ਦੀਵਾਲੀਆ ਕਾਨੂੰਨ ਨਾਲ ਬਾਂਡ ਬਾਜ਼ਾਰ ਨੂੰ ਮਜ਼ਬੂਤ ਬਣਾਉਣ ''ਚ ਮਿਲੇਗੀ ਮਦਦ : ਤਿਆਗੀ
Sunday, Aug 20, 2017 - 03:13 AM (IST)

ਮੁੰਬਈ- ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਦੇ ਚੇਅਰਮੈਨ ਅਜੈ ਤਿਆਗੀ ਨੇ ਅੱਜ ਉਮੀਦ ਪ੍ਰਗਟਾਈ ਕਿ ਦੀਵਾਲੀਆ ਅਤੇ ਸੋਧ ਅਸਮਰੱਥਾ ਕੋਡ (ਆਈ. ਬੀ. ਸੀ.) ਨਾਲ ਨਿਵੇਸ਼ਕਾਂ ਦਾ ਭਰੋਸਾ ਵਧਾਉਣ, ਬਾਂਡ ਬਾਜ਼ਾਰ ਨੂੰ ਮਜ਼ਬੂਤ ਬਣਾਉਣ 'ਚ ਮਦਦ ਅਤੇ ਕਾਰਪੋਰੇਟ ਬਾਂਡ ਬਾਜ਼ਾਰ 'ਚ ਫੰਡ ਪ੍ਰਵਾਹ ਵਧਾਉਣ ਲਈ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਵਿਸ਼ੇਸ਼ ਤੌਰ 'ਤੇ ਹੇਠਲੀ ਰੇਟਿੰਗ ਵਾਲੇ ਵਿੱਤੀ ਸਾਧਨਾਂ ਨੂੰ ਸਮਰਥਨ ਮਿਲਣ 'ਚ ਮਦਦ ਮਿਲੇਗੀ। ਦੀਵਾਲੀਆ ਅਤੇ ਸੋਧ ਅਸਮਰੱਥਾ ਕਾਨੂੰਨ ਨੂੰ ਬੈਂਕਾਂ ਦੇ ਫਸੇ ਕਰਜ਼ੇ ਦੇ ਸਮਾਂਬੱਧ ਹੱਲ ਲਈ ਪਾਸ ਕੀਤਾ ਗਿਆ ਹੈ। ਬੈਂਕਿੰਗ ਉਦਯੋਗ 'ਚ ਇਨ੍ਹੀਂ ਦਿਨੀਂ ਫਸੇ ਕਰਜ਼ੇ ਦੀ ਰਾਸ਼ੀ ਆਸਮਾਨ ਛੂਹ ਰਹੀ ਹੈ, ਜਿਸ ਨਾਲ ਕਾਰੋਬਾਰੀ ਮਾਹੌਲ ਪ੍ਰਭਾਵਿਤ ਹੋ ਰਿਹਾ ਹੈ।
ਭਾਰਤੀ ਉਦਯੋਗ ਕਨਫੈੱਡਰੇਸ਼ਨ (ਸੀ. ਆਈ. ਆਈ.) ਵੱਲੋਂ ਇੱਥੇ ਆਯੋਜਿਤ ਦੀਵਾਲੀਆ ਅਤੇ ਸੋਧ ਅਸਮਰੱਥਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਤਿਆਗੀ ਨੇ ਕਿਹਾ, ''ਨਿਵੇਸ਼ਕਾਂ ਦੇ ਲਿਹਾਜ਼ ਨਾਲ ਕਾਰਪੋਰੇਟ ਬਾਂਡ ਬਾਜ਼ਾਰ ਨੂੰ ਵਿਕਸਿਤ ਕਰਨ ਲਈ ਕਰਜ਼ਾ ਸੋਧ ਮਾਮਲੇ 'ਚ ਅਸਰਦਾਰ ਵਿਵਸਥਾ ਦਾ ਹੋਣਾ ਮਹੱਤਵਪੂਰਨ ਹੈ। ਕੰਪਨੀਆਂ ਦੇ ਅਜਿਹੇ ਬਾਂਡ ਜਿਨ੍ਹਾਂ ਦੀ ਰੇਟਿੰਗ ਘੱਟ ਹੈ ਅਤੇ ਉਨ੍ਹਾਂ 'ਚ ਡਿਫਾਲਟ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ, ਨਿਵੇਸ਼ਕ ਉਨ੍ਹਾਂ ਤੋਂ ਦੂਰ ਭੱਜਦੇ ਹਨ, ਇੱਥੋਂ ਤੱਕ ਕਿ ਨਿਵੇਸ਼ ਗ੍ਰੇਡ ਦੀ ਰੇਟਿੰਗ ਹੋਣ 'ਤੇ ਵੀ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਹੈ।''
ਸੇਬੀ ਦੇ ਚੇਅਰਮੈਨ ਨੇ ਕਿਹਾ, ''ਆਈ. ਬੀ. ਸੀ. ਕਾਨੂੰਨ ਦੇ ਸਫਲਤਾਪੂਰਵਕ ਲਾਗੂ ਹੋਣ ਨਾਲ ਨਿਵੇਸ਼ਕਾਂ ਦਾ ਭਰੋਸਾ ਵਧੇਗਾ। ਵਿਦੇਸ਼ੀ ਨਿਵੇਸ਼ਕਾਂ ਦਾ ਵੀ ਭਾਰਤੀ ਬਾਂਡ ਬਾਜ਼ਾਰ 'ਚ ਭਰੋਸਾ ਵਧੇਗਾ ਅਤੇ ਉਮੀਦ ਹੈ ਕਿ ਘੱਟ ਰੇਟਿੰਗ ਵਾਲੇ ਵਿੱਤੀ ਸਾਧਨਾਂ 'ਚ ਵੀ ਤਰਲਤਾ ਵਧੇਗੀ।