ਡਿਜੀਟਲ ਲੈਣ-ਦੇਣ ਦੇ ਨਾਲ ਨਕਦੀ ਦੀ ਰਵਾਇਤ ਵੀ ਵਧੀ, 52 ਹਫਤਿਆਂ ਦੇ ਉੱਚ ਪੱਧਰ ’ਤੇ

Thursday, Feb 17, 2022 - 02:02 PM (IST)

ਡਿਜੀਟਲ ਲੈਣ-ਦੇਣ ਦੇ ਨਾਲ ਨਕਦੀ ਦੀ ਰਵਾਇਤ ਵੀ ਵਧੀ, 52 ਹਫਤਿਆਂ ਦੇ ਉੱਚ ਪੱਧਰ ’ਤੇ

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਬੀਤੇ ਕੁੱਝ ਸਾਲਾਂ ਤੋਂ ਦੇਸ਼ ’ਚ ਡਿਜੀਟਲ ਲੈਣ-ਦੇਣ ’ਚ ਵਾਧਾ ਹੋ ਰਿਹਾ ਹੈ। ਇਸ ਦੇ ਬਾਵਜੂਦ ਨਕਦੀ ਦੀ ਵਰਤੋਂ ਅੱਜ ਵੀ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਬੀਤੇ ਇਕ ਸਾਲ ’ਚ ਦੇਸ਼ ’ਚ ਨਕਦੀ ਦੀ ਰਵਾਇਤ ਨੇ ਨਵਾਂ ਰਿਕਾਰਡ ਬਣਾਇਆ ਹੈ। ਇਕ ਰਿਪੋਰਟ ਮੁਤਾਬਕ 11 ਫਰਵਰੀ ਨੂੰ ਦੇਸ਼ ’ਚ 30.5 ਕਰੋੜ ਰੁਪਏ ਦੀ ਨਕਦੀ ਰਵਾਇਤ ’ਚ ਸੀ ਜੋ 52 ਹਫਤਿਆਂ ਦਾ ਉੱਚ ਪੱਧਰ ਸੀ।

ਸਾਲਾਨਾ ਆਧਾਰ ’ਤੇ ਇਸ ’ਚ 8.2 ਫੀਸਦੀ ਦਾ ਵਾਧਾ ਰਿਹਾ ਹੈ। 4 ਅਗਸਤ 2021 ਨੂੰ ਦੇਸ਼ ’ਚ 29.6 ਲੱਖ ਕਰੋੜ ਰੁਪਏ ਦੀ ਨਕਦੀ ਰਵਾਇਤ ’ਚ ਸੀ ਜੋ ਹੁਣ ਵਧ ਕੇ 30.5 ਲੱਖ ਕਰੋੜ ਰੁਪਏ ’ਤੇ ਪਹੁੰਚ ਗਈ ਹੈ। ਬੀਤੇ 6 ਮਹੀਨਿਆਂ ’ਚ ਇਸ ’ਚ ਕਰੀਬ 1 ਲੱਖ ਕਰੋੜ ਰੁਪਏ ਜਾਂ 3 ਫੀਸਦੀ ਦਾ ਵਾਧਾ ਰਿਹਾ ਹੈ। ਉੱਥੇ ਹੀ 5 ਨਵੰਬਰ 2021 ਨੂੰ ਸਮਾਪਤ ਹੋਏ ਹਫਤੇ ਦੇ ਮੁਕਾਬਲੇ ਨਕਦੀ ਦੀ ਰਵਾਇਤ ’ਚ 9.2 ਫੀਸਦੀ ਦਾ ਵਾਧਾ ਰਿਹਾ ਹੈ। ਇਸ ਹਫਤੇ ’ਚ ਦੀਵਾਲੀ ਦਾ ਤਿਓਹਾਰ ਮਨਾਇਆ ਗਿਆ ਸੀ।

ਬੀਤੇ ਇਕ ਸਾਲ ’ਚ ਮੰਗ ਵਧਣ ਨਾਲ ਨਕਦੀ ਪ੍ਰਬੰਧਨ ਨਾਲ ਜੁੜੀਆਂ ਕੰਪਨੀਆਂ ਦਾ ਕਾਰੋਬਾਰ ਵੀ ਵਧਿਆ ਹੈ। ਅਜਿਹੀਆਂ ਕੰਪਨੀਆਂ ਦੇ ਗਾਹਕਾਂ ਦੀ ਗਿਣਤੀ ’ਚ 2 ਤੋਂ 3 ਗੁਣਾ ਦਾ ਵਾਧਾ ਦਰਜ ਕੀਤਾ ਗਿਆ ਹੈ। ਭੁਗਤਾਨ ਸੇਵਾਵਾਂ ਦੇਣ ਵਾਲੀ ਫਿਨੇ ਫੈਸਿਲੀਟੇਟਿਡ ਸੀ. ਐੱਮ. ਐੱਸ. ਟ੍ਰਾਂਜੈਕਸ਼ਨ ਨੇ ਵਿੱਤੀ ਸਾਲ 2021 ’ਚ 11,828 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਸੀ। ਉੱਥੇ ਹੀ ਕੰਪਨੀ ਵਿੱਤੀ ਸਾਲ 2022 ਦੇ ਪਹਿਲੇ 9 ਮਹੀਨਿਆਂ ’ਚ ਹੀ 15,000 ਕਰੋੜ ਰੁਪਏ ਤੋਂ ਵੱਧ ਦਾ ਲੈਣ-ਦੇਣ ਕਰ ਚੁੱਕੀ ਹੈ। ਇਸ ਤੋਂ ਇਲਾਵਾ ਕੰਪਨੀ ਦੇ ਗਾਹਕਾਂ ਦੀ ਗਿਣਤੀ ਵੀ ਤਿੰਨ ਗੁਣਾ ਵਧੀ ਹੈ।

2025 ਤੱਕ ਰਵਾਇਤ ’ਚ ਹੋਣਗੇ 41.5 ਲੱਖ ਕਰੋੜ

ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੀ ਇਕ ਰਿਪੋਰਟ ਮੁਤਾਬਕ ਦੇਸ਼ ’ਚ ਡਿਜੀਟਲ ਭੁਗਤਾਨ ਵਧਣ ਦੇ ਬਾਵਜੂਦ 2025 ਤੱਕ ਨਕਦੀ ਦੀ ਰਵਾਇਤ ’ਚ 10 ਫੀਸਦੀ ਦਾ ਵਾਧਾ ਹੋਵੇਗਾ। ਉਦੋਂ ਦੇਸ਼ ’ਚ 41.5 ਲੱਖ ਕਰੋੜ ਰੁਪਏ ਦੀ ਨਕਦੀ ਰਵਾਇਤ ’ਚ ਹੋਵੇਗੀ। ਕੋਟਕ ਮਹਿੰਦਰਾ ਬੈਂਕ ਦੇ ਇਕ ਅਨੁਮਾਨ ਮੁਤਾਬਕ 4 ਫਰਵਰੀ ਨੂੰ ਜੀ. ਡੀ. ਪੀ. ਦੀ 13.5 ਫੀਸਦੀ ਨਕਦੀ ਰਵਾਇਤ ’ਚ ਸੀ। ਇਹ ਮਾਰਚ 2020 ਦੇ 12.03 ਫੀਸਦੀ ਦੇ ਪੱਧਰ ਤੋਂ ਵੀ ਜ਼ਿਆਦਾ ਹੈ। ਮਾਰਚ 2021 ’ਚ ਦੇਸ਼ ’ਚ ਸਭ ਤੋਂ ਵੱਧ ਜੀ. ਡੀ. ਪੀ. ਦੀ 14.5 ਫੀਸਦੀ ਨਕਦੀ ਰਵਾਇਤ ’ਚ ਸੀ।

ਚੋਣਾਂ ਅਤੇ ਓਮੀਕ੍ਰੋਨ ਦਾ ਵੀ ਅਸਰ

ਬੈਂਕ ਆਫ ਬੜੌਦਾ ਦੇ ਮੁੱਖ ਅਰਥਸ਼ਾਸਤਰੀ ਮਦਨ ਸਬਨਵੀਸ ਦਾ ਕਹਿਣਾ ਹੈ ਕਿ ਇਹ ਰੁਝਾਨ ਦੇਖਿਆ ਗਿਆ ਹੈ ਕਿ ਨਕਦੀ ਦੀ ਰਵਾਇਤ ਵਧੀ ਹੈ। ਨਕਦੀ ਦਾ ਇਸਤੇਮਾਲ ਵਧਣ ’ਚ ਕੁੱਝ ਸੂਬਿਆਂ ’ਚ ਚੱਲ ਰਹੀਆਂ ਚੋਣਾਂ ਦਾ ਵੀ ਅੰਸ਼ਿਕ ਅਸਰ ਹੈ। ਇਸ ਤੋਂ ਇਲਾਵਾ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਦੀ ਵਧਦੀ ਇਨਫੈਕਸ਼ਨ ਨੂੰ ਦੇਖਦੇ ਹੋਏ ਲੋਕਾਂ ਨੇ ਵੱਧ ਤੋਂ ਵੱਧ ਨਕਦੀ ਆਪਣੇ ਕੋਲ ਜਮ੍ਹਾ ਕੀਤੀ ਹੈ। ਉਧਰ ਫਿਨੋ ਪੇਮੈਂਟਸ ਬੈਂਕ ਦੇ ਐੱਮ. ਡੀ. ਰਿਸ਼ੀ ਗੁਪਤਾ ਦਾ ਕਹਿਣਾ ਹੈ ਕਿ ਨਕਦੀ ਦੀ ਰਵਾਇਤ ਹੌਲੀ-ਹੌਲੀ ਵਧ ਰਹੀ ਹੈ, ਖਾਸ ਤੌਰ ’ਤੇ ਗ੍ਰਾਮੀਣ ਬਾਜ਼ਾਰਾਂ ’ਚ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੌਰਾਨ ਸਾਡਾ ਕਾਰੋਬਾਰ ਅਤੇ ਗਾਹਕ ਆਧਾਰ ਦੁੱਗਣਾ ਵਧਿਆ ਹੈ।


author

Harinder Kaur

Content Editor

Related News