਲਗਾਤਾਰ ਰੂੰ ਮੰਗ ਬਣੀ ਹੋਈ ਹੈ, ਜਿਸ ਕਾਰਨ ਹੀ ਰੂੰ ਬਾਜ਼ਾਰ ਨੇ ਸਿਰ ਚੁੱਕਿਆ ਹੋਇਆ ਹੈ। ਰੂੰ ਦੀ ਤੇਜ਼ੀ ਨੇ ਮੰਦੜੀਆਂ ਨੂੰ ਨਿਰਾਸ਼ ਕੀਤਾ ਹੈ ਕਿਉਂਕਿ ਉਹ ਭਾਅ ਨੂੰ ਲੈ ਕੇ ਵੱਡੀ ਮੰਦੀ 'ਚ ਚੱਲ ਰਹੇ ਸਨ। ਰੂੰ ਮੰਦੜੀਆਂ ਦਾ ਮੰਨਣਾ ਹੈ ਕਿ ਦੱਖਣੀ ਸੂਬਿਆਂ ਦੀ ਮੰਗ ਦੀਵਾਲੀ ਤੋਂ ਬਾਅਦ ਚੁੱਪ ਹੋ ਜਾਵੇਗੀ, ਜਿਸ ਤੋਂ ਬਾਅਦ ਫਿਰ ਤੋਂ ਰੂੰ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ। ਰੂੰ ਬਾਜ਼ਾਰ 'ਚ ਧਨ ਦੀ ਵੱਡੀ ਤੰਗੀ ਦੇਖਣ ਨੂੰ ਮਿਲ ਰਹੀ ਹੈ। ਹਾਲ ਹੀ 'ਚ ਰੂੰ ਦੀਆਂ ਕੀਮਤਾਂ 100 ਰੁਪਏ ਮਣ ਵਧਣ ਨਾਲ ਜ਼ਿਆਦਾਤਰ ਕੱਤਈ ਮਿੱਲਾਂ ਦੀ ਮੰਗ ਕਮਜ਼ੋਰ ਪਈ ਹੈ।


Related News